ਟਰੱਕ ‘ਚ ਸਵਾਰ ਦੋਸ਼ੀ ਦਿੱਲੀ ਤੋਂ ਜੰੰਮੂ ਕਸ਼ਮੀਰ ਜਾ ਰਹੇ ਸਨ : ਡੀਐਸਪੀ ਅਸ਼ੋਕ ਕੁਮਾਰ
ਰਾਜਪੁਰਾ, 20 ਜੂਨ (ਦਇਆ ਸਿੰਘ)- ਥਾਣਾ ਸ਼ੰਭੂ ਦੀ ਪੁਲਿਸ ਨੇ ਜਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਵਿਰੁੱਧ ਅਰੰਭੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇਕ ਟਰੱਕ ਵਿਚੋਂ 1400 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕਰਕੇ ਟਰੱਕ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ. ਘਨੌਰ ਅਸ਼ੋਕ ਕੁਮਾਰ ਨੇ ਸਥਾਨਕ ਮਿੰਨੀ ਸਕੱਤਰੇਤ ਵਿਖੇ ਦੱਸਿਆ ਕਿ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ਵਿਚ ਵੱਡੀ ਪੱਧਰ ਤੇ ਨਸ਼ੀਲੇ ਪਦਾਰਥ ਪੰਜਾਬ ਵਿਚ ਲਿਆਂਦੇ ਜਾ ਰਹੇ ਹਨ।ਜਿਸ ਤੇ ਥਾਣਾ ਮੁਖੀ ਸ਼ੰਭੂ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ‘ਚ ਸਹਾਇਕ ਥਾਣੇਦਾਰ ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਕੌਮੀ ਸ਼ਾਹ ਮਾਰਗ ਨੰਬਰ 1 ਤੇ ਪਿੰਡ ਡਾਹਰੀਆਂ ਦੇ ਮੋੜ ਤੇ ਨਾਕਾਬੰਦੀ ਕਰ ਲਈ।ਜਿਸ ਤੇ ਨਾਕਾਬੰਦੀ ਦੋਰਾਨ ਅੰਬਾਲਾ ਵੱਲੋਂ ਆਏ ਉਕਤ ਟਰੱਕ ਨੂੰ ਰੋਕ ਕੇ ਜਦੋਂ ਤਲਾਸ਼ੀ ਕੀਤੀ ਤਾਂ ਟਰੱਕ ਵਿਚੋਂ 1400 ਨਸ਼ੀਲੀਆਂ ਦਵਾਈ ਦੀਆਂ ਸ਼ੀਸ਼ੀਆਂ ਬਰਾਮਦ ਹੋਈਆਂ। ਪੁਲਿਸ ਨੇ ਤਰੰਤ ਕਾਰਵਾਈ ਕਰਦਿਆਂ ਟਰੱਕ ਸਵਾਰ ਫਿਆਜ਼ ਅਹਿਮਦ ਇਟੂ ਵਾਸੀ ਪਿੰਡ ਅਰਬਲ ਥਾਣਾ ਬਨਿਹਾਲ ਜਿਲ੍ਹਾ ਰਾਮਬਨ ਜੰਮੂ ਕਸ਼ਮੀਰ ਅਤੇ ਅਬਦੁਲ ਗਨੀ ਵਾਸੀ ਪਿੰਡ ਤੈਤਰਾ ਪੋਰਾ ਜਿਲ੍ਹਾ ਰਾਮਬਨ ਜੰਮੂ ਕਸ਼ਮੀਰ ਖ਼ਿਲਾਫ਼ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਨੇ ਇਹ ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਜੰਮੂ ਕਸ਼ਮੀਰ ਲੈ ਕੇ ਜਾਣੀਆਂ ਸਨ।ਤਸਕਰਾਂ ਨੂੰ ਅਦਾਲਤ ਵਿਚ ਅੱਜ ਪੇਸ਼ ਕੀਤਾ ਜਾਵੇਗਾ ਤੇ ਉਹਨਾਂ ਤੌਂ ਨਸ਼ਾ ਤਸਕਰੀ ਨਾਲ ਸਬੰਧਤ ਹੋਰ ਖੁਲਾਸੇ ਹੋ ਸਕਦੇ ਹਨ।