ਬਠਿੰਡਾ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗਰੀਬ ਪਰਿਵਾਰਾਂ ਤੱਕ ਅੰਨ੍ਹ ਪਹੁੰਚਦਾ ਕਰਨ ਲਈ ਵੰਡ ਪ੍ਰਣਾਲੀ ਮਜਬੂਤ ਕਰਨ ਤੇ ਹੋਰ ਜ਼ਮੀਨੀ ਮੁਸ਼ਕਿਲਾਂ ਅਗੇਤੀਆਂ ਦੂਰ ਕਰਨ ਦੀ ਥਾਂ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ. ਸਰਕਾਰ ਵੱਲੋਂ ਅਗਾਮੀ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਫੂਡ ਸੁਰੱਿਖਆ ਆਰਡੀਨੈਂਸ ਲਿਆਉਣਾ ਚੋਣ ਸ਼ੋਸ਼ੇ ਤੋਂ ਬਿਨਾਂ ਕੁਝ ਵੀ ਨਹੀਂ।

ਅਗਸਤ ਦੇ ਪਹਿਲੇ ਹਫਤੇ ਸ਼ੁਰੂ ਹੋਣ ਜਾ ਰਹੇ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ‘ਚ ਮੁਲਕ ਅੰਦਰ ਅੰਤਾਂ ਦੀ ਮਹਿੰਗਾਈ, ਕੇਂਦਰ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਨਾਲ-ਨਾਲ ਫੂਡ ਸਕਿਊਰਟੀ ਆਰਡੀਨੈਂਸ ਦਾ ਅਹਿਮ ਮੁੱਦਾ ਜ਼ੋਰ ਨਾਲ ਉਠਾਉਣ ਦਾ ਐਲਾਨ ਕਰਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਗਰੀਬ ਲੋਕਾਂ ਤੱਕ ਅੰਨ੍ਹ ਪਹੁੰਚਣਾ ਬਹੁਤ ਜ਼ਰੂਰੀ ਹੈ ਪਰ ਕੇਂਦਰ ਸਰਕਾਰ ਨੂੰ ਚੋਣਾਂ ਤੋਂ ਪਰਿਲਾਂ ਅਜਿਹਾ ਆਰਡੀਨੈਂਸ ਲਿਆਉਣ ਦੀ ਥਾਂ ਪਹਿਲਾਂ ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਨ, ਅਨਾਜ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਉਣ ਅਤੇ ਹੋਰ ਬੁਨਿਆਦੀ ਕਦਮ ਚੁੱਕਣ ਦੀ ਜ਼ਰੂਰਤ ਸੀ। ਮੈਂਬਰ ਪਾਰਲੀਮੈਂਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਪੱਖ ਵਿੱਚ ਲੋਂੜੀਂਦੇ ਕਦਮ ਚੁੱਕਣ ਦੀ ਥਾਂ ਝੂਠੇ ਵਾਅਦਿਆਂ ਤੇ ਬਿਆਨਾ ਜ਼ਰੀਏ ਲੋਕਾਂ ਨੂੰ ਭਰਮਾਉਣ ਵਾਲੀਆਂ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਸੁਚੇਤ ਰਹਿਣ। ਇਹ ਗੱਲ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੋਟਫੱਤਾ ਮੰਡੀ ਵਿਖੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਲਈ ਰੱਖੇ ਸਮਾਗਮ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਖੀ। ਅੱਜ ਮੈਂਬਰ ਪਾਰਲੀਮੈਂਟ ਵੱਲੋਂ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਅਤੇ ਗਹਿਰੀਭਾਗੀ ਵਿਖੇ ਨੰਨ੍ਹੀ ਛਾਂ ਮੁਹਿੰਮ ਤਹਿਤ ਚੱਲ ਰਹੇ ਸਿਲਾਈ ਸੈਂਟਰਾਂ ਤੋਂ ਟ੍ਰੇਨਿੰਗ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਅਤੇ ਲੋਕਾਂ ਨੂੰ ਲਗਾਉਣ ਲਈ ਪੌਦੇ ਵੰਡੇ ਗਏ। ਮੈਂਬਰ ਪਾਰਲੀਮੈਂਟ ਵੱਲੋਂ ਪਿੰਡ ਗਹਿਰੀ ਭਾਗੀ ਦੇ ਨਿਕਾਸੀ ਪਾਣੀ ਦੇ ਕੰਮ ਨੂੰ ਮੁਕੰਮਲ ਕਰਨ ਲਈ 12 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਸ੍ਰੀ ਦਰਸ਼ਨ ਸਿੰਘ ਕੋਟਫੱਤਾ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਰਵਚਰਨ ਸਿੰਘ ਬਰਾੜ, ਐਸ.ਡੀ.ਐਮ ਬਠਿੰਡਾ ਸ੍ਰੀ ਦਮਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ.ਓਮ ਪ੍ਰਕਾਸ਼ ਸ਼ਰਮਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਕੱਲੇ ਪੰਜਾਬ ਅੰਦਰ ਹੀ ਕਰੋੜਾਂ ਦਾ ਅਨਾਜ ਗੋਦਾਮਾਂ ਵਿੱਚ ਸੜ ਜਾਂਦਾ ਹੈ ਪਰ ਕੇਂਦਰ ਵੱਲੋਂ ਇਸਦੀ ਸਮੇਂ ਸਿਰ ਚੁਕਾਈ ਨਹੀਂ ਕਰਵਾਈ ਜਾਂਦੀ ਅਤੇ 20 ਫੀਸਦੀ ਤੋਂ ਵਧੇਰੇ ਅਨਾਜ ਦਾ ਨੁਕਸਾਨ ਵੰਡ ਦੌਰਾਨ ਹੁੰਦਾ ਹੈ। ਬੀਬੀ ਬਾਦਲ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ 2009 ਦੇ ਚੋਣ ਮੈਨੀਫੈਸਟੋ ਵਿੱਚ ਫੂਡ ਸਕਿਉਰਟੀ ਬਿਲ ਲਿਆਉਣ ਦਾ ਵਾਅਦਾ ਕੀਤਾ ਸੀ ਕਿ ਪਰ ਇਨੇ ਸਾਲਾ ਵਿੱਚ ਲੋਕਾਂ ਤੱਕ ਅੰਨ ੍ਹ ਪਹੁੰਚਦਾ ਕਰਨ ਦਾ ਬੁਨਿਆਦੀ ਢਾਂਚਾ ਸਿਰਜਣ ‘ਚ ਅਸਫਲ ਰਹੀ ਕੇਂਦਰ ਸਰਕਾਰ ਨੇ ਪਾਰਲੀਮਾਨੀ ਚੋਣਾਂ ਤੋਂ ਐਨ ਪਹਿਲਾਂ ਕੇਵਲ ਲੋਕਾਂ ਨੂੰ ਭਰਮਾਉਣ ਲਈ ਅਜਿਹਾ ਆਰਡੀਨੈਂਸ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਮੁਲਕ ਨਾਲ ਜੁੜੇ ਇਸ ਮਸਲੇ ਸਬੰਧੀ ਕੇਂਦਰ ਨੇ ਲੁਕਵੇਂ ਤਰੀਕੇ ਨਾਲ ਆਰਡੀਨੈਂਸ ਲਿਆ ਕੇ ਇਕ ਤਰੀਕੇ ਨਾਲ ਲੋਕਤੰਤਰੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਕੇਂਦਰ ਸਰਕਾਰ ਐਕਟ ਤੇ ਐਕਟ ਲਿਆ ਰਹੀ ਹੈ ਪਰ ਅਸਲ ਵਿੱਚ ਜ਼ਰੂਰਤ ਹੈ ਕਿ ਪਹਿਲਾਂ ਬਣੇ ਕਾਨੂੰਨਾਂ ਨੂੰ ਹੀ ਅਸਲੀ ਅਰਥਾਂ ਵਿੱਚ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਕੇਂਦਰ ਨੇ ਕਿੰਨੇ ਹੀ ਐਲਾਨ ਕੀਤੇ ਪਰ ਅੱਜ ਤੱਕ ਕੇਂਦਰ ਸਰਕਾਰ ਤੇ ਕਾਂਗਰਸ ਦੀ ਦਿੱਲੀ ਸਰਕਾਰ ਵੱਲੋਂ ਇਕੱਲੀ ਰਾਜਧਾਨੀ ਵਿੱਚ ਹਾਲਾਤਾਂ ਵਿੱਚ ਸੁਧਾਰ ਨਹੀਂ ਲਿਆਂਦਾ ਜਾ ਸਕਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੁਲਕ ਅੰਦਰ ਔਰਤਾਂ ਲਈ ਸੁਰੱਖਿਅਤ ਮਾਹੌਲ ਸਿਰਜਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਬਿਹਾਰ ‘ਚ ਮਿਡ-ਡੇ-ਮੀਲ ਕਾਰਨ 22 ਬੱਚਿਆਂ ਦੀ ਮੌਤ ਹੋਣ ਅਤੇ ਵੱਡੀ ਗਿਣਤੀ ਬੱਚਿਆਂ ਦੇ ਇਸ ਖਾਣੇ ਨਾਲ ਪ੍ਰਭਾਵਤ ਹੋਣ ‘ਤੇ ਮੈਂਬਰ ਪਾਰਲੀਮੈਂਟ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਰਾਜਾਂ ਨੂੰ ਪ੍ਰਣਾਲੀ ਵਿੱਚ ਵੱਡੀ ਪੱਧਰ ਉੱਪਰ ਸੁਧਾਰ ਲਿਆਉਣ ਅਤੇ ਨਿਗਰਾਨੀ ਵਧਾਉਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਦਰਦਨਾਕ ਘਟਨਾ ਨਾ ਵਾਪਰੇ।
ਕੇਂਦਰ ਦਾ ਖੁਰਾਕ ਸੁਰੱਖਿਆ ਆਰਡੀਨੈਂਸ ਚੋਣ ਸ਼ੋਸ਼ੇ ਤੋਂ ਬਿਨਾਂ ਕੁਝ ਵੀ ਨਹੀਂ : ਹਰਸਿਮਰਤ



