ਰਾਮਪੁਰਾ ਫੂਲ, 10 ਮਈ (ਕੁਲਜੀਤ ਢੀਂਗਰਾ, ਸੁਖਮੰਦਰ ਰਾਮਪੁਰਾ)- ਬੀਤੀ ਰਾਤ ਚੋਰਾਂ ਨੇ ਇੱਕ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਨਗਰ ਦੀ ਗਲੀ ਨੰਬਰ 5 ਵਿੱਚ ਰਹਿੰਦੀ ਸੰਤੋਸ਼ ਰਾਣੀ ਦੇ ਘਰ ਦੀ ਕੰਧ ਟੱਪ ਕੇ ਚੋਰ ਘਰ ਅੰਦਰ ਦਾਖਲ ਹੋਏ ਅਤੇ ਕਮਰੇ ਦੇ ਦਰਵਾਜੇ ਤੇ ਲੱਗੇ ਜਿੰਦਰੇ ਨੁੰ ਭੰਨ ਕੇ ਚੋਰਾਂ ਨੇ ਕਮਰੇ ਵਿੱਚ ਪਏ ਸਮਾਨ ਤੇ ਹੱਥ ਸਾਫ ਕਰ ਦਿੱਤਾ। ਘਰ ਦੀ ਮਾਲਕਣ ਵਿਧਵਾ ਸੰਤੋਸ਼ ਰਾਣੀ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਘਰ ਨੂੰ ਜਿੰਦਰਾ ਲਾ ਕੇ ਆਪਣੀ ਰਿਸ਼ਤੇਦਾਰੀ ਚ ਚਲੀ ਗਈ। ਇਸ ਵਾਰਦਾਤ ਦੀ ਜਾਣਕਾਰੀ ਉਸ ਨੂੰ ਗੁਆਢੀਆਂ ਵੱਲੋਂ ਮਿਲੀ। ਜਦ ਘਰ ਆ ਕੇ ਵੇਖਿਆ ਤਾਂ ਘਰ ਦੇ ਕਮਰੇ ਦਾ ਮੁੱਖ ਜਿੰਦਰਾ ਟੁੱਟਾ ਹੋਇਆ ਸੀ ਅਤੇ ਕਮਰੇ ਵਿੱਚ ਪਿਆ ਸਮਾਨ ਖਿਲਰਿਆ ਹੋਇਆ ਸੀ। ਉਨਾਂ ਅੱਗੇ ਦੱਸਿਆ ਕਿ ਪੇਟੀ ਵਿੱਚ ਪਏ ਸੋਨੇ ਅਤੇ ਚਾਂਦੀ ਗਹਿਣੇ ਗਾਇਬ ਸਨ। ਇਸ ਤੋਂ ਇਲਾਵਾ ਤਿੰਨ ਗੈਸ ਸਿਲੰਡਰ ਅਤੇ ਕੁੱਝ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ। ਇਸ ਚੋਰੀ ਸੰਬੰਧੀ ਥਾਣਾ ਸਿਟੀ ਵਿਖੇ ਇਤਲਾਹ ਦਿੱਤੀ ਗਈ ਹੈ। ਪੀੜਿਤ ਦੇ ਗੁਆਂਢੀਆਂ ਨੇ ਦੱਸਿਆ ਕਿ ਸੰਤੋਸ਼ ਰਾਣੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਦੋ ਸਾਲ ਪਹਿਲਾਂ ਇਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੀ ਹੈ। ਇਕੱਤਰ ਗੁਆਢੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਕਰਕੇ ਉਨਾਂ ਨੂੰ ਸਲਾਖਾ ਪਿੱਛੇ ਦਿੱਤਾ ਜਾਵੇ ਅਤੇ ਵਿਧਵਾ ਦੇ ਹੋਏ ਨੁਕਸਾਨ ਦੀ ਪੂਰਤੀ ਕਰਵਾਈ ਜਾਵੇ।