ਭੋਗਪੁਰ, 27 ਅਪ੍ਰੈਲ (ਹਰਨਾਮ ਦਾਸ ਚੋਪੜਾ)- ਭੋਗਪੁਰ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦਾ ਇਥੇ ਸਵਾਗਤ ਕੀਤਾ ਗਿਆ। ਇਕ ਬਸ ਵਿਚ ਗੁਰੂ ਸਾਹਿਬਾਨਾਂ ਦੇ ਸ਼ਾਸਤਰ ਦਰਸ਼ਨਾਂ ਲਈ ਰਖੇ ਹੋਏ ਸਨ।ਰਾਤ ਨੂੰ ਧਾਰਮਿਕ ਸਮਾਗਮ ਹੋਇਆ ਜਿਸ ਵਿਚ ਭਾਈ ਨਰਿੰਦਰ ਸਿੰਘ ਬਗਾ ਅਤੇ ਭਾਈ ਹਰਿਦਰਪਾਲ ਸਿੰਘ ਬੁਟਰ ਦੇ ਕਵੀਸ਼ਰੀ ਜਥਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਲਸਫੇ ’ਤੇ ਕਵੀਸ਼ਰੀ ਪੇਸ਼ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਸਵੇਰੇ ਗੁਰਦੁਆਰਾ ਸਾਹਿਬ ਵਿਚ ਨਿਤਨੇਮ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਸਾਹਿਬ ਸਿੰਘ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਅਤੇ ਕਵੀਸ਼ਰੀ ਜਥਾ ਨਰਿੰਦਰ ਸਿੰਘ ਬਗਾ ਨੇ ਕਵੀਸ਼ਰੀ ਨਾਲ ਨਿਹਾਲ ਕੀਤਾ।ਇਸ ਮੌਕੇ ਅਕਾਲੀ ਦਲ ਵਲੋਂ ਲੋਕ ਸਭਾ ਦੀ ਚੋਣ ਲੜ ਰਹੇ ਚਰਨਜੀਤ ਸਿੰਘ ਅਟਵਾਲ, ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ, ਰਣਜੀਤ ਸਿੰਘ ਕਾਹਲੋਂ ਅਤੇ ਹੋਰ ਬਹੁਤ ਸਾਰੇ ਅਕਾਲੀ ਆਗੂ ਹਾਜ਼ਰ ਸਨ।