ਗੁਰੂਆਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ : ਰਾਜਾ ਵੜਿੰਗ

ਮੌੜ ਮੰਡੀ, 3 ਮਈ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੌਟੀ)- ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਰਾਮਨਗਰ, ਕੁੱਤੀਵਾਲ ਖੁਰਦ, ਘੁੰਮਣ ਖੁਰਦ, ਘੁੰਮਣ ਕਲਾਂ, ਕੋਟਲੀ ਖੁਰਦ, ਰਾਜਗੜ ਕੁੱਬੇ, ਕਮਾਲੂ ਸਵੈਂਚ, ਸੰਦੋਹਾ, ਜੋਧਪੁਰ ਤੋ ਇਲਾਵਾ ਕਰੀਬ ਡੇਢ ਦਰਜ਼ਨ ਦੇ ਪਿੰਡਾਂ ’ਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਪਿੰਡ ਰਾਮਨਗਰ ਵਿਖੇ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਦੌਰਾਨ ਹਲਕਾ ਗਿੱਦੜਬਾਹਾ ਦੇ ਵਿਕਾਸ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਗਿੱਦੜਬਾਹਾ ਵਾਸੀਆਂ ਵੱਲੋਂ ਮਾਤਾ ਪਿਤਾ ਵਾਂਗ ਦਿੱਤੇ ਪਿਆਰ ਸਦਕਾ ਉਨ੍ਹਾਂ ਨੇ 2012 ’ਚ ਗਿੱਦੜਬਾਹੇ ਹਲਕੇ ਦਾ ਕਿਲਾ ਫਤਿਹ ਕੀਤਾ ਸੀ, ਜੋ ਬੇਅੰਤ ਸਰਕਾਰ ਦੌਰਾਨ ਜਿਮਨੀ ਚੋਣ ਦੌਰਾਨ ਵੀ ਨਹੀ ਸੀ ਹੋਇਆ। ਸ. ਵੜਿੰਗ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਵਾਸਤਾ ਪਾਉਂਦੇ ਹੋਏ ਕਿਹਾ ਕਿ ਜਦੋ ਇਹਨਾਂ ਲੋਕਾਂ ਨੇ ਸਾਡੇ ਗੁਰੂ ਦੀ ਬੇਅਬਦੀ ਕੀਤੀ ਸੀ , ਤਾਂ ਸਿੱਖ ਸੰਗਤਾਂ ਨੇ ਇਨਸਾਫ ਲੈਣ ਲਈ ਸ਼ਾਂਤਮਈ ਸੰਘਰਸ਼ ਕਰਨਾ ਚਾਹਿਆ ਤਾਂ ਇਹਨਾਂ ਪੰਥ ਦੇ ਦੋਖੀਆਂ ਨੇ ਸੰਗਤਾਂ ਨੂੰ ਰੋਸ ਵਜੋਂ ਰੋਣ ਵੀ ਨਹੀ ਦਿੱਤਾ ਅਤੇ ਇਨਸਾਫ ਮੰਗ ਰਹੇ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਗੁਰੂਆਂ ਦੀ ਬੇਅਬਦੀ ਕਰਨ ਵਾਲਿਆਂ ਨੂੰ ਸਾਨੂੰ ਕਦੇ ਵੀ ਵੋਟਾਂ ਨਹੀ ਪਾਉਣੀਆਂ ਚਾਂਹੀਦੀਆ, ਪ੍ਰੰਤੂ ਜਿਹੜਾ ਵੀ ਇਨਸਾਨ ਗਲਤੀ ਨਾਲ ਇਹਨਾਂ ਨੂੰ ਵੋਟਾਂ ਪਾ ਗਿਆ ਉਹ ਬਾਦਲਾਂ ਤੋ ਵੀ ਵੱਡਾ ਗੁਨਾਹਗਾਰ ਹੋਵੇਗਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਕਾਂਗਰਸ ਨੂੰ ਵੋਟ ਦੇ ਕੇ ਪੰਜਾਬ ਅਤੇ ਦੇਸ਼ ਦੇ ਭਵਿੱਖ ਲਈ ਆਪਣਾ ਯੋਗਦਾਨ ਪਾਉਣ , ਤਾਂ ਜੋ ਦੇਸ਼ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕੇ। ਇਸ ਮੌਕੇ ਪਿੰਡ ਰਾਜਗੜ ਕੁੱਬੇ ਦੇ ਅਕਾਲੀ ਸਰਪੰਚ ਮਨਜੀਤ ਕੌਰ, ਗੁਰਜੰਟ ਸਿੰਘ ਸਾਬਕਾ ਮੈਂਬਰ , ਵੀਰਇੰਦਰ ਸਿੰਘ ਮੈਂਬਰ, ਬਲਵੀਰ ਸਿੰਘ ਮੈਂਬਰ, ਜਗਰਾਜ਼ ਸਿੰਘ ਮੈਂਬਰ, ਜੋਧ ਸਿੰਘ ਮੈਂਬਰ, ਕੁਲਦੀਪ ਸਿੰਘ ਮੈਂਬਰ , ਗੁਰਦੀਪ ਸਿੰਘ, ਗੁਰਮੀਤ ਸਿੰਘ ਪੰਚ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ’ਚ ਸ਼ਮੂਲੀਅਤ ਕਰ ਲਈ। ਇਸ ਮੌਕੇ ਹਲਕਾ ਇੰਚਾਰਜ਼ ਹਰਮਿੰਦਰ ਸਿੰਘ ਜੱਸੀ ਅਤੇ ਨਰਿੰਦਰ ਸਿੰਘ ਭਲੇਰੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸੁਖਦੀਪ ਸਿੰਘ ਰਾਮਨਗਰ, ਕਿਸਾਨ ਸੈਲ ਦੇ ਸੂਬਾ ਮੀਤ ਪ੍ਰਧਾਨ ਬੂਟਾ ਸਿੰਘ ਘੁੰਮਣ, ਅੰਗਰੇਜ਼ ਸਿੰਘ ਸਰਪੰਚ, ਧਰਮ ਸਿੰਘ ਸਰਪੰਚ, ਅੰਗਰੇਜ਼ ਸਿੰਘ ਕੋਟਲੀ, ਸੂਬਾ ਮੀਤ ਪ੍ਰਧਾਨ ਤੀਰਥ ਰਾਮ ਸਿੰਗਲਾ, ਭੁਪਿੰਦਰ ਮਾਈਸਰਖਾਨਾ, ਜਗਦੀਸ਼ ਸਿੰਘ ਸਰਪੰਚ ਕਮਾਲੂ, ਯੂਥ ਆਗੂ ਵਿੰਦਰ ਬਿੱਲਾ, ਯੂਥ ਆਗੂ ਨਿਰਮਲ ਸਿੰਘ, ਰਾਹੁਲ ਬ੍ਰਿਗੇਡ ਦੇ ਗੁਰਪ੍ਰੀਤ ਸਿੰਘ ਸਾਬਕਾ ਸਰਪੰਚ,ਅਵਤਾਰ ਸਿੰਘ ਕਮਾਲੂ, ਤੋ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।

Send this to a friend