ਬਰੇਟਾ, 27 ਅਪ੍ਰੈਲ (ਰੀਤਵਾਲ) – ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀ- ਲੈ ਰਹੀਆਂ । ਅੱਜ ਫਿਰ ਥਾਣਾ ਬਰੇਟਾ ਅਧੀਨ ਆਉਂਦੇ ਪਿੰਡ ਬਰੇਟਾ, ਜੁਗਲਾਣ , ਖੁਡਾਲ ਕਲਾਂ ਅਤੇ ਕਾਹਨਗੜ੍ਹ ਪਿੰਡਾਂ ਦੇ ਕਿਸਾਨਾਂ ਦੀ ਕਣਕ ਅਤੇ ਭਾਰੀ ਰਕਬੇ ਵਿੱਚ ਤੂੜੀ ਬਣਾਉਣ ਲਈ ਰੱਖੇ ਨਾੜ ਦੇ ਸੜਨ ਦਾ ਸਮਾਚਾਰ ਹੈ । ਜਾਣਕਾਰੀ ਮੁਤਾਬਕ ਬਰੇਟਾ ਪਿੰਡ ਦੀ 50 ਏਕੜ ਦੇ ਕਰੀਬ ਵੱਖ ਵੱਖ ਕਿਸਾਨਾਂ ਦੀ ਖੜ੍ਹੀ ਕਣਕ ਦੀ ਫਸਲ ਅਤੇ 5 ਸੌ ਏਕੜ ਤੋਂ ਵੀ ਜ਼ਿਆਦਾ ਤੂੜੀ ਬਣਾਉਣ ਲਈ ਰੱਖਿਆ ਨਾੜ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਸੜ ਗਿਆ ਹੈ। ਇਸੇ ਤਰ੍ਹਾਂ ਪਿੰਡ ਕਾਹਨਗੜ੍ਹ ਵਿਖੇ 8 ਏਕੜ ਕਣਕ ਦੀ ਫਸਲ ਅਤੇ 90 ਏਕੜ ਦੇ ਕਰੀਬ ਨਾੜ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਗਿਆ । ਇਸੇ ਤਰ੍ਹਾਂ ਪਿੰਡ ਜੁਗਲਾਣ ਪਿੰਡ ਦੇ ਕੁਝ ਖੇਤਾਂ ਹਿੱਸੇ ਵਿੱਚ ਅੱਗ ਲੱਗ ਜਾਣ ਕਾਰਨ ਨਾੜ ਸੜ ਗਿਆ , ਖੁਡਾਲ ਕਲਾਂ ਦੇ ਖੇਤਾਂ ਵਿੱਚ ਲਗਭਗ 20 ਏਕੜ ਨਾੜ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਰਾਖ ਬਣ ਗਿਆ । ਕਿਸਾਨਾਂ ਦੇ ਦੱਸਣ ਅਨੁਸਾਰ ਇਹ ਅੱਗ ਬਿਜਲੀ ਦੀਆਂ ਤਾਰਾਂ ਦੇ ਸ਼ਾਟ ਹੋ ਜਾਣ ਕਾਰਨ ਬਰੇਟਾ ਪਿੰਡ ਤੋ ਸ਼ੁਰੂ ਹੋ ਕੇ ਦੂਜੇ ਪਿੰਡਾਂ ਦੇ ਖੇਤਾਂ ਵਿੱਚ ਫੈਲ ਗਈ । ਫਾਇਰ ਬ੍ਰਿਗੇਡ ਦੀ ਇੱਕ ਗੱਡੀ ਮਾਨਸਾ ਤੋ ਮੰਗਵਾਕੇ ਅਤੇ ਪਿੰਡਾਂ ਵਿੱਚੋ- ਪਹੁੰਚੇ ਲੋਕਾਂ ਦੀ ਭਾਰੀ ਜੱਦੋ ਜਹਿਦ ਬਾਅਦ ਕਈ ਘੰਟਿਆਂ ਵਿੱਚ ਅੱਗ ਤੇ ਕਾਬੂ ਪਾਇਆ ਗਿਆ ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਇਲਾਕੇ ਦੇ ਕਿਸਾਨਾ ਵੱਲੋ ਹਰ ਸਾਲ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਹਾੜ੍ਹੀ ਦੇ ਸੀਜਨ ਦੌਰਾਨ ਪੱਕੇ ਤੋਰ ਤੇ ਬਰੇਟਾ ਵਿਖੇ ਮੰਗਵਾਉਣ ਦੀ ਮੰਗ ਕੀਤੀ ਜਾਦੀ ਹੈ । ਪਰ ਹਰ ਵਾਰ ਹੋਏ ਵੱਡੇ ਨੁਕਸਾਨ ਤੋ ਪ੍ਰਸ਼ਾਸਨ ਕੋਈ ਸਬਕ ਨਹੀ ਲੈਦਾ ।