ਚੰਡੀਗੜ੍ਹ ਤੋਂ ਬਗੈਰ ਮੈਂ ਹੋਰ ਕਿਸੇ ਹਲਕੇ ਤੋਂ ਚੋਣ ਨਹੀਂ ਲੜਾਂਗਾ : ਪਵਨ ਬਾਂਸਲ

ਤਪਾ ਮੰਡੀ, 24 ਮਾਰਚ (ਲੁਭਾਸ਼ ਸਿੰਗਲਾ, ਗੁਰਪ੍ਰੀਤ ਸਿੰਘ)- ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਭਾਵੇਂ ਕਾਂਗਰਸ ਦੇ ਅਸੀਂ ਤਿੰਨ ਦਾਅਵੇਦਾਰ ਆਪੋ ਆਪਣੀ ਜ਼ੋਰ ਅਜਮਾਈ ਕਰ ਰਹੇ ਹਾਂ, ਪਰ ਕਾਂਗਰਸ ਹਾਈਕਮਾਡ ਵੱਲੋਂ ਮੈਨੂੰ (ਪਵਨ ਬਾਂਸਲ) ਹੀ ਟਿਕਟ ਦਿੱਤੇ ਜਾਣ ਦੀ ਯਕੀਨ ਦਹਾਨੀ ਕਰਵਾਈ ਗਈ ਹੈ। ਇਹ ਦਾਅਵਾ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਅੱਜ ਇੱਥੇ ਆਪਣੇ ਜੱਦੀ ਨਗਰ ਤਪਾ ਵਿਖੇ ਇੱਕ ਸਮਾਜਿਕ ਸਮਾਗਮ ਦੌਰਾਨ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਚੰਡੀਗੜ੍ਹ ਤੋਂ ਟਿਕਟ ਦੇ ਜੋ ਦੋ ਹੋਰ ਦਾਅਵੇਦਾਰ ਹਨ ਉਹ ਬਾਹਰੋਂ ਹਨ, ਜਦੋਂ ਕਿ ਚੰਡੀਗੜ੍ਹ ਮੇਰੀ ਹਮੇਸ਼ਾਂ ਕ੍ਰਮਭੂਮੀ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਲਕੇ ਦੇ ਕੀਤੇ ਮੇਰੇ ਕੰਮਾਂ ਅਤੇ ਸੇਵਾ ਨੂੰ ਚੰਡੀਗੜ੍ਹ ਨਿਵਾਸੀ ਅੱਜ ਤੱਕ ਯਾਦ ਕਰਦੇ ਆ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਚੰਡੀਗੜ੍ਹ ਨੂੰ ਕੇਂਦਰੀ ਸਾਸ਼ਤ ਪ੍ਰਦੇਸ਼ ਰੱਖਣ ਦੀ ਸਦਾ ਪੈਰਵੀ ਕਰਦੇ ਆਏ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਸਿਆਸੀ ਗਲਿਆਰਿਆ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਪਾਰਟੀ ਉਨ੍ਹਾਂ ਨੂੰ ਚੰਡੀਗੜ੍ਹ ਦੀ ਥਾਂ ਹਲਕਾ ਸੰਗਰੂਰ ਤੋਂ ਚੋਣ ਲੜਨ ਦੀ ਪੇਸ਼ਕਸ਼ ਵੀ ਕਰ ਸਕਦੀ ਹੈ ਤਾਂ ਉਨ੍ਹਾਂ ਅਜਿਹੀਆਂ ਕਿਆਸਅਰਾਈਆਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਤੋਂ ਇਲਾਵਾ ਹੋਰ ਕਿਸੇ ਲੋਕ ਸਭਾ ਹਲਕੇ ਤੋਂ ਚੋਣ ਨਹੀਂ ਲੜਣਗੇ ਕਿਉਂਕਿ ਚੰਡੀਗੜ੍ਹ ਵਿੱਚ ਹੀ ਉਨ੍ਹਾਂ ਦਾ ਠੋਸ ਸਿਅਸੀ ਆਧਾਰ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਸਨਮਾਨ ਤਾਂ ਜਰੂਰ ਮਿਲਿਆ ਹੈ ਪਰ ਉਹ ਰੁਤਬਾ ਨਹੀਂ ਮਿਲਿਆ ਜਿਸ ਦੀ ਉਹ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਆਪਣੀ ਆਵਾਜ ਬੁ¦ਦ ਕਰਦੇ ਰਹੇ ਹਨ। ਲੋਕ ਸਭਾ ਚੋਣਾਂ ਦੀ ਗੱਲ ਕਰਦਿਆਂ ਪਵਨ ਬਾਂਸਲ ਨੇ ਕਿਹਾ ਕਿ ਪ੍ਰਿਯੰਕਾ ਵਡੇਰਾ ਦੇ ਰਾਜਨੀਤੀ ਵਿੱਚ ਆਉਂਣ ਨਾਲ ਦੇਸ਼ ਦੀ ਫ਼ਿਜਾ ਹੀ ਬਦਲ ਗਈ ਹੈ। ਯੂਪੀ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਧ ਸੀਟਾਂ ਹਾਸਲ ਕਰੇਗੀ । ਉਨ੍ਹਾਂ ਆਖਿਆ ਕਿ ਇਹ ਕਹਿਣਾ ਗਲਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਅੰਦਰ ਲਹਿਰ ਚੱਲ ਰਹੀ ਹੈ, ਜਦੋਂ ਕਿ ਭਾਜਪਾ ਨੂੰ ਇਨ੍ਹਾਂ ਚੋਣਾਂ ਵਿੱਚ ਮੂੰਹ ਦੀ ਖਾਣੀ ਪਵੇਗੀ। ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਹੈਰਾਨੀ ਜਨਕ ਹੋਣਗੇ ਅਤੇ ਕਾਂਗਰਸ ਦੀਆਂ ਹਮਖਿਆਲੀ ਪਾਰਟੀਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਸਵੀਕਾਰ ਕਰਨਗੀਆਂ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਿੱਠਣ ਲਾਲ ਬਾਂਸਲ, ਜਵਾਹਰ ਲਾਲ ਬਾਂਸਲ, ਰਾਜ ਕੁਮਾਰ ਗੁਪਤਾ, ਮਨੋਜ ਮੋਜੀ ਸਹਿਣਾ, ਸੱਤਪਾਲ ਮੌੜ ਅਤੇ ਸੁਰਿੰਦਰ ਬਾਂਸਲ ਆਦਿ ਹਾਜ਼ਰ ਸਨ।

Send this to a friend