ਮਲਕਪੁਰ, 12 ਜੁਲਾਈ (ਰਵਿੰਦਰ ਸਿੰਘ ਖਿਆਲਾ)- ਸ਼ੂਟਰ ਪੈਰਾਡਾਈਜ ਸ਼ੂਟਿੰਗ ਰੇਂਜ ਮਾਨਸਾ ਵਿਖੇ ਅੰਤਰਰਾਜੀ ਸ਼ੂਟਿੰਗ ਮੁਕਾਬਲਿਆਂ ਦੇ ਦੂਸਰੇ ਦਿਨ ਵੀ ਦਿਲਚਸਪ ਮੁਕਾਬਲੇ ਹੋਏ ,ਜਿਸ ਦੌਰਾਨ ਆਈ. ਐਸ. ਐਸ. ਐਫ. ਸੀਨੀਅਰ ਦੇ ਪਿਸਟਲ ਮੁਕਾਬਲੇ ਚ ਗਗਨਦੀਪ ਸਿੰਘ 371(400),ਜੂਨੀਅਰ ਵਰਗ ਚ ਅਜਮੀਤ ਸਿੱਧੂ 359(400), ਅੰਕਾਂ ਨਾਲ ਅੱਗੇ ਚਲ ਰਹੇ ਹਨ,ਜਦੋ ਕਿ ਐਨ ਆਰ ਸੀਨੀਅਰ ਪਿਸਟਲ ਮੁਕਾਬਲੇ ਚ ਰਵਿੰਦਰ ਸਿੰਘ 350 (400) ਅੰਕਾਂ ਨਾਲ ਅਤੇ ਜੂਨੀਅਰ ਵਰਗ ਚ ਤਰੁਣ ਜੈਨ 356( 400) ਅੰਕਾਂ ਨਾਲ ਅੱਗੇ ਚਲ ਰਿਹਾ ਹੈ। ਉਪਨ ਸਾਈਟ ਰਾਇਫਲ ਯੂਥ ਵਰਗ ਚ ਅਰਸ਼ਦੀਪ ਸਿੰਘ 297(400) ਅੰਕਾਂ ਨਾਲ ਅੱਗੇ ਚਲ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਦੌਰਾਨ ਅੱਜ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆ ਡੀ. ਐਸ. ਪੀ. ਸਰਬਜੀਤ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ, ਉਨ੍ਹਾਂ ਕਿਹਾ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਦੂਰ ਕਰਨ ਲਈ ਖੇਡਾਂ ਦਾ ਵੱਡਾ ਰੋਲ ਹੈ, ਜਿਸ ਕਰਕੇ ਸਾਨੂੰ ਖੇਡਾਂ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਮਾਨਸਾ ਵਿਖੇ ਅਧੁਨਿਕ ਸ਼ੂਟਿੰਗ ਰੇਂਜ ਹੋਣ ਕਾਰਨ ਅਤੇ ਹਰ ਵਰ੍ਹੇ ਇਸ ਰੇਂਜ ਵਿੱਚ ਕਰਵਾਏ ਜਾਂਦੇ ਉਚ ਪਾਏ ਦੇ ਮੁਕਾਬਲਿਆਂ ਨਾਲ ਇਲਾਕੇ ਦੇ ਖਿਡਾਰੀਆਂ ਦੀ ਖੇਡ ਕਲਾਂ ਚ ਹੋਰ ਨਿਖਾਰ ਆਵੇਗਾ।ਸ਼ੂਟਿੰਗ ਰੇਂਜ ਦੇ ਕੋਚ ਮੀਤ ਦੇਸਵਾਲ ਨੇ
ਦੱਸਿਆ ਕਿ ਇਹਨਾਂ ਮੁਕਾਬਲਿਆਂ ਤਹਿਤ ਚੈਂਪੀਅਨ ਆਫ ਚੈਂਪੀਅਨ ਆਈ.ਐਸ.ਐਸ.ਐਫ. ਲਈ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਕ੍ਰਮਵਾਰ ਦਸ ਹਜਾਰ ਰੁਪਏ, ਪੰਜ ਹਜਾਰ ਅਤੇ ਦੋ ਹਜਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ । ਐਨ.ਆਰ. ਖਿਡਾਰੀਆਂ ਲਈ ਸੱਤ ਹਜਾਰ, ਤਿੰਨ ਹਜਾਰ ਅਤੇ ਇੱਕ ਹਜਾਰ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਨਕਦ ਇਨਾਮ ਦਿੱਤੇ ਜਾਣਗੇ, ਓਪਨ ਸਾਈਟ ਦੇ ਪਹਿਲੇ ਸਥਾਨ ਦੇ ਜੇਤੂ ਖਿਡਾਰੀ ਨੂੰ ਹੀ ਇੱਕ ਹਜਾਰ ਰੁਪਏ ਦਾ ਪਹਿਲਾ ਇਨਾਮ ਦਿੱਤਾ ਜਾਵੇਗਾ । ਸ਼੍ਰੀ ਦੇਸਵਾਲ ਨੇ ਦੱਸਿਆ ਕਿ ਅੰਤਿਮ ਦਿਨ ਚੈਂਪੀਅਨ ਆਫ ਚੈਂਪੀਅਨ ਲਈ ਏਅਰ ਪਿਸਟਲ/ਰਾਈਫਲ ਆਈ.ਐਸ.ਐਸ.ਐਫ., ਏਅਰ ਪਿਸਟਲ/ਰਾਈਫਲ ਐਨ.ਆਰ. ਵਰਗ ਦੇ ਮੁਕਾਬਲੇ ਹੋਣਗੇ।