ਸ੍ਰੀ ਅਨੰਦਪੁਰ ਸਾਹਿਬ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭੇ ਹੋਲੇ ਮਹੱਲੇ ਦਾ ਪਾਵਨ ਤਿਉਹਾਰ ਸਮੁੱਚੇ ਰੂਪ ਵਿਚ ਅਮਨ ਸ਼ਾਂਤੀ ਤੇ ਸਫਲਤਾ ਪੂਰਵਕ ਸੰਪੂਰਨ ਹੋਣ ’ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸਮੁੱਚੀ ਸਿੱਖ ਸੰਗਤ, ਸਮੂਹ ਨਿਹੰਗ ਸਿੰਘ ਦਲਾਂ ਦੇ ਮੁਖੀਆਂ, ਸੰਤ ਮਹਾਂਪੁਰਸ਼ਾਂ, ਸੇਵਾ ਸਭਾ ਸੁਸਾਇਟੀਆਂ ਤੇ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬਿਆਨ ਜਾਰੀ ਕਰਦਿਆਂ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ 22 ਮਾਰਚ ਨੂੰ ਬੁੱਢਾ ਦਲ 96ਵੇਂ ਕਰੋੜੀ ਦੀ ਅਗਵਾਈ ਹੇਠ ਸਜਾਏ ਗਏ ਹੋਲਾ ਮਹੱਲਾ ਮੌਕੇ ਸਮੁੱਚੇ ਹੀ ਨਿਹੰਗ ਸਿੰਘ ਦਲਾਂ ਦੇ ਜਥੇਦਾਰ ਸਾਹਿਬਾਨ ਤੇ ਨਿਹੰਗ ਸਿੰਘਾਂ ਨੇ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸਤਿਗੁਰਾਂ ਦੀ ਰਹਿਮਤ ਸਦਕਾ ਹੋਲੇ ਮਹੱਲੇ ਦੇ ਸਾਰੇ ਸਮਾਗਮ ਸ਼ਾਂਤੀਪੂਰਵਕ ਸੰਪੰਨ ਹੋਏ ਹਨ। ਉਨ੍ਹਾਂ ਕਿਹਾ ਕਿ ਜੰਗਜੂ ਕਲਾ ਨੂੰ ਰੂਪਮਾਨ ਕਰਦੇ ਇਸ ਤਿਉਹਾਰ ਮੌਕੇ ਬੁੱਢਾ ਦਲ ਸਮੇਤ ਹੋਰਨਾ ਜਥੇਬੰਦੀਆਂ ਵੱਲੋਂ ਕਰਵਾਏ ਗਏ ਅੰਮ੍ਰਿਤ ਸੰਚਾਰ ਸਮਾਗਮਾਂ ਸਮੇਂ ਅਨੇਕਾਂ ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰੂ ਵਾਲੇ ਬਣੇ ਹਨ।
ਸ. ਬੇਦੀ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਸੇਵਾਵਾਂ ਨਿਭਾਉਣ ਵਾਲੇ ਵੱਖ-ਵੱਖ ਸੰਤਾਂ-ਮਹਾਂਪੁਰਖਾਂ, ਸੇਵਾ ਸੁਸਾਇਟੀਆਂ, ਧਾਰਮਿਕ ਸਭਾਵਾਂ ਜਿਨ੍ਹਾਂ ਨੇ ਲੰਗਰਾਂ ਤੇ ਹੋਰ ਸੰਗਤ ਦੀ ਆਉ-ਭਗਤ ਲਈ ਉਪਰਾਲੇ ਕੀਤੇ ਉਨ੍ਹਾਂ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕੋਟਨ ਕੋਟਿ ਧੰਨਵਾਦ ਕਰਦਿਆਂ ਸਤਿਗੁਰਾਂ ਅਗੇ ਅਰਦਾਸ ਕੀਤੀ ਕਿ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ, ਭਾਵਨਾ ਅਕਾਲ ਪੁਰਖ ਪੂਰਨ ਕਰਨ।