ਮੈਂ ਇਸ ਵੇਲੇ ਚੁਹੱਤਰ ਸਾਲਾਂ ਦਾ ਹਾਂ ਅਤੇ ਆਪਣੇ ਇਸ ਜੀਵਨ ਵਿਚ ਤਿੰਨ ਜੰਗਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੋਇਆ। ਦੋ ਨੂੰ ਰਤਾ ਦੂਰੋਂ ਅਤੇ ਇਕ ਦੀ ਜੰਗੀ ਪੱਤਰਕਾਰ ਵਜੋਂ ਕਵਰੇਜ ਕਰਦਿਆਂ ਧੁਰ ਜੰਗੇ ਮੈਦਾਨ ਵਿਚ ਜਾ ਕੇ ਦੇਖਿਆ। ਇਤਫਾਕਨ ਇਹ ਤਿੰਨੇ ਜੰਗਾਂ ਭਾਰਤ ਅਤੇ ਪਾਕਿਸਤਾਨ ਵਿਚ ਲੜੀਆਂ ਗਈਆ। ਪਹਿਲੀਆਂ ਦੋ 1965 ਅਤੇ 1971 ਦੀਆਂ ਲੜਾਈਆਂ ਕਾਫੀ ਹੱਦ ਤਕ ਪੰਜਾਬ ਦੀ ਧਰਤੀ ’ਤੇ। ਪਹਿਲੀ ਜੰਗ ਤਾਂ ਪੂਰੀ ਤਰ੍ਹਾਂ ਲੜੀ ਹੀ ਪੰਜਾਬ ਦੀ ਸਰਜਮੀਂ ’ਤੇ। ਤੀਸਰੀ ਜੰਗ ਕਸ਼ਮੀਰ ਦੀ ਧਰਤੀ ’ਤੇ ਕਾਰਗਿਲ ਵਿਚ ਲੜੀ ਗਈ 1999 ਵਿਚ ਅਤੇ ਇਸ ਨੂੰ ਜਾਣਿਆ ਵੀ ਕਾਰਗਿਲ ਜੰਗ ਦੇ ਨਾਂ ਨਾਲ ਹੀ ਜਾਂਦਾ ਹੈ। ਕਾਰਗਿਲ ਸ਼੍ਰੀਨਗਰ ਤੋਂ ਲੇਹ ਲਦਾਖ ਜਰਨੈਲੀ ਰੋਡ ਦੇ ਐਨ ਵਿਚਕਾਰ ਪੈਂਦਾ ਸ਼ਹਿਰ ਹੈ। ਯਾਨੀ 2 ਸਵਾ ਦੋ ਸੌ ਕਿਲੋਮੀਟਰ ਸ਼੍ਰੀਨਗਰ ਤੋਂ ਹੈ ਦਰਾ ਖੈਬਰ ¦ਘ ਕੇ ਅਤੇ ਲੇਹ ਵੀ ਅਗੋਂ ਕਾਰਗਿਲ ਤੋਂ ਲਗਭਗ ਦੋ ਸੌ ਕਿਲੋਮੀਟਰ ਹੈ। ਸ਼੍ਰੀਨਗਰ ਤੋਂ ਲੇਹ ਜਾਣ ਵਾਲੀ ਆਵਾਜਾਈ ਅਮੂਮਨ ਰਾਤ ਨੂੰ ਕਾਰਗਿੱਲ ਜਾਂ ਨੇੜੇ ਤੇੜੇ ਰੁਕਦੀ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਤਿੰਨੇ ਜੰਗਾਂ ਸ਼ੁਰੂ ਤਾਂ ਪਾਕਿਸਤਾਨ ਵਲੋਂ ਕੀਤੀਆਂ ਗਈਆਂ। ਇਨ੍ਹਾਂ ਦਾ ਖਾਤਮਾ ਭਾਰਤ ਨੇ ਕੀਤਾ ਅਤੇ ਉਹ ਵੀ ਤਿੰਨੇ ਜੰਗਾਂ ਜਿੱਤ ਕੇ ਬਲਕਿ 1971 ਦੀ ਜੰਗ ਵਿਚ ਤਾਂ ਪਾਕਿਸਤਾਨੀ ਫੌਜ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੇ ਨੱਬੇ ਹਜ਼ਾਰ ਫੌਜੀਆਂ ਨੇ ਭਾਰਤੀ ਜਰਨੈਲ ਜਗਜੀਤ ਸਿੰਘ ਅਰੋੜਾ ਅੱਗੇ ਹਥਿਆਰ ਸੁੱਟ ਦਿਤੇ। ਇਹੋ ਜਿਹੇ ਫੌਜੀਆਂ ਨੂੰ ਜੰਗੀ ਕੈਦੀਆਂ ਦਾ ਨਾਂ ਦਿਤਾ ਜਾਂਦਾ ਹੈ ਜੋ ਇਨ੍ਹਾਂ ਦੀ ਵਾਪਸੀ ਜਨੇਵਾ ਕਨਵੈਨਸ਼ਨ ਮੁਤਾਬਕ ਹੁੰਦੀ ਹੈ। ਭਾਰਤ ਨੇ ਤਾਂ ਨੈਤਿਕਤਾ ਅਤੇ ਦਰਿਆਦਿਲੀ ਵਿਖਾਉਂਦਿਆਂ ਨੱਬੇ ਦੇ ਨੱਬੇ ਹਜ਼ਾਰ ਫੌਜੀ ਕੈਦੀ ਪਾਕਿਸਤਾਨ ਨੂੰ ਮੋੜ ਦਿਤੇ ਹਾਲਾਂਕਿ ਜੇ ਇਹ ਇਨ੍ਹਾਂ ਦੀ ਬਿਨਾਂ ਉਤੇ ਉਸ ਵੇਲੇ ਕਸ਼ਮੀਰ ਮਸਲੇ ਦੇ ਹੱਲ ਲਈ ਪਾਕਿਸਤਾਨ ਉਤੇ ਦਬਾਅ ਪਾਉਂਦਾ ਤਾਂ ਸ਼ਾਇਦ ਇਹ ਮਸਲਾ ਹੀ ਹੁਣ ਤੱਕ ਮੁੱਕ ਗਿਆ ਹੁੰਦਾ ਜਿਹੜਾ ਅੱਜ ਵੀ ਦੋਹਾਂ ਦੇਸਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ।
ਇਹ ਗੱਲ ਵੀ ਸਪਸ਼ਟ ਹੈ ਕਿ ਕਿਸੇ ਮੁਲਕ ਨਾਲ ਜੰਗ ਯੁੱਧ ਵੇਲੇ ਇਕੱਲੀ ਥਲ ਸੈਨਾ ਹੀ ਕੰਮ ਨਹੀਂ ਕਰਦੀ ਸਗੋਂ ਉਸ ਨੂੰ ਹਵਾਈ ਅਤੇ ਜਲ ਸੈਨਾ ਦਾ ਵੀ ਪੂਰਾ ਪੂਰਾ ਸਹਿਯੋਗ ਹੁੰਦਾ ਹੈ। ਇਨ੍ਹਾਂ ਤਿੰਨਾਂ ਜੰਗਾਂ ਵਿਚ ਭਾਰਤ ਦੀਆਂ ਤਿੰਨੇ ਸੈਨਾਵਾਂ ਥਲ, ਹਵਾਈ ਅਤੇ ਜਲ ਸੈਨਾ ਨੇ ਸਹਿਯੋਗ ਦਿਤਾ। ਖਾਸ ਕਰਕੇ ਪਿਛਲੀਆਂ ਦੋਹਾਂ ਜੰਗਾਂ ਵਿਚ ਹਵਾਈ ਸੈਨਾ ਦੀ ਭੂਮਿਕਾ ਬੜੀ ਮਹੱਤਵਪੂਰਣ ਰਹੀ। ਤੋਪਾਂ ਦੇ ਗੋਲੇ ਅਤੇ ਬੰਦੂਕ ਵਿਚੋਂ ਨਿਕਲੀਆਂ ਗੋਲੀਆਂ ਦੁਸ਼ਮਣ ਵਲ ਹੀ ਸੇਧੀਆਂ ਜਾਂਦੀਆਂ ਹਨ ਹਾਲਾਂਕਿ ਬਹੁਤੀ ਵਾਰੀ ਇਹ ਗੋਲਾ ਸਿੱਕਾ ਦੋਹਾਂ ਵਲੋਂ ਲਗਭਗ ਉਸੇ ਵਪਾਰੀ ਮੁਲਕ ਕੋਲੋਂ ਲਿਆ ਜਾਂਦਾ ਹੈ। ਉਂਜ ਵੀ ਇਹ ਮਨੁੱਖ ਦੀ ਮੈਂ ਜਾਂ ਹਉਮੈ ਹੀ ਹੈ ਕਿ ਉਹ ਝਟ ਲੜਨ ਮਰਨ ਲਈ ਤਿਆਰ ਹੋ ਜਾਂਦਾ ਹੈ। ਉਸ ਨੂੰ ਪਤਾ ਇਹ ਵੀ ਹੈ ਕਿ ਜੰਗ ਦੀ ਇਸ ਭੱਠੀ ਵਿਚ ਪਤਾ ਨਹੀਂ ਮਾਵਾਂ ਦੇ ਕਿੰਨੇ ਪੁੱਤਰ, ਪਤਨੀਆਂ ਦੇ ਸੁਹਾਗ ਅਤੇ ਭੈਣਾਂ ਦੇ ਭਰਾ ਬਲੀ ਚੜ੍ਹੀ ਜਾਂਦੇ ਹਨ। ਮਾਂ ਪੁੱਤਰ ਗਵਾ ਦਿੰਦੀ ਹੈ। ਪਤਨੀ ਦੇ ਸਿਰ ਦਾ ਸਾਈਂ ਉਠ ਜਾਂਦਾ ਹੈ ਅਤੇ ਭੈਣ ਭਰਾ ਆਪਣੇ ਭਰਾ ਤੋਂ ਸੁੰਨੇ ਹੋ ਜਾਂਦੇ ਹਨ ਅਤੇ ਬੱਚਿਆਂ ਸਿਰੋਂ ਪਿਓ ਦਾ ਸਾਇਆ ਉਠ ਜਾਂਦਾ ਹੈ। ਜੰਗ ਵਿਚ ਰੁਝੀਆਂ ਦੋਹਾਂ ਧਿਰਾਂ ਦੇ ਕੁਝ ਫੌਜੀ ਅਫਸਰ ਅਤੇ ਜਵਾਨ ਜੰਗੀ ਕੈਦੀ ਵੀ ਬਣਾ ਲਏ ਜਾਂਦੇ ਹਨ। ਜੰਗ ਤੋਂ ਪਿਛੇ ਅਖ਼ਬਾਰਾਂ ਵਿਚ ਰਿਪੋਰਟਾਂ ਛਪਣ ਅਤੇ ਰੌਲਾ ਰੱਪਾ ਪੈਣ ’ਤੇ ਕੁੱਝ ਜੰਗੀ ਕੈਦੀ ਵਾਪਸ ਕਰ ਦਿਤੇ ਜਾਂਦੇ ਹਨ ਅਤੇ ਕੁਝ ਇਕ ਜੇਲ੍ਹਾਂ ਵਿਚ ਸੜਨ ਲਈ ਸੁੱਟ ਦਿਤੇ ਜਾਂਦੇ ਹਨ। ਸਮੇਂ ਸਮੇਂ ਇਨ੍ਹਾਂ ਜੰਗੀ ਕੈਦੀਆਂ ਦੀ ਪਰਵਾਰਾਂ ਜਾਂ ਕੁਝ ਸਮਾਜਕ ਜਥੇਬੰਦੀਆਂ ਨੂੰ ਸੂਹ ਵੀ ਲਗਦੀ ਹੈ। ਆਖਰ ਮਨ ਮਿਹਰ ਪੈਣ ਵਾਲੀ ਗੱਲ ਹੈ ਜਾਂ ਕੋਈ ਸਬੱਬ ਹੀ ਬਣ ਗਿਆ ਤਾਂ ਸਮਝੋ ਵਾਪਸੀ ਹੋ ਜਾਂਦੀ ਹੈ ਵਰਨਾ ਇਨ੍ਹਾਂ ਜੰਗੀ ਕੈਦੀਆਂ ਦੇ ਘਰਾਂ ਵਿਚ ਰਹਿ ਰਹੇ ਮਾਂ ਪਿਓ ਅਤੇ ਹੋਰ ਸਕੇ ਸਬੰਧੀਆਂ ਦੇ ਰੋ ਰੋ ਕੇ ਅਥੱਰੂ ਸੁਕ ਜਾਂਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀ ਉਡੀਕ ਖਤਮ ਨਹੀਂ ਹੁੰਦੀ। ਦਰਵਾਜ਼ੇ ਤੇ ਮਾੜਾ ਜਿਹਾ ਖੜਾਕ ਵੀ ਹੋਵੇ ਤਾਂ ਇਸ ਆਸ ਵਿਚ ਭੱਜ ਤੁਰਦੇ ਹਨ ਕਿ ਸ਼ਾਇਦ ਉਹੀਓ ਹੋਵੇ।
ਇਨ੍ਹਾਂ ਤਿੰਨਾਂ ਜੰਗਾਂ ਵਿਚ ਭਾਰਤੀ ਹਵਾਈ ਸੈਨਾ ਦੀ ਵਰਤੋਂ ਹੋਈ, ਕੁੱਝ ਬੰਦੀ ਬਣਾ ਲਏ ਗਏ। ਭਾਰਤ ਸਰਕਾਰ ਅਤੇ ਖਾਸ ਤੌਰ ਪੀੜਤ ਪਰਵਾਰਾਂ ਕੋਲ ਹੁਣ ਵੀ ਇਹੋ ਜਿਹੀ ਜਾਣਕਾਰੀ ਹੈ ਕਿ ਜੰਗ ਜਿੱਤ ਕੇ ਆਉਣ ਲਈ ਗਏ ਉਨ੍ਹਾਂ ਦੇ ਆਪਣੇ ਅੱਜ ਤਕ ਵਾਪਸ ਨਹੀਂ ਮੁੜੇ। 1965 ਦੀ ਜੰਗ ਨੂੰ 55 ਸਾਲ ਹੋ ਗਏ ਹਨ ਅਤੇ 1971 ਦੀ ਨੂੰ ਪੂਰੀ ਅੱਧੀ ਸਦੀ। 1999 ਦੀ ਜੰਗ ਨੂੰ ਵੀ ਦੋ ਦਹਾਕੇ ਹੋ ਗਏ ਹਨ। ਇਸ ਵੇਲੇ ਪਾਕਿਸਤਾਨ ਦੀ ਕੈਦ ਵਿਚ ਭਾਰਤ ਦੇ 54 ਕੈਦੀ ਹਨ। ਇਨ੍ਹਾਂ ਵਿਚੋਂ ਅਧੇ 30 ਥੱਲ ਸੈਨਾ ਨਾਲ ਸਬੰਧਤ ਹਨ ਅਤੇ 24 ਹਵਾਈ ਫੌਜ ਨਾਲ ਸਬੰਧਤ। ਪਾਕਿਸਤਾਨ ਸਰਕਾਰ ਹੈ ਕਿ ਭਾਰਤ ਵਲੋਂ ਅਤੇ ਕੁਝ ਹੋਰ ਸਵੇਂ ਸੇਵੀ ਜਥੇਬੰਦੀਆਂ ਵਲੋਂ ਕੀਤੇ ਗਏ ਅਣਥੱਕ ਯਤਨਾਂ ਦੇ ਬਾਵਜੂਦ ਕੋਈ ਲੜ ਪੱਲਾ ਨਹੀਂ ਫੜਾ ਰਹੀ। ਇਨ੍ਹਾਂ ਕੈਦੀਆਂ ਵਿਚੋਂ ਹੀ ਕੁੱਝ ਇਕ ਦੀਆਂ ਪਾਕਿਸਤਾਨੀ ਜੇਲ੍ਹਾਂ ਵਿਚ ਬੈਠਿਆਂ ਦੀਆਂ ਸੂਹਾਂ ਵੀ ਮਿਲੀਆਂ ਹਨ। ਪਰਨਾਲਾ ਉਥੇ ਦਾ ਉਥੇ ਹੀ ਹੈ। ਤਾਂ ਵੀ ਜਦੋਂ ਕੋਈ ਖੁਸ਼ਕਿਸਮਤ ਭਾਰਤੀ ਕੈਦੀ ਪਾਕਿਸਤਾਨ ਦੀਆਂ ਜੇਲ੍ਹਾਂ ਵਿਚੋਂ ਛੁੱਟ ਕੇ ਆਉਂਦਾ ਹੈ ਤਾਂ ਉਪਰੋਕਤ 54 ਪਰਵਾਰਾਂ ਦੇ ਜੀਆਂ ਨੂੰ ਵੀ ਇਹ ਆਸ ਉਮੀਦ ਬੱਝ ਜਾਂਦੀ ਹੈ ਕਿ ਸ਼ਾਇਦ ਉਨ੍ਹਾਂ ਦਾ ਆਪਣਾ ਵੀ ਕਿਸੇ ਦਿਨ ਇਸੇ ਤਰ੍ਹਾਂ ਆ ਜਾਵੇਗਾ। 1999 ਦੀ ਕਾਰਗਿਲ ਜੰਗ ਵਿਚ ਪਾਕਿਸਤਾਨ ਨੇ ਭਾਰਤ ਦੇ ਇਕ ਪਾਇਲਟ ਨਚੀਕੇਤਾ ਨੂੰ ਜਨੇਵਾ ਸਮਝੌਤੇ ਮੁਤਾਬਕ ਬਿਨਾਂ ਸ਼ਰਤ ਇਕ ਹਫ਼ਤੇ ਦੇ ਵਿਚ ਵਿਚ ਉਸੇ ਤਰ੍ਹਾਂ ਵਾਪਰ ਕਰ ਦਿਤਾ ਸੀ ਜਿਵੇਂ ਹੁਣ ਮਕਬੂਜਾ ਕਸ਼ਮੀਰ ’ਤੇ ਕੀਤੇ ਗਏ ਭਾਰਤੀ ਹਵਾਈ ਹਮਲੇ ਦੌਰਾਨ ਇਕ ਭਾਰਤੀ ਪਾਇਲਟ ਵਿੰਗ ਕਮਾਂਡਰ ਪਾਕਿਸਤਾਨ ਵਲੋਂ ਜੰਗੀ ਕੈਦੀ ਬਣਾ ਲਏ ਜਾਣ ਦੇ ਬਾਵਜੂਦ 70-80 ਘੰਟਿਆਂ ਦੇ ਵਿਚ ਵਿਚ ਬਿਨਾਂ ਸ਼ਰਤ ਭਾਰਤ ਨੂੰ ਵਾਪਸ ਕਰ ਦਿਤਾ। ਜ਼ਿਕਰਯੋਗ ਹੈ ਕਿ ਇਸ ਪਾਇਲਟ ਦੀ ਸਮਝੋ ਕਿਸਮਤ ਚੰਗੀ ਸੀ ਕਿ ਜਦੋਂ ਉਸ ਨੂੰ ਫੜਿਆ ਗਿਆ ਤਾਂ ਉਸ ਦੀ ਕਿਸੇ ਵਲੋਂ ਸਹਿਜ ਸੁਭਾਓ ਬਣਾਈ ਗਈ ਵੀਡੀਓ ਵਾਇਰਲ ਹੋ ਗਈ। ਭਾਰਤ ਨੇ ਹੋਰ ਸਰਕਾਰਾਂ ਨਾਲ ਸੰਪਰਕ ਕਰਕੇ ਉਸ ਨੂੰ ਛੁਡਾ ਲਿਆ ਵਰਨਾ ਉਸ ਦੀ ਸ਼ਾਇਦ ਇਨ੍ਹਾਂ 54 ਜੰਗੀ ਕੈਦੀਆਂ ਵਾਂਗ ਦਸ ਧੁੱਖ ਹੀ ਨਾ ਨਿਕਲਦੀ।
ਇਸ ਪਾਇਲਟ ਦੀ ਵਾਪਸੀ ਨੇ ਜਿਵੇਂ ਪੂਰੇ ਸੰਸਾਰ ਦਾ ਧਿਆਨ ਆਪਣੇ ਵਲ ਖਿਚਿਆ ਉਸ ਨੂੰ ਦੇਖ ਕੇ 54 ਪਰਵਾਰਾਂ ਦੇ ਜੀਆਂ ਵੀ ਆਪਣਿਆਂ ਦੀ ਜੇਲੋਂ ਮੁਕਤੀ ਲਈ ਬਿਹਬਲ ਹੋ ਉਠਦੇ ਹਨ। ਉਨ੍ਹਾਂ ਦੀ ਚਿੰਤਾ ਵਿਚ ਹੋਰ ਵਾਧਾ ਹੁੰਦਾ ਹੈ ਤੇ ਫਿਕਰ ਜਿੰਦ ਨਿਚੋੜਨ ਲਗਦੀ ਹੈ। ਪਾਕਿਸਤਾਨੀ ਹਾਕਮਾਂ ’ਤੇ ਪਰਵਾਰਾਂ ਦੀ ਇਸ ਫਿਕਰਮੰਕਦੀ ਦਾ ਰਤਾ ਮਾਸਾ ਵੀ ਅਸਰ ਨਹੀਂ। ਸਵਾਲ ਜਿਥੋਂ ਤਕ ਇਨ੍ਹਾਂ 54 ਪਰਵਾਰਾਂ ਦਾ ਹੈ ਇਨ੍ਹਾਂ ਵਿਚੋਂ ਇਕ ਫਲਾਈਟ ਲੈਫਟੀਨੈਂਟ ਵਿਜੈ ਵਸੰਤ ਤਾਂਬੀ ਹੈ। ਉਹਦੇ ਵਿਆਹ ਨੂੰ ਉਦੋਂ ਅਜੇ ਮੁਸ਼ਕਲ ਨਾਲ ਡੇਢ ਸਾਲ ਹੀ ਹੋਇਆ ਸੀ ਜਦੋਂ 1971 ਦੀ ਜੰਗ ਵਿਚ ਉਸ ਨੂੰ ਜੰਗੀ ਕੈਦੀ ਬਣਾ ਲਿਆ। ਉਸ ਦੀ ਪਤਨੀ ਦਮਯੰਤੀ ਤਾਂਬੀ ਨੇ ਪਿਛਲੇ 54 ਵਰ੍ਹੇ ਜਿਵੇਂ ਪਲ ਪਲ ਮਰਕੇ ਕੱਢੇ ਹਨ ਇਹ ਸਿਰਫ਼ ਉਹੀਓ ਜਾਣਦੀ ਹੈ। ਹੁਣ ਉਮਰ ਦੇ ਆਖਰੀ ਪੜਾਅ ’ਤੇ ਵੀ ਉਹਦੀਆਂ ਅੱਖਾਂ ਆਪਣੇ ਪਤੀ ਨੂੰ ਵੇਖਣ ਲਈ ਤਰਸਦੀਆਂ ਹਨ। ਉਨ੍ਹਾਂ ਵਿਚੋਂ ਨਮੀ ਹਮੇਸ਼ਾਂ ਲਈ ਖਤਮ ਹੋ ਗਈ ਹੈ। ਦਮਯੰਤੀ ਤਾਂਬੀ ਦੇ ਆਪਣੇ ਦੁੱਖਾਂ ਦਰਦਾਂ ਅਤੇ ਹੰਝੂ ਹਾਓਕਿਆਂ ਦੀ ਦਾਸਤਾਂ ਉਸ ਨਾਲੋਂ ਵੱਧ ਭਲਾ ਕੌਣ ਜਾਣ ਸਮਝ ਸਕਦਾ ਹੈ। ਬੀ.ਐਸ.ਐਫ. ਦੇ ਇਕ ਜਵਾਨ ਦੀ ਪਤਨੀ ਅੰਗਰੇਜ਼ ਕੌਰ ਨੂੰ ਅਜ ਵੀ ਆਪਣੇ ਸਿਰ ਦੇ ਸਾਈਂ ਦੀ ਉਡੀਕ ਹੈ। ਉਡੀਕ ਦੀਆਂ ਇਨ੍ਹਾਂ ਘੜੀਆਂ ਨੇ ਉਹਦਾ ਸੁੱਖ ਚੈਨ ਸਭ ਕੁਝ ਖੋਹ ਲਿਆ ਹੈ। ਥੱਲ ਸੈਨਾ 30 ਜੰਗੀ ਕੈਦੀਆਂ ਵਿਚ ਛੇ ਮੇਜਰ, ਅੱਠ ਕਪਤਾਨ, ਇਕ ਲੈਫਟੀਨੈਂਟ, ਦੋ ਸੈਕੰਡ ਲੈਫਟੀਨੈਂਟ, ਨੌ ਸੂਬੇਦਾਰ, ਤਿੰਨ ਨਾਇਕ, ਪੰਜ ਗੰਨਰ ਅਤੇ ਦੋ ਸਿਪਾਹੀ ਹਨ। ਹਵਾਈ ਸੈਨਾ ਦੇ 24 ਜੰਗੀ ਕੈਦੀਆਂ ਵਿਚ ਤਿੰਨ ਫਲਾਈਟ ਅਫਸਰ, ਇਕ ਵਿੰਗ ਕਮਾਂਡਰ, ਚਾਰ ਸੁਕਐਡਰਨ ਲੀਡਰ, ਸੋਲ੍ਹਾਂ ਫਲਾਈਟ ਲੈਫਟੀਨੈਂਟ ਸ਼ਾਮਲ ਹਨ। ਇਹ ਸਭ ਕਿਸ ਹਾਲ ਵਿਚ ਹਨ, ਕੋਈ ਨਹੀਂ ਜਾਣਦਾ ਪਰ ਸਭ ਇਹ ਜਾਣਦੇ ਹਨ ਕਿ ਉਹ ਜ਼ਰੂਰ ਨਰਕ ਦੀ ਜ਼ਿੰਦਗੀ ਜੀਅ ਰਹੇ ਹੋਣਗੇ। ਕਹਿੰਦੇ ਹਨ ਜਨੇਵਾ ਕਨਵੈਨਸ਼ਨ ਮੁਤਾਬਕ ਦੋ ਮੁਲਕਾਂ ਵਿਚ ਹੋਈ ਲੜਾਈ ਵਿਚ ਇਕ ਦੂਜੇ ਵਲੋਂ ਜਿੰਨੇ ਵੀ ਜੰਗੀ ਕੈਦੀ ਬਣਾਏ ਜਾਂਦੇ ਹਨ ਇਕ ਤਾਂ ਉਨ੍ਹਾਂ ਨਾਲ ਮਨੁੱਖੀ ਵਰਤਾਓ ਲਾਜ਼ਮੀ ਹੈ ਅਤੇ ਦੂਜਾ ਇਕ ਹਫਤੇ ਦੇ ਵਿਚ ਵਿਚ ਉਨ੍ਹਾਂ ਦੀ ਵਾਪਸੀ। ਜਦੋਂ 99 ਵਿਚ ਭਾਰਤੀ ਪਾਇਲਟ ਨਚੀਕੇਤਾ ਅਤੇ ਹੁਣ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾ ਕੀਤਾ ਗਿਆ ਹੈ ਤਾਂ ਵੱਡਾ ਪਰਚਾਰ ਇਹੀਓ ਹੋਇਆ ਹੈ ਕਿ ਇਨ੍ਹਾਂ ਦੀ ਰਿਹਾਈ ਜਨੇਵਾ ਕਨਵੈਨਸ਼ਨ ਅਨੁਸਾਰ ਹੋਈ। ਜੇ ਇਨ੍ਹਾਂ ਦੋਹਾਂ ਪਾਇਲਟਾਂ ਦੀ ਰਿਹਾਈ ਹਫਤੇ ਦੇ ਵਿਚ ਵਿਚ ਹੋਈ ਹੈ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਧਿਆਨ ਰਖਿਆ ਗਿਆ ਹੈ ਤਾਂ ਫਿਰ ਇਸ ਵੇਲੇ ਪਾਕਿਸਤਾਨ ਦੀਆਂ ਵੱਖੋ ਵੱਖ ਜੇਲ੍ਹਾਂ ਵਿਚ ਜਿਹੜੇ 54 ਭਾਰਤੀ ਜੰਗੀ ਕੈਦੀ ਬੰਦ ਹਨ ਉਨ੍ਹਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ? ਕਿਥੇ ਹੈ ਜਨੇਵਾ ਕਨਵੈਨਸ਼ਨ ਅਤੇ ਹੋਰਾਂ ਅਜਿਹੇ ਸਮਝੌਤਿਆਂ ਦੀਆਂ ਸ਼ਰਤਾਂ? ਇਹ 54 ਦੇ 54 ਪਰਵਾਰ ਅੱਜ ਵੀ ਬੜੀ ਬੇਬਸੀ ਦੇ ਆਲਮ ਵਿਚ ਪਲ ਪਲ ਕਰਕੇ ਜੀ ਰਹੇ ਹਨ। ਕੋਈ ਹੈ ਜੋ ਇਨ੍ਹਾਂ ਪਰਵਾਰਾਂ ਦੀ ਬਾਂਹ ਫੜ ਸਕੇ। ਪਰਵਾਰਾਂ ਦੀ ਕੂਕ ਪੁਕਾਰ ਵੀ ਹੈ :
ਜਾਵੋ ਨੀ ਕੋਈ ਮੋੜ
ਲਿਆਓ…।