ਨੋਟ ਬੰਦੀ ਦੌਰਾਨ ਭਾਜਪਾ ਨੇ 3 ਲੱਖ ਕਰੋੜ ਦੀ ਨਕਲੀ ਮੁਦਰਾ ਛਾਪੀ

ਕਪਿਲ ਸਿੱਬਲ ਵੱਲੋਂ ਪ੍ਰੈਸ ਕਾਨਫ਼ਰੰਸ ਦੌਰਾਨ ਭਾਜਪਾ ’ਤੇ ਵੱਡੇ ਖ਼ੁਲਾਸੇ

ਨਵੀਂ ਦਿਲੀ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿਬਲ ਵਲੋਂ ਅਜ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ, ਜਿਸ ਨੂੰ ਕਿਸੇ ਵੀ ਟੀ.ਵੀ. ਚੈਨਲ ’ਤੇ ਨਹੀਂ ਦਿਖਾਇਆ ਗਿਆ। ਹਾਲਾਂਕਿ ਇਕ ਟੀਵੀ ਚੈਨਲ ਨੇ ਇਸ ਨੂੰ ਕੁਝ ਸਮਾਂ ਦਿਖਾਉਣ ਤੋਂ ਬਾਅਦ ਬੰਦ ਕਰ ਦਿਤਾ। ਇਸ ਪ੍ਰੈਸ ਕਾਨਫ਼ਰੰਸ ਰਾਹੀ ਕਪਿਲ ਸਿਬਲ ਨੇ ਕਈ ਅਹਿਮ ਖ਼ੁਲਾਸੇ ਕੀਤੇ, ਜਿਸ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਜੈ ਸ਼ਾਹ, ਗੁਜਰਾਤ ਦੇ ਉਪ ਮੁਖ ਮੰਤਰੀ ਨਿਤਿਨ ਪਟੇਲ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਵਲੋਂ ਇਕ ਘੋਟਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਘੋਟਾਲੇ ’ਚ ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ) ਦੇ ਰਾਹੀਂ 3 ਲਖ ਕਰੋੜ ਦੀ ਨਕਲੀ ਮੁਦਰਾ ਛਾਪੀ ਗਈ ਸੀ। ਇਸ ਘੋਟਾਲੇ ’ਚ ਕਈ ਅਧਿਕਾਰੀ ਸ਼ਾਮਿਲ ਹਨ। ਇਸ ਦੇ ਨਾਲ ਹੀ ਸਿਬਲ ਨੇ ਕਿਹਾ ਕਿ ਹਿੰਦੁਸਤਾਨ ਦੇ ਇਤਿਹਾਸ ’ਚ ਜੇਕਰ ਸਭ ਤੋਂ ਵਡਾ ਕੋਈ ਘੋਟਾਲਾ ਹੈ ਤਾਂ ਉਹ ਹੈ ਨੋਟ ਬੰਦੀ। ਉਨ੍ਹਾਂ ਕਿਹਾ ਕਿ ਏਜੰਸੀਆਂ ਵਲੋਂ ਇਸ ਦੇ ਜ਼ਰੀਏ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਿਥੇ ਇਨ੍ਹਾਂ ਲੋਕਾਂ ਦੇ ਆਪਣੇ ਮੰਤਰੀ, ਉਪ ਮੁਖ ਮੰਤਰੀ ਅਤੇ ਕੇਂਦਰੀ ਮੰਤਰੀ ਬੈਠੇ ਹੋਏ ਹਨ ਇਸ ਲਈ ਇਸ ਦੀ ਕੋਈ ਜਾਂਚ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਕਬਜ਼ੇ ’ਚ ਸਾਰੀਆਂ ਏਜੰਸੀਆਂ ਹਨ, ਜਦੋਂ ਏਜੰਸੀਆਂ ਅਤੇ ਸਰਕਾਰ ਇਕ ਮੰਚ ’ਤੇ ਆ ਜਾਣ ਤਾਂ ਲੋਕਤੰਤਰ ਕਦੇ ਬਹਾਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਲੋਕਤੰਤਰ ਨੂੰ ਬਚਾਉਣ ਦਾ ਕੰਮ ਜਨਤਾ ਦਾ ਹੈ।

Send this to a friend