ਇਸਲਾਮਾਬਾਦ, 25 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕਰਤਾਰਪੁਰ ਲਾਂਘੇ ਤੋਂ ਬਾਅਦ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ’ਚ ਸ਼ਾਰਦਾ ਪੀਠ ਲਾਂਘੇ ਨੂੰ ਵੀ ਹਿੰਦੂ ਸ਼ਰਧਾਲੂਆਂ ਅਤੇ ਖ਼ਾਸ ਕਰਕੇ ਗੁਆਂਢੀ ਮੁਲਕ ਦੇ ਸ਼ਰਧਾਲੂਆਂ ਲਈ ਖੋਲ੍ਹਣ ਨੂੰ ਮਨਜ਼ੂਰੀ ਦਿਤੇ ਜਾਣ ਦੀ ਖ਼ਬਰ ਹੈ। ਪਾਕਿਸਤਾਨ ਦੀ ਇਕ ਮੀਡੀਆ ਰਿਪੋਰਟ ਨੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਪਹਿਲਾਂ ਹੀ ਇਸ ਲਾਂਘੇ ਨੂੰ ਖੋਲ੍ਹਣ ਲਈ ਪ੍ਰਸਤਾਵ ਭੇਜ ਚੁਕਾ ਹੈ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਕਰਤਾਰਪੁਰ ਤੋਂ ਬਾਅਦ ਹਿੰਦੂਆਂ ਲਈ ਇਹ ਵਡੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਕੁਝ ਸਰਕਾਰੀ ਅਧਿਕਾਰੀ ਇਲਾਕੇ ਦਾ ਦੌਰਾ ਕਰਕੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਸੌਂਪਣਗੇ। ਜ਼ਿਕਰ-ਏ-ਖ਼ਾਸ ਹੈ ਕਿ ਸ਼ਾਰਦਾ ਮੰਦਰ ਹਿੰਦੂਆਂ ਦਾ ਇਕ ਪ੍ਰਸਿਧ ਮੰਦਰ ਹੈ। ਇਹ ਮੰਦਰ ਕਰੀਬ 5 ਹਜ਼ਾਰ ਸਾਲ ਪੁਰਾਣਾ ਹੈ ਅਤੇ ਮਹਾਰਾਜਾ ਅਸ਼ੋਕ ਦੇ ਕਾਰਜਕਾਲ ’ਚ ਇਸ ਦਾ ਨਿਰਮਾਣ ਹੋਇਆ ਸੀ। ਮੰਦਰ ਦੇ ਨਜ਼ਦੀਕ ਇਕ ਤਲਾਬ ਹੈ, ਜਿਸ ਨੂੰ ‘ਮਾਦੋਮਤੀ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਦਾ ਜਲ ਹਿੰਦੂ ਭਾਈਚਾਰੇ ਲਈ ਬਹੁਤ ਮਹਤਵ ਰਖਦਾ ਹੈ।