May 28, 2026 1:59 am

ਡਾ: ਓਬਰਾਏ ਵੱਲੋਂ ਕੀਤਾ ਪਰਉਪਕਾਰ ਹਮੇਸ਼ਾ ਯਾਦ ਰਹੇਗਾ : ਪੀੜ੍ਹਤ ਪਰਿਵਾਰ

ਅੰਮ੍ਰਿਤਸਰ, 20 (ਰਾਜੇਸ਼ ਡੈਨੀ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ ‘ਚ ਮੌਤ ਦੇ ਮੂੰਹ ਜਾ ਪਿਆ ਸੀ, ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਅੱਜ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਮਾਧੋ ਨਾਲ ਸੰਬੰਧਿਤ ਮ੍ਰਿਤਕ ਜਸਕਰਨ ਹਾਲੇ ਸਾਲ ਪਹਿਲਾਂ ਹੀ ਮਜਦੂਰੀ ਕਰਨ ਲਈ ਮਸਕਟ ਗਿਆ ਸੀ। ਮਸਕਟ ਜਾਣ ਤੋਂ ਕੁਝ ਸਮਾਂ ਬਾਅਦ ਜਸਕਰਨ ਨੇ ਟਰਾਲਾ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਮਸਕਟ ਤੋਂ ਦੁਬਈ ਲਈ ਸਾਮਾਨ ਦੀ ਢੋਆ ਢੁਆਈ ਕਰਦਾ ਸੀ ਕਿ ਅਚਾਨਕ ਬੀਤੀ 10 ਜੂਨ ਦੀ ਰਾਤ ਨੂੰ ਜਦ ਉਹ ਦੁਬਈ ਤੋਂ ਸੀਮਿੰਟ ਲੈ ਕੇ ਮਸਕਟ ਜਾ ਰਿਹਾ ਸੀ ਕਿ ਉਸ ਦਾ ਟਰਾਲਾ ਹਾਦਸਾਗ੍ਰਸਤ ਹੋ ਗਿਆ।ਇਹ ਹਾਦਸਾ ਏਨਾ ਦਰਦਨਾਕ ਸੀ ਕਿ ਹਾਦਸੇ ਤੋਂ ਥੋੜ੍ਹੇ ਸਮੇਂ ਬਾਅਦ ਹੀ ਭਾਵ 11 ਜੂਨ ਨੂੰ ਦੁਬਈ ਵਿਖੇ ਹੀ ਉਸਦੀ ਮੌਤ ਹੋ ਗਈ।ਜਦ ਭਾਰਤ ਰਹਿੰਦੇ ਉਸਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਦੁਬਈ ਰਹਿੰਦੇ ਉਸਦੇ ਦੋਸਤ ਨੂੰ ਗੁਰਭੇਜ ਸਿੰਘ ਦੀ ਮੌਤ ਦੇ ਆਏ ਸੁਨੇਹੇ ਤੋਂ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਮਜਬੂਰੀ ਦਾ ਵਾਸਤਾ ਪਾਉਂਦਿਆਂ ਟਰੱਸਟ ਦੇ ਸਰਪ੍ਰਸਤ ਡਾ: ਓਬਰਾਏ ਨਾਲ ਸੰਪਰਕ ਕਰਕੇ ਜਸਕਰਨ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ, ਜਿਸਤੇ ਕਾਰਵਾਈ ਕਰਦਿਆਂ ਡਾ: ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ।ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਸੁਖਦੀਪ ਸਿੱਧੂ,ਮਨਪ੍ਰੀਤ ਸਿੰਘ ਸੰਧੂ, ਸਿਸ਼ਪਾਲ ਸਿੰਘ ਲਾਡੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਉਕਤ ਮ੍ਰਿਤਕ ਲੜਕੇ ਸਮੇਤ ਟਰੱਸਟ ਵਲੋਂ ਹੁਣ ਤੱਕ 118 ਬਦਨਸੀਬ ਨੌਜੁਆਨ ਮੁੰਡੇ ਕੁੜੀਆਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਜਸਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੋਂ ਇਲਾਵਾ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜਿਕਰਯੋਗ ਭੂਮਿਕਾ ਨਿਭਾਈ ਹੈ।ਇਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮ੍ਰਿਤਕ ਨੌਜੁਆਨ ਦੇ ਦੋਸਤ ਮਨਦੀਪ ਸਿੰਘ ਤੋਂ ਇਲਾਵਾ ਉਸਦਾ ਚਾਚਾ ਨਛੱਤਰ ਸਿੰਘ ,ਗੁਰਦੀਪ ਸਿੰਘ ,ਭਰਾ ਮਨਜਿੰਦਰ ਸਿੰਘ,ਜਸਪਾਲ ਸਿੰਘ,ਜਤਿੰਦਰ,ਤਰਨ ਆਦਿ ਪਰਿਵਾਰਕ ਮੈਂਬਰਾਂ ਨੇ ਸ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਇਨਸਾਨ ਦੇਖਿਆ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਵੱਡੀ ਤੋਂ ਵੱਡੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਉਨ੍ਹਾਂ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡਾ: ਓਬਰਾਏ ਦੇ ਇਸ ਪਰਉਪਕਾਰ ਲਈ ਸਾਰੀ ਜਿੰਦਗੀ ਰਿਣੀ ਰਹੇਗਾ

Send this to a friend