May 28, 2026 1:59 am

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵੱਲੋਂ ਐਸ.ਜੀ.ਪੀ.ਸੀ. ਨਾਲ ਮਿਲ ਕੇ ਸਮਾਗਮਾਂ ਸਬੰਧੀ ਬੈਠਕ

ਚੰਡੀਗੜ੍ਹ, 20 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਾਸਤੇ ਸਾਂਝੇ ਮੰਚ ਲਈ ਸੂਬਾ ਸਰਕਾਰ ਦੀ ਮਦਦ ਕਰਨ ਲਈ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਤੱਕ ਪਹੁੰਚ ਕਰਨ ਲਈ ਮੰਤਰੀਆਂ ਦੇ ਸਮੂਹ (ਜੀ.ਓ.ਐਮ.) ਨੂੰ ਆਖਿਆ ਹੈ। ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਲੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ, ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦੇ ਸੰਦੇਸ਼ ਦੀ ਤਰਜ ‘ਤੇ ਇਸ ਮਹਾਨ ਸਮਾਰੋਹ ਨੂੰ ਮਨਾਉਣ ਲਈ ਐਸ.ਜੀ.ਪੀ.ਸੀ ਅਤੇ ਹੋਰ ਧਾਰਮਿਕ ਸੰਗਠਨਾਂ ਦੀ ਸ਼ਮੂਲੀਅਤ ਵਿੱਚ ਉਤਸੁਕਤਾ ਦਿਖਾਈ ਹੈ। ਮੁੱਖ ਮੰਤਰੀ ਨੇ ਇਸ ਇਤਿਹਾਸਕ ਸਮਾਰੋਹ ਨੂੰ ਅਸਰਦਾਰ ਢੰਗ ਨਾਲ ਆਯੋਜਿਤ ਕਰਨ ਵਾਸਤੇ ਖੁਲ੍ਹੇ ਦਿਲੋਂ ਸਮਰਥਨ, ਸਹਿਯੋਗ ਅਤੇ ਮਾਰਗ ਦਰਸ਼ਨ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਨੂੰ ਰਸਮੀ ਸੱਦਾ ਦੇਣ ਵਾਸਤੇ ਵੀ ਮੰਤਰੀਆਂ ਦੇ ਸਮੂਹ ਨੂੰ ਆਖਿਆ ਹੈ। ਗੌਰਤਲਬ ਹੈ ਕਿ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਆਧਾਰਤ ਮੰਤਰੀਆਂ ਦੇ ਸਮੂਹ ਦਾ ਪਹਿਲਾਂ ਹੀ ਗਠਨ ਕੀਤਾ ਹੋਇਆ ਹੈ। ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਵਿਕਾਸ ਪ੍ਰੋਜੈਕਟਾਂ ਅਤੇ ਸਕੀਮਾਂ ਦੀ ਪ੍ਰਗਤੀ ‘ਤੇ ਰੋਜ਼ਮਰਾ ਦੇ ਆਧਾਰ ‘ਤੇ ਜਾਇਜ਼ਾ ਲੈਣ ਦਾ ਕਾਰਜ ਸੌਂਪਿਆ ਗਿਆ ਹੈ। ਮੁੱਖ ਮੰਤਰੀ ਨੇ ਐਸ.ਜੀ.ਪੀ.ਸੀ. ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕਰਕੇ 10 ਦਿਨ (5 ਨਵੰਬਰ ਤੋਂ 15 ਨਵੰਬਰ, 2019) ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਮੰਤਰੀਆਂ ਦੇ ਸਮੂਹ ਨੂੰ ਆਖਿਆ ਹੈ।

Send this to a friend