ਅੰਮ੍ਰਿਤਸਰ, 26 ਅਪ੍ਰੈਲ (ਵਿਸ਼ਵ ਵਾਰਤਾ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਉਮੀਦਵਾਰ ਅਰੁਣ ਜੇਤਲੀ ਨੂੰ ਦੱਸਣ ਲਈ ਕਿਹਾ ਕਿ ਕਿਉਂ ਅਕਾਲੀ ਭਾਜਪਾ ਸਰਕਾਰ ਨੇ ਪ੍ਰਾਪਰਟੀ ਟੈਕਸ ਲਾਗੂ ਕਰਨ ਬਾਰੇ 2013 ’ਚ ਫੈਸਲਾ ਲੈਣ ਦੀ ਲੋੜ ਪਈ, ਜੇ ਉਨ੍ਹਾਂ ਨੇ ਇਸ ਨੂੰ ਲਾਗੂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਜੇਤਲੀ ਪੂਰੀ ਤਰ੍ਹਾਂ ਝੂਠੇ ਦਾਅਵੇ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਜੇਤਲੀ ਸਿਰਫ ਪੰਜਾਬ ਸਰਕਾਰ ਤੇ ਕੇਂਦਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਦੀ ਅਫਸਰਸ਼ਾਹੀ ਵਿਚਾਲੇ ਹੋਈ ਗੱਲਬਾਤ ਬਾਰੇ ਗੱਲ ਕਰ ਰਹੇ ਹਨ। ਜਿਸ ਚਿੱਠੀ ’ਤੇ ਉਹ ਮੁੱਖ ਮੰਤਰੀ ਵੱਲੋਂ ਦਸਤਖਤ ਕਰਨ ਦੀ ਗੱਲ ਕਹਿ ਰਹੇ ਹਨ, ਅਸਲ ’ਚ ਉਸ ’ਤੇ ਮੁੱਖ ਸਕੱਤਰ ਨੇ ਦਸਤਖਤ ਕੀਤੇ ਸਨ। ਇਹ ਅਧਾਰ ਸਹੀ ਨਹੀਂ ਢੁੱਕਦਾ ਕਿ ਜਿਹੜਾ ਕਾਨੂੰਨ ਪਹਿਲਾਂ 2006 ’ਚ ਪਾਸ ਹੋ ਗਿਆ ਸੀ, ਉਸਨੂੰ 2013 ’ਚ ਮੁੜ ਪਾਸ ਕਰਨਾ ਪਿਆ।
ਜੇਤਲੀ ਵੱਲੋਂ ਹਰ ਜਗ੍ਹਾ ਜਾਣ ’ਤੇ ਉਥੇ ਘਰ ਖ੍ਰੀਦਣ ’ਤੇ ਚੁਟਕੀ ਲੈਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਜੇਤਲੀ ਗੁਜਰਾਤ ’ਚ ਘਰ ਖ੍ਰੀਦ ਕੇ ਗੁਜਰਾਤੀ ਨਹੀਂ ਬਣੇ, ਕਿਵੇਂ ਉਹ ਪੰਜਾਬ ’ਚ ਘਰ ਖ੍ਰੀਦ ਕੇ ਪੰਜਾਬੀ ਬਣ ਜਾਣਗੇ?
ਕੈਪਟਨ ਅਮਰਿੰਦਰ ਨੇ ਜੇਤਲੀ ਵੱਲੋਂ ਅਮਰੀਕੀ ਕੰਪਨੀ ਡੋ ਕੈਮਿਕਲਸ ਨੂੰ ਭੋਪਾਲ ਗੈਸ ਹਾਦਸੇ ਦੇ ਪੀੜਤਾਂ ਖਿਲਾਫ ਦਿੱਤੀ ਸਲਾਹ ਦੀਆਂ ਕਾਪੀਆਂ ਵੀ ਰਿਲੀਜ਼ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਜੇਤਲੀ ਨੇ ਅਜਿਹੀ ਕੋਈ ਵੀ ਸਲਾਹ ਦੇਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਸੀ, ਪਰ ਸਲਾਹ ਦੀਆਂ ਕਾਪੀਆਂ ਉਨ੍ਹਾਂ ਦੇ ਸ਼ਬਦਾਂ ਦਾ ਸਬੂਤ ਹਨ। ਜੋ ਸਾਬਤ ਕਰਦੀਆਂ ਹਨ ਕਿ ਜੇਤਲੀ ਝੂਠ ਬੋਲਣ ਦੇ ਆਦਿ ਹਨ।



