ਸ਼ਾਹਕੋਟ, 21 ਅਪਰੈਲ (ਸੁਰਿੰਦਰ ਸਿੰਘ ਪਦਮ)-ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਸ਼ਾਹਕੋਟ ਅਤੇ ਲੋਹੀਆਂ ਖਾਸ ਵਿਖੇ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਵੱਡੇ-ਵੱਡੇ ਘੁਟਾਲੇ ਕਰਕੇ ਦੁਨੀਆ ਭਰ ’ਚ ਭਾਰਤ ਦਾ ਨਾਮ ਬਦਨਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਦੇ ਕਈ ਮੰਤਰੀਆ ਵੱਲੋਂ ਕੀਤੇ ਗਏ ਘੁਟਾਲਿਆ ਕਾਰਨ ਇਹ ਘੁਟਾਲਿਆਂ ਦੀ ਸਰਕਾਰ ਵੱਜਣ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਗਰੀਬ ਲੋਕਾਂ ਨੂੰ ਹਰ ਵਾਰ ਨਵੇਂ-ਨਵੇਂ ਸਬਜ਼ਬਾਗ ਦਿਖਾ ਕੇ ਉਨ੍ਹਾਂ ਦੀਆਂ ਵੋਟਾਂ ਹੀ ਹਥਿਆਈਆਂ ਹਨ। ਕਾਂਗਰਸ ਪਾਰਟੀ ਦੀਆ ਗਲਤ
ਨੀਤੀਆਂ ਕਾਰਨ ਆਜ਼ਾਦੀ ਤੋਂ ਬਾਅਦ ਵੀ ਦੇਸ਼ ਵਾਸੀ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਫਿਰਕਾਪ੍ਰਸਤੀ ਤੇ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਮੰਤਰੀ ਕੀਤੇ ਘੁਟਾਲਿਆਂ ਨਾਲ ਪ੍ਰਾਪਤ ਕੀਤੇ ਕਾਲੇ ਧਨ ਨੂੰ ਵਿਦੇਸ਼ਾਂ ’ਚ ਜਮ੍ਹਾਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਭਰ ’ਚ ਮੋਦੀ ਦੇ ਹੱਕ ਵਿੱਚ ਇੱਕ ਜ਼ਬਰਦਸਤ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀ ਪੰਜਾਬ ਦਾ ਵਿਕਾਸ ਚਾਹੁੰਦੇ ਹੋ ਤਾਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਉਨ੍ਹਾਂ ਨੂੰ ਜਿਤਾ ਕੇ ਸੰਸਦ ’ਚ ਭੇਜੋ।
ਇਸ ਦੌਰਾਨ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਜਨਨੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਜਿਸ ਕਾਰਨ ਪੰਜਾਬ ਆਰਥਿਕ ਪੱਖੋਂ ਬੁਰੀ ਤਰ੍ਹਾ ਪਛੜ ਗਿਆ। ਉਨ੍ਹਾਂ ਕਿਹਾ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਹੀ ਕੇਂਦਰ ਦੇ ਖਜ਼ਾਨੇ ਦਾ ਮੂੰਹ ਪੰਜਾਬ ਦੇ ਵਿਕਾਸ ਲਈ ਖੁਲ੍ਹ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭ੍ਰਿਸ਼ਟ ਯੂ.ਪੀ.ਏ. ਸਰਕਾਰ ਨੂੰ ਚਲਦਾ ਕਰਨ ਲਈ ਲੋਕਾਂ ਕੋਲ ਹੁਣ ਸੁਨਿਹਰੀ ਮੌਕਾ ਹੈ। ਉਨ੍ਹਾਂ ਹਲਕਾ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਟੀਨੂੰ ਨੂੰ ਭਾਰੀ ਲੀਡ ਨਾਲ ਜਿੱਤਾ ਕੇ ਸੰਸਦ ’ਚ ਭੇਜਣ।
ਇਸ ਮੌਕੇ ਹੋਰਨਾਂ ਤੋ ਇਲਾਵਾ ਜਥੇਦਾਰ ਤਰਸਿੰਦਰ ਸਿੰਘ ਰੌਤ, ਨਾਇਬ ਸਿੰਘ ਕੋਹਾੜ, ਜਥੇਦਾਰ ਚਰਨ ਸਿੰਘ ਸਿੰਧੜ, ਜਥੇਦਾਰ ਬਲਦੇਵ ਸਿੰਘ ਕਲਿਆਣ, ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆ, ਸਵਰਨ ਸਿੰਘ ਡੱਬ, ਕੇਵਲ ਸਿੰਘ ਰੂਪੇਵਾਲੀ, ਪਰਮਜੀਤ ਸਿੰਘ ਝੀਤਾ, ਜਗਦੀਸ਼ ਸਿੰਘ ਬਾਜਵਾ, ਮਦਨ ਲਾਲ ਅਰੋੜਾ, ਤਰਸੇਮ ਦੱਤ ਛੁਰਾ, ਭਾਜਪਾ ਆਗੂ ਤਰਸੇਮ ਮਿੱਤਲ ਤੇ ਪ੍ਰਦੀਪ ਕੁਮਾਰ ਡੱਬ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।



