ਬੈਂਕਾਂ ਦੀ ਅਗਵਾਈ ’ਚ ਬੋਰਡ ਚਲਾਏਗਾ ਕੰਪਨੀ
ਨਵੀਂ ਦਿਲੀ, 25 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਜੈਟ ਏਅਰਵੇਜ਼ ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਹੈ। ਕੰਪਨੀ ਦੀ ਡਿਗੀ ਮਾਲੀ ਹਾਲਤ ਦੇ ਮਦੇਨਜ਼ਰ ਸਰਕਾਰ ਨੂੰ ਵੀ ਇਸ ਵਿਚ ਦਖ਼ਲ ਦੇਣਾ ਪਿਆ। ਇਸ ਦਰਮਿਆਨ ਸੋਮਵਾਰ ਨੂੰ ਕੰਪਨੀ ਦੇ ਬੋਰਡ ਤੋਂ ਮੁਖ ਪ੍ਰਮੋਟਰ ਨਰੇਸ਼ ਗੋਇਲ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਨੇ ਅਸਤੀਫ਼ਾ ਦੇ ਦਿਤਾ ਹੈ। ਜ਼ਿਕਰਯੋਗ ਹੈ ਕਿ ਜੈਟ ਏਅਰਵੇਜ਼ ਨੂੰ ਖਸਤਾ ਮਾਲੀ ਹਾਲਤ ਤੋਂ ਉਭਾਰਨ ਲਈ ਉਸ ਦੇ ਕਰਜ਼ ਦਾ ਪੁਨਰਗਠਨ ਹੋਣ ਅਤੇ ਏਤੀਹਾਦ ਏਅਰਵੇਜ਼ ਤੇ ਨੈਸ਼ਨਲ ਇਨਵੈਸਟਮੈਂਟ ਐਂਡ ਇਨਫਰਾਸਟ੍ਰਚਰ ਫੰਡ ਵਲੋਂ ਨਿਵੇਸ਼ ਹੋਣ ਨਾਲ ਘਾਟੇ ’ਚ ਚਲ ਰਹੀ ਕੰਪਨੀ ਨੂੰ ਕਰੀਬ 3,400 ਕਰੋੜ ਰੁਪਏ ਦਾ ਨਵਾਂ ਫੰਡ ਮਿਲਣ ਦੀ ਆਸ ਬਝੀ ਸੀ। ਮੰਨਿਆ ਜਾ ਰਿਹਾ ਸੀ ਕਿ ਇਸ ਪ੍ਰਕਿਰਿਆ ’ਚ ਡਾਇਰੈਕਟਰ ਨਰੇਸ਼ ਗੋਇਲ ਦੀ ਹਿਸੇਦਾਰੀ ਮੌਜੂਦਾ 51 ਫ਼ੀਸਦੀ ਤੋਂ ਘਟ ਕੇ 20 ਫ਼ੀਸਦੀ ’ਤੇ ਆ ਜਾਵੇਗੀ। ਆਬੂ ਧਾਬੀ ਦੀ ਏਤੀਹਾਦ ਏਅਰਵੇਜ਼ ਕੰਪਨੀ ’ਚ ਕਰੀਬ 1,400 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਵੀ ਮਨ ਬਣਾ ਰਹੀ ਸੀ।