ਰਾਸ਼ਟਰਪਤੀ ਨੇ ਸੰਸਦ ਦੇ ਦੋਹਾਂ ਸਦਨਾਂ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 20 ਜੂਨ- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ‘ਇਕ ਰਾਸ਼ਟਰ- ਇਕ ਚੋਣ’ ਦੀ ਵਿਵਸਥਾ ਲਿਆਂਦੀ ਜਾਵੇ ਜਿਸ ਨਾਲ ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ, ਦੇਸ਼ਵਾਸੀ ਲਾਭ ਪ੍ਰਾਪਤ ਕਰਨ ਸਕਣ। ਅਜਿਹੀ ਵਿਵਸਥਾ ਹੋਣ ਉੱਤੇ ਸਾਰੇ ਰਾਜਨੀਤਿਕ ਦਲ ਆਪਣੀ ਵਿਚਾਰਧਾਰਾ ਅਨੁਸਾਰ, ਵਿਕਾਸ ਅਤੇ ਲੋਕਾਂ ਦੀ ਭਲਾਈ ਦੇ ਕਾਰਜਾਂ ਵਿੱਚ ਆਪਣੀ ਊਰਜਾ ਦਾ ਹੋਰ ਜ਼ਿਆਦਾ ਉਪਯੋਗ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ 150 ਵੀਂ ਜੈਯੰਤੀ ‘ਤੇ ਇਸ ਸਾਲ ਦੁਨੀਆਂ ਭਰ ਵਿੱਚ ਆਯੋਜਿਤ ਪ੍ਰੋਗਰਾਮਾਂ ਨਾਲ ਭਾਰਤ ਦੀ ਵਿਚਾਰਕ ਅਗਵਾਈ ਨੂੰ ਉਤਸ਼ਾਹ ਮਿਲੇਗਾ। ਇਸੇ ਤਰ੍ਹਾਂ, ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਪ੍ਰੋਗਰਾਮਾਂ ਨਾਲ ਵੀ ਭਾਰਤ ਦੇ ਅਧਿਆਤਮਿਕ ਗਿਆਨ ਦੀ ਰੋਸ਼ਨੀ ਸਾਰੀ ਦੁਨੀਆ ਵਿੱਚ ਫੈਲ ਜਾਵੇਗੀ। ਇਸ ਮੌਕੇ ਰਾਸ਼ਟਰਪਤੀ ਨੇ ਆਪਣੇ ਸੰਬੋਧਨ ‘ਚ ਮੁੜ ਬਣੀ ਮੋਦੀ ਸਰਕਾਰ ਦੇ ਏਜੰਡੇ ਨੂੰ ਦੇਸ਼ ਦੇ ਸਾਹਮਣੇ ਰੱਖਿਆ ਅਤੇ ਸਰਕਾਰ ਕਿਸ ਤਰ੍ਹਾਂ ਨਿਊ ਇੰਡੀਆ ਦੀ ਨੀਂਹ ਰੱਖ ਰਹੀ ਹੈ ਇਸ ਨੂੰ ਵੀ ਦੱਸਿਆ। ਇਸ ਦੌਰਾਨ ਸਦਨ ‘ਚ ਲੋਕ ਸਭਾ, ਰਾਜ ਸਭਾ ਦੇ ਸਾਰੇ ਸੰਸਦ ਮੈਂਬਰ ਮੈਂਬਰ ਮੌਜੂਦ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਵਿਕਾਸ, ਨੀਤੀ ਸਮੇਤ ਕਈ ਵੱਡੇ ਮੁੱਦਿਆਂ ਦਾ ਜ਼ਿਕਰ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਨਵੀਂ ਸਰਕਾਰ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ 61 ਕਰੋੜ ਵੋਟਰਾਂ ਨੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਅਤੇ ਦੇਸ਼ ਦਾ ਮਾਨ ਵਧਾਇਆ ਹੈ। ਚੋਣਾਂ ‘ਚ ਔਰਤਾਂ ਦੀ ਹਿੱਸੇਦਾਰੀ ਵੀ ਪੁਰਸ਼ਾਂ ਦੇ ਬਰਾਬਰ ਰਹੀ ਹੈ। ਰਾਸ਼ਟਰਪਤੀ ਨੇ ਲੋਕ ਸਭਾ ਦੇ ਨਵੇਂ ਸਪੀਕਰ ਓਮ ਬਿਰਲਾ ਨੂੰ ਵੀ ਵਧਾਈ ਦਿੱਤੀ। ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਸ ਵਾਰ 78 ਮਹਿਲਾ ਸੰਸਦ ਮੈਂਬਰਾਂ ਨੂੰ ਚੁਣਿਆ ਜਾਣਾ ਨਵੇਂ ਭਾਰਤ ਦੀ ਤਸਵੀਰ ਪੇਸ਼ ਕਰਦਾ ਹੈ। ਭਾਰਤ ਦੀ ਤਬਦੀਲੀ ਇਸ ਸੈਸ਼ਨ ‘ਚ ਦਿੱਸ ਰਹੀ ਹੈ, ਕਿਉਂਕਿ ਇਸ ਵਾਰ ਕਈ ਖੇਤਰਾਂ ਤੋਂ ਮੈਂਬਰ ਚੁਣ ਕੇ ਆਏ ਹਨ। ਖੇਡ, ਸਿੱਖਿਆ, ਵਕਾਲਤ, ਫਿਲਮ, ਸਮਾਜ ਸੇਵਾ ਹਰ ਖੇਤਰ ਤੋਂ ਆਏ ਲੋਕ ਇੱਥੇ ਮੌਜੂਦ ਹਨ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਮੂਲਭੂਤ ਸਹੂਲਤਾਂ ਲਈ ਵੀ ਲੰਬੇ ਸਮੇਂ ਤੱਕ ਇੰਤਜ਼ਾਰ ਕੀਤਾ ਪਰ ਹੁਣ ਸਥਿਤੀਆਂ ਬਦਲ ਰਹੀਆਂ ਹਨ। ਦੇਸ਼ ਦੇ ਹਰ ਵਿਅਕਤੀ ਨੂੰ ਮਜ਼ਬੂਤ ਕਰਨਾ ਮੇਰੀ ਸਰਕਾਰ ਦਾ ਮਕਸਦ ਹੈ। ਸਾਲ 2022 ਵਿੱਚ ਆਜ਼ਾਦੀ ਦੇ 75ਵੇਂ ਸਾਲ ‘ਚ ਹੁਣ ਨਵੇਂ ਭਾਰਤ ਦੇ ਕਈ ਟੀਚੇ ਹਾਸਲ ਕਰ ਚੁਕੇ ਹੋਵਾਂਗੇ। ਕੋਵਿੰਦ ਨੇ ਜਲ ਸੰਕਟ ਨੂੰ 21ਵੀਂ ਸਦੀ ਦੀ ਸਭ ਤੋਂ ਵੱਡੀ ਸਮੱਸਿਆ ਦੱਸਦੇ ਹੋਏ ਕਿਹਾ ਕਿ ਜਲ ਸਰੋਤ ਸੁੱਕ ਰਹੇ ਹਨ ਅਤੇ ਇਹ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਦੇਸ਼ ਵਾਸੀ ਸਵੱਛ ਭਾਰਤ ਦੀ ਤਰ੍ਹਾਂ ਜਲ ਪ੍ਰੰਬਧਨ ਨੂੰ ਲੈ ਕੇ ਵੀ ਦਿਖਾਉਣ। ਸਰਕਾਰ ਨੇ ਨਵੇਂ ਜਲ ਸ਼ਕਤੀ ਮੰਤਰਾਲੇ ਦਾ ਗਠਨ ਕੀਤਾ ਹੈ। ਮੇਰੀ ਸਰਕਾਰ ਸੋਕੇ ਦੀ ਲਪੇਟ ‘ਚ ਹਰ ਖੇਤਰ ਬਾਰੇ ਸਾਵਧਾਨ ਹੈ। ਕਿਸਾਨ ਸਨਮਾਨ ਫੰਡ ‘ਤੇ ਹਰ ਸਾਲ 90 ਹਜ਼ਾਰ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਖੇਤੀ ਪੈਦਾਵਾਰ ਅਤੇ ਪੇਂਡੂ ਭੰਡਾਰਨ ਦੀ ਸਹੂਲਤ ਦਿੱਤੀ ਜਾਵੇਗੀ। ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਕਿਸਾਨ ਉਤਪਾਦਕ ਸੰਘ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਰਾਮਨਾਥ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸੁਸ਼ਾਸਨ ਯਕੀਨੀ ਕਰਨ ਨਾਲ ਭ੍ਰਿਸ਼ਟਾਚਾਰ ਘੱਟ ਹੁੰਦਾ ਹੈ ਅਤੇ ਮੇਰੀ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਵੱਲ ਵਿਆਪਕ ਬਣੇਗੀ। ਉਨ੍ਹਾਂ ਨੇ ਤਿੰਨ ਤਲਾਕ ਪ੍ਰਥਾ ਦਾ ਜ਼ਿਕਰ ਕਰਦੇ ਹੋਏ ਕਿਹਾ,’ਦੇਸ਼ ‘ਚ ਹਰ ਭੈਣ-ਬੇਟੀ ਲਈ ਸਾਮਾਨ ਅਧਿਕਾਰ ਯਕੀਨੀ ਕਰਨ ਲਈ ‘ਤਿੰਨ ਤਲਾਕ’ ਅਤੇ ‘ਨਿਕਾਹ-ਹਲਾਲਾ’ ਵਰਗੀਆਂ ਪ੍ਰਥਾਵਾਂ ਦਾ ਖਾਤਮਾ ਜ਼ਰੂਰੀ ਹੈ। ਮੈਂ ਸਾਰੇ ਮੈਂਬਰਾਂ ਨੂੰ ਅਪੀਲ ਕਰਾਂਗਾ ਕਿ ਸਾਡੀਆਂ ਭੈਣਾਂ ਅਤੇ ਬੇਟੀਆਂ ਦੇ ਜੀਵਨ ਨੂੰ ਹੋਰ ਵੱਧ ਸਨਮਾਨਜਨਕ ਅਤੇ ਬਿਹਤਰ ਬਣਾਉਣ ਲਈ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ‘ਚ ਸਹਿਯੋਗ ਕਰਨ।