ਕਾਂਗਰਸੀ ਨੇਤਾ ਫਿਲਮ ਤੋਂ ਡਰ ਰਹੇ ਹਨ ਜਾਂ ‘ਚੌਕੀਦਾਰ’ ਦੇ ਡੰਡੇ ਤੋਂ : ਵਿਵੇਕ ਓਬਰਾਏ
ਨਵੀਂ ਦਿਲੀ, 3 ਅਪ੍ਰੈਲ- ਨਰਿੰਦਰ ਮੋਦੀ ਦੀ ਜੀਵਨੀ ’ਤੇ ਬਣੀ ਫਿਲਮ ਬਾਰੇ ਅਦਾਕਾਰ ਵਿਵੇਕ ਓਬਰਾਏ ਨੇ ਕਾਂਗਰਸੀ ਲੀਡਰਾਂ ’ਤੇ ਵਿਅੰਗ ਕਸਿਆ ਹੈ। ਉਨ੍ਹਾਂ ਪੁਛਿਆ ਕਿ ਕਾਂਗਰਸੀ ਆਗੂਆਂ ਨੂੰ ਫਿਲਮ ਤੋਂ ਡਰ ਲਗ ਰਿਹੈ ਜਾਂ ਚੌਕੀਦਾਰ ਦੇ ਡੰਡੇ ਤੋਂ। ਵਿਵੇਕ ਓਬਰਾਏ ਦੀ ਮੁਖ ਭੂਮਿਕਾ ਵਾਲੀ ਫਿਲਮ ‘ਪੀ.ਐਮ. ਨਰਿੰਦਰ ਮੋਦੀ’ ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਿਲੀਜ਼ ਕੀਤੇ ਜਾਣ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਹਾਲਾਂਕਿ, 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਬਾਰੇ ਹੁਣ ਚੋਣ ਕਮਿਸ਼ਨ ਤੋਂ ਵੀ ਹਰੀ ਝੰਡੀ ਮਿਲ ਗਈ ਹੈ। ਫਿਲਮ ਵਿਚ ਵਿਵੇਕ ਓਬਰਾਏ ਪੀ.ਐਮ. ਮੋਦੀ ਦਾ ਰੋਲ ਨਿਭਾਅ ਰਹੇ ਹਨ। ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਜਨਹਿਤ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ, ਜਿਸ ’ਤੇ ਵਿਵੇਕ ਓਬਰਾਏ ਨੇ ਟਿਪਣੀ ਕੀਤੀ ਹੈ। ਬੁਧਵਾਰ ਨੂੰ ਓਬਰਾਏ ਨੇ ਕਿਹਾ, ‘ਮੈਨੂੰ ਸਮਝ ਨਹੀਂ ਆ ਰਿਹਾ ਕਿ ਕੁਝ ਲੋਕ ਇਸ ਤਰ੍ਹਾਂ ਨਾਲ ਓਵਰਰਿਐਕਟ ਕਿਉਂ ਕਰ ਰਹੇ ਹਨ। ਅਭਿਸ਼ੇਕ ਮਨੂੰ ਸਿੰਘਵੀ ਅਤੇ ਕਪਿਲ ਸਿਬਲ ਵਰਗੇ ਸੀਨੀਅਰ ਮਸ਼ਹੂਰ ਵਕੀਲ ਅਜਿਹੀ ਮਾਮੂਲੀ ਫਿਲਮ ’ਤੇ ਜਨਹਿਤ ਪਟੀਸ਼ਨ ਦਾਇਰ ਕਰਨ ਵਿਚ ਆਪਣਾ ਸਮਾਂ ਕਿਉਂ ਬਰਬਾਦ ਕਰ ਰਹੇ ਹਨ? ਪਤਾ ਨਹੀਂ ਉਹ ਫਿਲਮ ਤੋਂ ਡਰਦੇ ਹਨ ਜਾਂ ਚੌਕੀਦਾਰ ਦੇ ਡੰਡੇ ਤੋਂ।’ ਐਕਟਰ ਵਿਵੇਕ ਨੇ ਕਿਹਾ, ‘ਅਸੀਂ ਮੋਦੀ ਜੀ ਨੂੰ ਜੀਵਨ ਤੋਂ ਵਡਾ ਕਰ ਕੇ ਨਹੀਂ ਦਿਖਾ ਰਹੇ, ਉਹ ਤਾਂ ਪਹਿਲਾਂ ਹੀ ਜੀਵਨ ਤੋਂ ਵਡੇ ਹਨ। ਅਸੀਂ ਉਨ੍ਹਾਂ ਨੂੰ ਇਕ ਹੀਰੋ ਵਾਂਗ ਪੇਸ਼ ਨਹੀਂ ਕਰ ਰਹੇ, ਉਹ ਪਹਿਲਾਂ ਹੀ ਇਕ ਹੀਰੋ ਹਨ, ਨਾ ਸਿਰਫ਼ ਮੇਰੇ ਲਈ ਬਲਕਿ ਕਰੋੜਾਂ ਲੋਕਾਂ ਲਈ ਜੋ ਭਾਰਤ ਅਤੇ ਵਿਦੇਸ਼ਾਂ ’ਚ ਰਹਿੰਦੇ ਹਨ। ਅਸੀਂ ਬਸ ਇਸ ਦੀ ਇਕ ਪ੍ਰੇਰਣਾਦਾਇਕ ਕਹਾਣੀ ਨੂੰ ਪਰਦੇ ’ਤੇ ਲਿਆ ਰਹੇ ਹਾਂ।’ ਜ਼ਿਕਰਯੋਗ ਹੈ ਕਿ ਮੁੰਬਈ ਹਾਈ ਕੋਰਟ ਵਿਚ ਫਿਲਮ ‘ਪੀ.ਐਮ. ਨਰਿੰਦਰ ਮੋਦੀ’ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਚੋਣ ਕਮਿਸ਼ਨ ਵਲੋਂ ਕਿਹਾ ਗਿਆ ਹੈ ਕਿ ਸੀ.ਬੀ.ਐਫ਼.ਸੀ. ਨੇ ਮੂਵੀ ਨੂੰ ਸਰਟੀਫਿਕੇਟ ਦੇ ਦਿਤਾ ਹੈ। ਇਹ ਫਿਲਮ 5 ਅਪ੍ਰੈਲ ਨੂੰ ਰਿਲੀਜ਼ ਹੋਵੇ ਜਾਂ ਨਾ, ਇਹ ਤੈਅ ਕਰਨਾ ਸਾਡਾ ਕੰਮ ਨਹੀਂ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਮੂਵੀ ਦੀ ਰਿਲੀਜ਼ ਡੇਟ ਤੈਅ ਕਰਨ ਵਿਚ ਸਾਡੀ ਭੂਮਿਕਾ ਨਹੀਂ ਹੈ।