ਚਰਖੜ੍ਹੀਆਂ ਤੇ ਚੜ੍ਹਨ ਵਾਲੇ ਗੁਰਸਿੱਖ ਭਾਈ ਸੁਬੇਗ ਸਿੰਘ, ਭਾਈ ਸਾਹਬਾਜ਼ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਸਾਜਣ ਦਾ ਮਨੋਰਥ ਸ਼ੁੱਧ ਲੋਕਾਂ ਦੀ ਇੱਕ ਕੌਮ ਦੀ ਨੀਂਹ ਰੱਖਣੀ ਸੀ, ਜੋ ਧਰਮ ਅਤੇ ਸਮਾਜ ਦੀਆਂ ਬੁਰਾਈਆਂ ਤੋਂ ਸੁਤੰਤਰ ਹੋਣ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਵਿੱਚ ਸੂਰਮੇ ਦੀ ਪ੍ਰੀਭਾਸ਼ਾ ਦਿੰਦੇ ਦੱਸਦੇ ਹਨ ਕਿ ਰਣ ਖੇਤਰ ਦੇਖ ਕੇ ਤਾਂ ਸੂਰਮੇ ਦੇ ਮਨ ਵਿੱਚ ਚਾਉ ਪੈਦਾ ਹੁੰਦਾ ਹੈ।
ਰਣੁ ਦੇਖਿ ਸੂਰੇ ਚਿਤ ਉਲਾਸ (ਅੰਗ-1180)
ਪ੍ਰਸਿੱਧ ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਜੀ ਲਿੱਖਦੇ ਹਨ ਕਿ ਜੋ ਕਾਰਨਾਮੇ ਸਿੱਖਾਂ ਨੇ ਉਸ ਯੁੱਗ ਵਿੱਚ ਕੀਤੇ, ਉਹਨਾਂ ਦੀ ਯਾਦ ਸਦਕਾ ਹੀ ਅਸੀਂ ਸਿਰ ਉਚਾ ਕਰਨ ਦੇ ਯੋਗ ਹੋ ਸਕੇ ਹਾਂ। ਇਸ ਲਈ ਇਹ ਘਟਨਾਵਾਂ ਸਾਡੀ ਨਿੱਤ ਦੀ ਅਰਦਾਸ ਦਾ ਹਿੱਸਾ ਬਣ ਗਈਆਂ। ਇਹ ਸਮਾਂ ਅਰਦਾਸ ਦੇ ਉਹਨਾਂ ਅੱਖਰਾਂ ‘ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ, ਜਹਾਂ-ਜਹਾਂ ਖਾਲਸਾ ਜੀ ਸਾਹਿਬ, ਤਹਾਂ-ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ-ਜੁੱਗ ਅਟੱਲ, ਧਰਮ ਕਾ ਜੈਕਾਰ ਦੇ ਜੈਕਾਰੇ ਨਿੱਤ ਗੂੰਜਦੇ ਹਨ ਤੇ ਸਦਾ ਗੂੰਜਦੇ ਰਹਿਣਗੇ। ਸਿੱਖ ਧਰਮ ਵਿੱਚ ਪਰਪੱਕ ਰਹਿਣ ਵਾਲੇ ਪਿਉ ਪੁੱਤਰ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਨੇ ਧਰਮ ਖਾਤਰ ਸ਼ਹੀਦੀ ਪ੍ਰਾਪਤ ਕੀਤੀ. ਜਿੰਨ੍ਹਾਂ ਨੇ ਸਿੱਖੀ ਸਿਦਕ ਸਿਰ ਦੇ ਕੇ ਨਿਭਾਇਆ, ਪਰ ਆਪਣੇ ਧਰਮ ਤੋਂ ਉਖੜੇ ਨਹੀ। ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਪਿੰਡ ਜੰਬਰ, ਤਹਿਸੀਲ ਚੂਣੀਆਂ, ਥਾਣਾ ਛਾਂਗਾ ਮਾਂਗਾ, ਲਾਹੌਰ ਦੇ ਰਹਿਣ ਵਾਲੇ ਸਨ। ਪਿੰਡ ਜੰਬਰ ਸਟੇਸ਼ਨ ਛਾਂਗਾ ਮਾਂਗਾ ਤੋਂ ਪੰਜ ਮੀਲ ਦੀ ਦੂਰੀ ਤੇ ਸਥਿੱਤ ਹੈ। ਇਤਿਹਾਸ ਵਿੱਚ ਆਉਂਦਾ ਹੈ ਕਿ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਇਸ ਪਿੰਡ ਵਿੱਚ ਪਾਏ ਸਨ। ਭਾਈ ਸੁਬੇਗ ਸਿੰਘ ਤੇ ਭਾਈ ਸਾਹਬਾਜ਼ ਸਿੰਘ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਭਾਈ ਸੁਬੇਗ ਸਿੰਘ ਸਰਕਾਰੀ ਠੇਕੇਦਾਰ ਸਨ ਤੇ ਸਰਕਾਰੇ ਦਰਬਾਰੇ ਪੂਰਾ ਰੋਹਬ ਸੀ। ਭਾਈ ਸਾਹਬ ਅਰਬੀ ਫਾਰਸੀ ਦੇ ਚੰਗੇ ਵਿਦਵਾਨ ਸਨ। ਸਿੱਖੀ ਸਿਧਾਂਤ ਤੇ ਆਚਰਣ ਦੇ ਪੂਰਨ ਗੁਰਸਿੱਖ ਸਨ। ਖਾਲਸੇ ਨੂੰ ਹਰ ਸਰਕਾਰੀ ਖਤਰੇ ਤੋਂ ਪਹਿਲਾਂ ਹੀ ਖਬਰੀ ਰਾਹੀਂ ਖਬਰਾਂ ਪਹੁੰਚਾ ਦਿੰਦੇ ਸਨ।
ਪੰਥ ਖਾਤਰ ਤਨ ਮਨ ਧਨ ਲਾਵੈ।
ਨਹਿ ਪੁੱਤਰ ਪੋਤਰੇ ਕੇ ਹੇਤ ਰਖਾਵੈ।
ਭਾਈ ਸੁਬੇਗ ਸਿੰਘ ਜੀ ਦਾ ਲੜਕਾ ਭਾਈ ਸ਼ਾਹਬਾਜ਼ ਸਿੰਘ ਲਾਹੌਰ ਵਿੱਚ ਹੀ ਇੱਕ ਕਾਜ਼ੀ ਕੋਲ ਅਰਬੀ ਫਾਰਸੀ ਦੀ ਵਿਦਿਆ ਪ੍ਰਾਪਤ ਕਰਦਾ ਸੀ। ਉਸ ਕਾਜ਼ੀ ਨੇ ਸਿੱਖ ਹੋਣ ਕਰਕੇ ਭਾਈ ਸ਼ਾਹਬਾਜ਼ ਸਿੰਘ ਨੂੰ ਮੁਸਲਮਾਨ ਬਣਨ ਲਈ ਪ੍ਰੇਰਿਆ। ਭਾਈ ਸ਼ਾਹਬਾਜ਼ ਸਿੰਘ ਨੇ ਕਾਜ਼ੀ ਦੇ ਮਨਸੂਬੇ ਫੇਲ ਕਰ ਦਿੱਤੇ। ਕਾਜ਼ੀ ਨੇ ਇਸ ਬੱਚੇ ਤੇ ਝੂਠਾ ਇਲਜ਼ਾਮ ਲਗਾਇਆ ਕਿ ਇਸ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਬੀਬੀ ਫਾਤਿਮਾ ਦੀ ਸ਼ਾਨ ਦੇ ਖਿਲਾਫ ਅਪਸ਼ਬਦ ਬੋਲੇ ਹਨ।ਇਹ ਇਲਜ਼ਾਮ ਲਗਾ ਕੇ ਭਾਈ ਸਾਹਬਾਜ਼ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ।ਬੱਚੇ ਨੂੰ ਡਰਾ ਧਮਕਾ ਕੇ ਜ਼ੋਰ ਪਾਇਆ ਗਿਆ ਕਿ ਇਸਲਾਮ ਕਬੂਲ ਕਰ ਲਵੇ ਤਾਂ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ ਤੇ ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ, ਪਰ ਭਾਈ ਸ਼ਾਹਬਾਜ਼ ਸਿੰਘ ਨੇ ਇਸਲਾਮ ਕਬੂਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।ਭਾਈ ਸ਼ਾਹਬਾਜ਼ ਸਿੰਘ ਨੂੰ ਚਰਖੜ੍ਹੀ ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਗਿਆ।ਸਰਕਾਰੇ ਦਰਬਾਰੇ ਰੋਹਬ ਹੋਣ ਕਾਰਨ ਜਦ ਪਿਤਾ ਸ੍ਰ. ਸੁਬੇਗ ਸਿੰਘ ਨੇ ਇਸ ਗੱਲ ਦਾ ਵਿਰੋਧ ਜਤਾਇਆ ਤਾਂ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਪਿਉ ਪੁੱਤਰ ਨੂੰ ਇੱਕਠੇ ਹੀ ਚਰਖੜ੍ਹੀ ਤੇ ਚਾੜ੍ਹਨ ਦਾ ਫੁਰਮਾਣ ਜਾਰੀ ਕਰ ਦਿੱਤਾ।ਦੋਵੇਂ ਪਿਉ ਪੁੱਤਰ ‘ਅਕਾਲ-ਅਕਾਲ’ ਕਹਿ ਕੇ ਤਸੀਹੇ ਝੱਲ ਰਹੇ ਸਨ। ਕਈ ਵਾਰ ਦੋਵਾਂ ਅੱਗੇ ਇਸਲਾਮ ਕਬੂਲ ਕਰਨ ਵਾਲੀ ਸ਼ਰਤ ਰੱਖੀ ਗਈ ਕਿ ‘ਕਿਉਂ ਆਪਣੀ ਜਾਨ ਅਜ਼ਾਈਂ ਗਵਾ ਰਹੇ ਹੋ।’ ਦੋਵਾਂ ਪਿਉ ਪੁੱਤਰਾਂ ਨੇ ਅੱਗੋਂ ਉਤਰ ਦਿੱਤਾ ਕਿ ‘ ਦੀਨ ਕਬੂਲ ਕਰਨ ਨਾਲ ਕੀ ਸਾਨੂੰ ਮੌਤ ਨਹੀ ਆਵੇਗੀ। ਮੌਤ ਨੇ ਤਾਂ ਆਉਣਾ ਹੀ ਹੈ। ਅਸੀਂ ਕਾਇਰਾਂ ਵਾਲੀ ਮੌਤ ਮਰਨਾ ਪਸੰਦ ਨਹੀ ਕਰਾਂਗੇ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ।
ਮਰਨੋਂ ਡਰ ਹਮ ਦੀਨ ਮੋ ਕਰੋਂ।
ਕੋਇ ਦੀਨ ਮੈ ਫਿਰਿ ਨਹਿ ਮਰੋਂ।
ਚਰਖੜ੍ਹੀ ਘੁੰਮਦੀ ਰਹੀ। ਤਿੱਖੇ ਨੋਕੀਲੇ ਖੰਜ਼ਰ ਸੀਨੇ ਵਿੱਚ ਖੁੱਭਦੇ ਰਹੇ। ਦੋਵੇਂ ਪਿਉ ਪੁੱਤਰ ਸਿੱਖੀ ਖਾਤਿਰ ਤਸੀਹੇ ਝੱਲਦੇ ਰਹੇ।ਮੁੱਖੋਂ ‘ਅਕਾਲ-ਅਕਾਲ’ ਜੱਪਦੇ ਰਹੇ।ਅਧਮੋਇਆਂ ਹੋਇਆਂ ਨੂੰ ਇੱਕ ਵਾਰ ਫਿਰ ਚਰਖੜ੍ਹੀ ਤੋਂ ਹੇਠਾਂ ਉਤਾਰ ਕੇ ਦੋਵਾਂ ਨੂੰ ਵੱਖ-ਵੱਖ ਕਰਕੇ ਇੱਕ ਲੂੰਬੜ ਚਾਲ ਚੱਲੀ ਗਈ। ਪਿਉ ਨੂੰ ਕਿਹਾ ਕਿ ਤੇਰੇ ਪੁੱਤਰ ਨੇ ਇਸਲਾਮ ਕਬੂਲ ਕਰ ਲਿਆ ਹੈ ਤੂੰ ਵੀ ਮੰਨ ਜਾਹ। ਉਧਰ ਪੁੱਤਰ ਨੂੰ ਕਿਹਾ ਕਿ ਤੇਰੇ ਪਿਉ ਨੇ ਇਸਲਾਮ ਕਬੂਲ ਕਰ ਲਿਆ ਹੈ। ਤੂੰ ਵੀ ਮੰਨ ਜਾਹ, ਪਰ ਉਹਨਾਂ ਦੀ ਇਹ ਲੂੰਬੜ ਚਾਲ ਨਾ ਚੱਲ ਸਕੀ। ਭਾਈ ਸੁਬੇਗ ਸਿੰਘ ਜੀ ਨੇ ਉਚੀ ਅਵਾਜ਼ ਵਿੱਚ ਜੋ ਕਿਹਾ, ਉਸਨੂੰ ‘ਪੰਥ ਪ੍ਰਕਾਸ਼’ ਦੇ ਲਿਖਾਰੀ ਨੇ ਇਸ ਤਰ੍ਹਾਂ ਲਿਖਿਆ ਹੈ:
ਸਿੱਖ ਕਾਜ ਸੁ ਗੁਰੂ ਹਮਾਰੇ।
ਸੀਸ ਦੀਉ ਨਿਜ ਸਣ ਪਰਵਾਰੇ।
ਹਮ ਕਾਰਨ ਗੁਰ ਕੁਲਹਿ ਗਵਾਈ।
ਹਮ ਕੁਲ ਰਾਖੈਂ ਕੋਣ ਬਡਾਈ।
ਇਸਲਾਮ ਕਬੂਲ ਕਰਨ ਤੋਂ ਨਾਂਹ ਕਰਨ ਤੇ ਫਿਰ ਦੋਵਾਂ ਨੂੰ ਚਰਖੜ੍ਹੀ ਤੇ ਚਾੜਿਆ ਗਿਆ। ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਨੇ ‘ਅਕਾਲ-ਅਕਾਲ’ ਪੁਕਾਰਦੇ ਹੋਏ ਸਿੱਖੀ ਖਾਤਿਰ ਸ਼ਹੀਦੀ ਪ੍ਰਾਪਤ ਕਰਕੇ ਰੱਖ ਵਖਾਈ ਤੇ ਸਦਾ-ਸਦਾ ਲਈ ਗੁਰੂ ਚਰਨਾਂ ਵਿੱਚ ਅਭੇਦ ਹੋ ਗਏ। ਜ਼ਕਰੀਆ ਖਾਨ ਦੀ ਮੌਤ ਪਹਿਲੀ ਜੁਲਾਈ 1745 ਨੂੰ ਹੋਈ । ਜ਼ਕਰੀਆਂ ਖਾਨ ਦੀ ਮੌਤ ਦੀ ਪੁਸ਼ਟੀ ਪ੍ਰਸਿੱਧ ਇਤਿਹਾਸਕਾਰ ਖੁਸ਼ਵਕ ਰਾਇ, ਸੋਹਣ ਲਾਲ, ਅਲੀ-ਉਲ-ਦੀਨ, ਕਨਿੰਘਮ ਵੀ ਕਰਦੇ ਹਨ। ਉਸ ਤੋਂ ਬਾਦ ਉਸਦਾ ਪੁੱਤਰ ਯਾਹੀਆ ਖਾਨ ਤਖਤ ਤੇ ਬੈਠਾ। ਇਹ ਘਟਨਾ ਉਸ ਸਮੇਂ ਦੀ ਹੈ। ਸਿੱਖ ਕੌਮ ਦੇ ਐਸੇ ਮਹਾਨ ਸੂਰਬੀਰ ਯੋਧਿਆਂ ਨੂੰ ਕੋਟਿਨ ਕੋਟਿ ਪ੍ਰਣਾਮ।

Send this to a friend