Skip to content
Independent perspectives. Global stories.
BREAKING

‘ਆਪ’ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ’ਚ ਸ਼ਾਮਿਲ

Share this story

ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ’ਚ ਫ਼ੜਿਆ ਕਾਂਗਰਸ ਦਾ ਹੱਥ

ਸ੍ਰੀ ਅਨੰਦਪੁਰ ਸਾਹਿਬ/ਚੰਡੀਗੜ੍ਹ, 4 ਮਈ- ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ। ਚੰਡੀਗੜ੍ਹ ’ਚ ਉਨ੍ਹਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ਦਾ ਹਥ ਫੜਿਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਆਪ’ ਲਈ ਇਹ ਕਾਫੀ ਵਡਾ ਝਟਕਾ ਹੈ। ਇਸ ਤੋਂ ਪਹਿਲਾਂ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ‘ਆਪ’ ਛਡ ਕੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ। ਹਾਲਾਂਕਿ, ਉਹ ‘ਆਪ’ ਦੇ ਬਾਗ਼ੀ ਧੜੇ ਨਾਲ ਸਬੰਧਿਤ ਸਨ, ਪਰ ਸੰਦੋਆ ‘ਆਪ’ ਹਾਈਕਮਾਨ ਦਾ ਪਖ ਪੂਰਨ ਵਾਲਿਆਂ ਵਿਚੋਂ ਸਨ। ਸੰਦੋਆ ਸਮੇਤ ‘ਆਪ’ ਦੇ 20 ਵਿਚੋਂ ਪੰਜ ਵਿਧਾਇਕ ਪਾਰਟੀ ਛਡ ਚੁਕੇ ਹਨ। ਇਨ੍ਹਾਂ ਵਿਚ ਸਿਆਸਤ ਤੋਂ ਕਿਨਾਰਾ ਕਰ ਚੁਕੇ ਦਾਖਾ ਤੋਂ ਵਿਧਾਇਕ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਵੀ ਸ਼ਾਮਿਲ ਹਨ। ਸੁਖਪਾਲ ਖਹਿਰਾ ਨੇ ਆਪਣਾ ਨਵਾਂ ਸਿਆਸੀ ਦਲ ਪੰਜਾਬ ਏਕਤਾ ਪਾਰਟੀ, ਕਾਇਮ ਕਰ ਲਿਆ ਤੇ ਜੈਤੋ ਤੋਂ ‘ਆਪ’ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਹੁਣ ਉਨ੍ਹਾਂ ਦੀ ਪਾਰਟੀ ਦਾ ਹਿਸਾ ਹਨ। ਦੋਵੇਂ ਸਿਆਸਤਦਾਨ ਕ੍ਰਮਵਾਰ ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ। ਹੁਣ ‘ਆਪ’ ਕੋਲ ਆਪਣੇ 15 ਵਿਧਾਇਕ ਹੀ ਰਹਿ ਗਏ ਹਨ ਅਤੇ ਵਿਧਾਨ ਸਭਾ ਵਿਚ ਦੂਜੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਕੋਲ ਅਜ 14 ਵਿਧਾਇਕ ਹਨ। ਅਜਿਹੇ ਵਿਚ ‘ਆਪ’ ਦੀ ਮੁਖ ਵਿਰੋਧੀ ਧਿਰ ਦੀ ਪਦਵੀ ’ਤੇ ਵੀ ਤਲਵਾਰ ਲਟਕ ਰਹੀ ਹੈ। ਉਧਰ, ਪੰਜਾਬ ਵਿਚ ਵਖ-ਵਖ ਪਾਰਟੀਆਂ ਦੇ 9 ਮੌਜੂਦਾ ਵਿਧਾਇਕ ਲੋਕ ਸਭਾ ਚੋਣਾਂ ਲੜ ਰਹੇ ਹਨ ਤੇ ਪੰਜ ਪਾਰਟੀ ਬਦਲ ਜਾਂ ਛਡ ਚੁਕੇ ਹਨ। ਅਜਿਹੇ ਵਿਚ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਵਿਚ ਕਈ ਜ਼ਿਮਨੀ ਚੋਣਾਂ ਹੋਣੀਆਂ ਵੀ ਤੈਅ ਹਨ।

WRITTEN BY