ਭਾਰਤੀ ਹਵਾਈ ਫ਼ੌਜ ਨੂੰ ਮਿਲਿਆ ਚਿਨੂਕ ਹੈਲੀਕਾਪਟਰ

ਭਾਰਤ ਲਈ ਸਾਬਿਤ ਹੋਵੇਗਾ ਗੇਮ ਚੇਂਜਰ : ਬੀ.ਐਸ. ਧਨੋਆ

ਚੰਡੀਗੜ੍ਹ, 25 ਮਾਰਚ- ਅਤਿ ਆਧੁਨਿਕ ਚਿਨੂਕ ਹੈਲੀਕਾਪਟਰ ਅਜ ਰਸਮੀ ਤੌਰ ’ਤੇ ਭਾਰਤੀ ਹਵਾਈ ਫ਼ੌਜ ਨੂੰ ਮਿਲ ਗਿਆ ਹੈ। ਇਸ ਨੂੰ ਪਾਕਿਸਤਾਨੀ ਸਰਹਦ ’ਤੇ ਹਵਾਈ ਫ਼ੌਜ ਵਲੋਂ ਜ਼ਿਆਦਾ ਤਾਕਤਵਰ ਬਣਾ ਕੇ ਇਸਤੇਮਾਲ ਕੀਤਾ ਜਾਵੇਗਾ। ਮਿਲਟਰੀ ਮਿਸ਼ਨ ਹੈਲੀਕਾਪਟਰ ਨੂੰ ਬੋਇੰਗ ਕੰਪਨੀ ਨੇ ਬਣਾਇਆ ਹੈ। ਚੰਡੀਗੜ੍ਹ ’ਚ ਚਿਨੂਕ ਹੈਲੀਕਾਪਟਰ ਦੇ ਇੰਡਕਸ਼ਨ ਸਮਾਗਮ ਦੌਰਾਨ ਏਅਰਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਕਿਹਾ ਕਿ ਦੇਸ਼ ਸਾਹਮਣੇ ਕਈ ਸੁਰਖਿਆ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵਖ-ਵਖ ਖੇਤਰਾਂ ’ਚ ਵਰਟੀਕਲ ਲਿਫ਼ਟ ਸਮਰਥਾ ਦੀ ਜ਼ਰੂਰਤ ਸੀ। ਚਿਨੂਕ ਨੂੰ ਭਾਰਤ ਨੇ ਖ਼ਾਸ ਜ਼ਰੂਰਤਾਂ ਲਈ ਖ਼ਰੀਦਿਆ ਹੈ। ਇਹ ਇਕ ਰਾਸ਼ਟਰੀ ਜਾਇਦਾਦ ਹੈ। ਇਸ ਦੌਰਾਨ ਧਨੋਆ ਨੇ ਕਿਹਾ ਕਿ ਚਿਨੂਕ ਹੈਲੀਕਾਪਟਰ ਸਾਡੀਆਂ ਫ਼ੌਜੀ ਮੁਹਿੰਮਾਂ ਨੂੰ ਨਾ ਸਿਰਫ਼ ਦਿਨ ਵੇਲੇ ਬਲਕਿ ਰਾਤ ਨੂੰ ਵੀ ਅੰਜਾਮ ਦੇ ਸਕਦਾ ਹੈ। ਇਸ ਦੀ ਦੂਸਰੀ ਯੂਨਿਟ ਆਸਾਮ ’ਚ ਦਿਨਜਾਨ ’ਚ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲੜਾਕੂ ਜਹਾਜ਼ਾਂ ਦੇ ਬੇੜੇ ’ਚ ਰਾਫੇਲ ਦੀ ਤਰ੍ਹਾਂ ਹੀ ਚਿਨੂਕ ਵੀ ਗੇਮ ਚੇਂਜਰ ਸਾਬਿਤ ਹੋਣ ਜਾ ਰਿਹਾ ਹੈ। ਕਰੀਬ 11 ਹਜ਼ਾਰ ਕਿਲੋ ਤਕ ਦੇ ਹਥਿਆਰਾਂ ਅਤੇ ਜਵਾਨਾਂ ਨੂੰ ਆਸਾਨੀ ਨਾਲ ਚੁਕਣ ਵਾਲਾ, ਉਚਾਈ ਵਾਲੇ ਇਲਾਕਿਆਂ ’ਚ ਉਡਾਨ ਭਰਨ ਅਤੇ ਰਾਸ਼ਨ ਪਹੁੰਚਾਉਣ ਦੇ ਨਾਲ ਹੀ ਇਹ ਹੈਲੀਕਾਪਟਰ ਛੋਟੇ ਹੈਲੀਪੈਡ ਅਤੇ ਘਾਟੀ ’ਚ ਵੀ ਲੈਂਡ ਕਰ ਸਕਦਾ ਹੈ।

Send this to a friend