Skip to content
Independent perspectives. Global stories.
BREAKING

ਦਿੱਲੀ ’ਚ ਕੈਪਟਨ ਵਿਰੁੱਧ ਭਾਰੀ ਰੋਸ ਮੁਜ਼ਾਹਰਾ

Share this story

ਟਾਇਟਲਰ ਦੇ ਪੱਖ ’ਚ ਦਿੱਤੇ ਬਿਆਨ ਵਿਰੁੱਧ
ਨਵੀਂ ਦਿੱਲੀ, 21 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ 1984 ਸਿੱਖ ਕਤਲੇਆਮ ਵਿੱਚ ਜਗਦੀਸ਼ ਟਾਇਟਲਰ ਨੂੰ ਨਿਰਦੋਸ਼ ਦਸੇ ਜਾਣ ਦੇ ਵਿਰੁੱਧ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦੰਗਾ ਪੀੜਤਾਂ ਵੱਲੋਂ ਸਾਂਝੇ ਤੌਰ ’ਤੇ ਕਾਂਗਰਸ ਹੈਡਕੁਆਰਟਰ ਦੀ ਘੇਰਾਬੰਦੀ  ਕਰਦੇ ਹੋਏ ਭਾਰੀ ਰੋਸ ਮੁਜ਼ਾਹਰਾ ਕੀਤਾ।  ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਿੱਚ ਹਜ਼ਾਰਾਂ ਵਿਖਾਵਾਕਾਰੀਆਂ ਨੇ ‘‘ਅਮਰਿੰਦਰ ਗਦਾਰ, ਕਾਤਲਾਂ ਦਾ ਯਾਰ’’ ਨਾਅਰੇ ਲਗਾਉਂਦੇ ਹੋਏ ਆਪਣੇ ਜ਼ਖਮ 30 ਸਾਲ ਬਾਅਦ ਫਿਰ ਤੋਂ ਹਰੇ ਹੋਣ ਦਾ ਦਾਅਵਾ ਕਰ ਰਹੇ ਸਨ। ਵਿਖਾਵਾਕਾਰੀਆਂ ਉੱਪਰ ਦਿੱਲੀ ਪੁਲਿਸ ਵੱਲੋਂ ਪਾਣੀ ਦੀਆਂ ਤੇਜ਼ ਬੁਛਾਰਾਂ ਛੱਡੇ ਜਾਣ ਦੇ ਦੌਰਾਨ ਦਰਜ਼ਨਾਂ ਅਕਾਲੀ

ਵਰਕਰ ਜ਼ਖਮੀ ਹੋ ਗਏ ਅਤੇ ਕੁੱਝ ਵਿਅਕਤੀਆਂ ਦੀਆਂ ਪਾਣੀ ਦੀ ਤੇਜ਼ ਬੋਛਾਰ ਕਾਰਨ ਦਸਤਾਰਾਂ ਉਤਰਣ ਦਾ ਵੀ ਸਮਾਚਾਰ ਹੈ।  ਸੈਂਕੜੇ ਵਿਖਾਵਾਕਾਰੀਆਂ ਨੂੰ ਧਾਰਾ 144 ਦੀ ਉਲੰਘਣਾ ਦੇ ਵਿਰੁੱਧ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਤੁਗਲਕ ਰੋਡ ਥਾਣੇ ਲਿਜਾਇਆ ਗਿਆ।
ਇਸ ਮੌਕੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ.  ਨੇ ਕੈਪਟਨ ਅਮਰਿੰਦਰ ਦੀ ਟਿਪਣੀ ਨੂੰ ਨਿੰਦਾਜਨਕ, ਸਿੱਖ ਵਿਰੋਧੀ ਅਤੇ ਸਨਸਨੀਖੇਜ਼ ਕਰਾਰ ਦਿੰਦੇ ਹੋਏ ਕਾਤਲਾਂ ਦਾ ਸਾਥ ਦੇਣ ਦਾ ਵੀ ਦੋਸ਼ ਲਗਾਇਆ। ਵੱਖ-ਵੱਖ ਅਦਾਲਤਾਂ ਵਿੱਚ ਟਾਇਟਲਰ ਦੇ ਵਿਰੁੱਧ ਚੱਲ ਰਹੇ ਮੁਕਦਮਿਆਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ 1984 ਸਿੱਖ ਕਤਲੇਆਮ ਵਿੱਚ ਦੋਸ਼ੀ ਵਿਅਕਤੀਆਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸ਼ਹਿ ਉੱਤੇ ਸੀ.ਬੀ.ਆਈ. ਵੱਲੋਂ ਬਚਾਉਣ ਦਾ ਦੋਸ਼ ਲਗਾਉਣ ਦੇ ਨਾਲ ਹੀ ਕੈਪਟਨ ਦੇ ਇਸ ਬਿਆਨ ਨੂੰ ਵੋਟਾਂ ਦਾ ਧਰੁਵੀਕਰਨ ਕਰਦੇ ਹੋਏ ਧਰਮ ਨਿਰਪਖਤਾ ਦੇ ਤਾਣੇ-ਬਾਣੇ ਨੂੰ ਤਹਿਸ ਨਹਿਸ ਕਰਨ ਦੀ ਸਾਜ਼ਿਸ਼ ਦੱਸਿਆ। ਅਮਰਿੰਦਰ ਸਿੰਘ ਉੱਪਰ ਇੰਨ੍ਹਾਂ ਚੋਣਾਂ ਵਿੱਚ ਹਾਰ ਸਾਹਮਣੇ ਵੇਖ ਕੇ ਘਟੀਆ ਬਿਆਨਬਾਜ਼ੀ ਕਰਨ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਇਸ ਨੂੰ ਸੋਨੀਆ ਗਾਂਧੀ ਦੀ ਚਾਕਰੀ ਕਰਨ ਦਾ ਅੰਤਿਮ ਅਧਿਆਏ ਦੱਸਿਆ।  ਇਸ ਰੋਸ ਵਿਖਾਵੇ ਵਿੱਚ ਹੋਰਨਾਂ ਤੋਂ ਇਲਾਵਾ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਸ. ਤਨਵੰਤ ਸਿੰਘ, ਸੀਨੀਅਰ ਆਗੂ ਸ.ਓਂਕਾਰ ਸਿੰਘ ਥਾਪਰ, ਸ. ਗੁਰਵਿੰਦਰ ਪਾਲ ਸਿੰਘ, ਸ. ਜਤਿੰਦਰ ਪਾਲ ਸਿੰਘ ਗੋਲਡੀ ਆਦਿ ਸ਼ਾਮਿਲ ਸਨ।

WRITTEN BY