ਪੁਰਾਣੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਕੀਤੇ ਗ੍ਰਿਫਤਾਰ
ਭੀਖੀ, 31 ਮਾਰਚ (ਗੁਰਵਿੰਦਰ ਸਿੰਘ ਚਹਿਲ)- ਥਾਣਾ ਭੀਖੀ ਦੇ ਨਵਨਿਯੁਕਤ ਥਾਣਾ ਮੁਖੀ ਅਮਨਦੀਪ ਸਿੰਘ ਨੇ ਸਾਲ 2017 ਵਿੱਚ ਭੀਖੀ-ਬਰਨਾਲਾ ਰੋਡ ਦੇ ਰਹਿਣ ਵਾਲੇ ਇੱਕ ਅਗਰਵਾਲ ਪਰਿਵਾਰ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਇੱਕ ਮਾਤਾ ਸਮੇਤ 5 ਲੋਕਾਂ ਵਿਰੁੱਧ ਦਰਜ਼ ਮਾਮਲੇ ਵਿੱਚ ਨਾਮਜਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਣ ਦਾ ਦਾਅਵਾ ਕੀਤਾ ਹੈ।ਮਿਲੀ ਜਾਣਕਾਰੀ ਅਨੁਸਾਰ ਭੀਖੀ ਵਾਸੀ ਤਰਸੇਮ ਲਾਲ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਸ਼ਨੀ ਮੰਦਰ ਭੀਖੀ ਕੋਲ ਕਿਰਾਏ ਦੇ ਘਰ ਵਿੱਚ ਥੋੜੀ ਦੇਰ ਪਹਿਲਾਂ ਰਹਿਣ ਲੱਗੀ ਅਮਨਦੀਪ ਸ਼ਰਮਾ ਉਰਫ ਮਿੰਟੂ ਜੋ ਕਿ ਮਾਤਾ ਦੇ ਰੂਪ ਵਿੱਚ ਲੋਕਾਂ ਦਾ ਭਲਾ ਕਰਦੀ ਸੀ।ਉਨ੍ਹਾਂ ਪਾਸ ਉਹਨਾਂ ਦੇ ਪਰਿਵਾਰ ਦਾ ਵੀ ਆਉਣਾ ਜਾਣਾ ਬਣ ਗਿਆ।ਉਕਤ ਮਾਤਾ ਆਪਣੇ ਪਰਿਵਾਰ ਸਮੇਤ ਰਹਿੰਦੀ ਸੀ ਅਤੇ ਇੱਕ ਯੂ.ਪੀ. ਦਾ ਰਹਿਣ ਵਾਲਾ ਮੌਲਵੀ ਵੀ ਇੰਨ੍ਹਾਂ ਨਾਲ ਸੀ।ਉਸਨੇ ਦੱਸਿਆ ਇੱਕ ਦਿਨ ਉਕਤ ਮਾਤਾ ਨੇ ਉਹਨਾਂ ਨੂੰ ਝਾਂਸਾ ਦਿੱਤਾ ਕਿ ਉਨ੍ਹਾਂ ਦੇ ਘਰ ਕੋਈ ਖਜ਼ਾਨਾ ਦੱਬਿਆ ਹੋਇਆ ਹੈ,ਜੋ ਕਿ ਪੂਜਾ ਪਾਠ ਨਾਲ
ਹੀ ਮਿਲਣਾ ਸੰਭਵ ਹੈ।ਉਨ੍ਹਾਂ ਦੱਸਿਆ ਕਿ ਉਕਤ ਮਾਤਾ ਅਤੇ ਮੋਲਵੀ ਨੇ ਉਨ੍ਹਾਂ ਦੇ ਘਰ ਉਨ੍ਹਾਂ ਦਾ 23 ਤੋਲੇ ਸੋਨਾ,ਚਾਰ ਟੋਕਣੀਆਂ ਵਿੱਚ ਪਾ ਕੇ ਦੱਬ ਦਿੱਤਾ ਅਤੇ ਆਪ ਪੂਜਾ ਪਾਠ ਕਰਨ ਲੱਗ ਪਏ।ਉਨ੍ਹਾਂ ਦੱਸਿਆ ਕਿ ਉਕਤ ਮਾਤਾ ਨੇ ਉਹਨਾਂ ਨੂੰ ਕਿਹਾ ਕਿ ਹੁਣ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਉਥੇ ਵੀ ਚੜ੍ਹਾਵਾ ਚੜ੍ਹਾਉਣਾ ਪਵੇਗਾ। ਉਸ ਤੋਂ ਬਾਦ ਉਕਤ ਮਾਤਾ ਨੇ ਉਸਨੂੰ ਅਤੇ ਉਸ ਦੀ ਲੜਕੀ ਦੀ ਸੱਸ ਨੂੰ ਲੈ ਕੇ ਮਾਤਾ ਨੈਣਾਂ ਦੇਵੀ,ਚਿੰਤਪੁਰਨੀ ਅਤੇ ਜਵਾਲਾ ਜੀ ਤੋਂ ਬਾਅਦ ਬਿਹਾਰ ਦੇ ਗਯਾ ਵਿਖੇ ਲੈ ਗਈ ਅਤੇ ਚੜ੍ਹਾਵੇ ਦੇ ਤੌਰ ’ਤੇ 6 ਲੱਖ ਰੁਪਏ ਨਗਦ ਲੈ ਲਏ। ਉਸ ਤੋਂ ਬਾਅਦ ਵਾਪਸੀ ਸਮੇਂ ਉਹ ਅੰਬਾਲਾ ਕੈਂਟ ਆ ਗਏ ਅਤੇ ਅੰਬਾਲਾ ਕੈਂਟ ਦੇ ਰੇਲਵੇ ਸਟੇਸ਼ਨ ਤੇ ਉਕਤ ਲੋਕ ਉਹਨਾਂ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ ਅਤੇ ਮੁੜ ਵਾਪਸ ਨਹੀਂ ਆਏ।
ਗਿਰੋਹ ਬਣਾ ਕੇ ਕਰਦੇ ਸੀ ਧੋਖਾਧੜੀ- ਪੀੜਿਤ ਤਰਸੇਮ ਲਾਲ ਨੇ ਦੱਸਿਆ ਕਿ ਉਕਤ ਲੋਕਾਂ ਨੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲਈ ਇੱਕ ਗਿਰੋਹ ਬਣਾਇਆ ਹੋਇਆ ਹੈ ਅਤੇ ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਨੂੰ ਲਾਲਚ ਦੇ ਉਨ੍ਹਾਂ ਦੀ ਲੁੱਟ ਕਰਦੇ ਹਨ।ਉਨ੍ਹਾਂ ਦੱਸਿਆ ਕਿ ਮੌਲਵੀ ਸ਼ਾਕਿਰ ਖਾਨ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਵਸ਼ ਵਿੱਚ ਕਰ ਲੈਂਦਾ ਸੀ।ਉਨ੍ਹਾਂ ਉਕਤ ਵਿਅਕਤੀਆਂ ਨੂੰ ਰਿਮਾਂਡ ਤੇ ਲੈ ਕੇ ਉਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਅਜਿਹੇ ਗਿਰੋਹਾਂ ਦਾ ਪਰਦਾਫਾਸ਼ ਕੀਤਾ ਸਕੇ।