ਬਾਬਾ ਨਿਧਾਨ ਸਿੰਘ ਜੀ ਦਾ ਜਨਮ ਪਿੰਡ ਨਡਾਲੋਂ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਿਤਾ ਸ. ਉਤਮ ਸਿੰਘ ਪਰਮਾਰ ਦੇ ਘਰ ਮਾਤਾ ਗੁਲਾਬ ਕੌਰ ਜੀ ਦੀ ਕੁੱਖੋਂ 25 ਮਾਰਚ 1882 ਈ. ਨੂੰ ਹੋਇਆ। ਆਪ ਇੱਕ ਉਤਮ ਪੁੱਤਰ ਸਨ। ਜਿਨ੍ਹਾਂ ਨੇ ਗੁਲਾਬ ਦੇ ਫੁੱਲ ਦੀ ਤਰ੍ਹਾਂ ਸੰਸਾਰ ਵਿੱਚ ਸੇਵਾ ਅਤੇ ਸਿਮਰਨ ਦੀ ਮਹਿਕ ਛੱਡੀ। ਮਾਤਾ ਪਿਤਾ ਨੇ ਆਪ ਦਾ ਨਾਮ ਨਿਧਾਨ ਸਿੰਘ ਰੱਖਿਆ। ਨਿਧਾਨ ਦਾ ਅਰਥ ਹੈ ‘ਆਸਰਾ’। ਮਾਤਾ ਪਿਤਾ ਦਾ ਭਾਵ ਸੀ ਸਾਡੇ ਜੀਵਨ ਦਾ ਅਧਾਰ ਆਸਰਾ ਪੈਦਾ ਹੋਇਆ ਹੈ। ਪਰ ਉਨਾਂ ਨੂੰ ਇਹ ਨਹੀਂ ਪਤਾ ਸੀ ਕਿ ਨਿਧਾਨ ਸਿੰਘ ਸੰਸਾਰ ਭਰ ’ਚ ਸੇਵਾ ਸਿਮਰਨ ਰਾਹੀਂ ਸਿੱਖੀ ਪ੍ਰਚਾਰ ਪ੍ਰਸਾਰ ਕਰਕੇ ਸੰਤ ਜਨ ਦੀ ਉਪਾਧੀ ਪ੍ਰਾਪਤ ਕਰੇਗਾ।
ਆਪ ਜੀ ਦੇ ਸ. ਅਤਰ ਸਿੰਘ, ਸ. ਈਸ਼ਰ ਸਿੰਘ ਅਤੇ ਸ. ਮਹਾਂ ਸਿੰਘ ਤਿੰਨ ਭਰਾ ਸਨ। ਜਿਨ੍ਹਾਂ ਵਿੱਚ ਆਪ ਸਭ ਤੋਂ ਛੋਟੇ ਸਨ। ਬਾਬਾ ਜੀ ਦਾ ਪਰਿਵਾਰ ਬੇਸ਼ੱਕ ਬਹੁਤਾ ਅਮੀਰ ਤਾਂ ਨਹੀਂ ਸੀ। ਪਰ ਗੁਰਸਿੱਖੀ ਦੇ ਮਜੀਠ ਰੰਗ ਵਿੱਚ ਰੱਤਾ ਹੋਣ ਕਾਰਣ ‘ਘਾਲ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਦੀ ਜੀਵਨ ਸ਼ੈਲੀ ਨਾਲ ਜੁੜਿਆ ਹੋਇਆ ਸੀ। ਗੁਰਸਿੱਖੀ ਦੇ ਰੰਗ ਵਾਲੀ ਜੀਵਨ-ਸ਼ੈਲੀ ਦੀ ਗੁੜਤੀ ਆਪ ਜੀ ਨੂੰ ਬੇਸ਼ੱਕ ਆਪਣੇ ਮਾਤਾ-ਪਿਤਾ ਤੋਂ ਪ੍ਰਾਪਤ ਹੋਈ। ਪਰ ਇਸ ਬੂਟੇ ਨੂੰ ਖਾਦ, ਗੋਡੀ ਤੇ ਪਾਣੀ ਦੇ ਕੇ ਮੌਲਣ ਤੇ ਫਲਦਾਰ ਬਨਾਉਣ ਵਿੱਚ ਨਡਾਲੋਂ ਦੇ ਹੀ ਇੱਕ ਮਹਾਨ ਤਪੱਸਵੀ ਸੰਤ ਬਾਬਾ ਦੀਵਾਨ ਸਿੰਘ ਜੀ ਦਾ ਵਡਮੁੱਲਾ ਯੋਗਦਾਨ ਹੈ।
ਬਾਬਾ ਨਿਧਾਨ ਸਿੰਘ ਜੀ ਦਾ ਬਚਪਨ ਪਿੰਡ ਵਿੱਚ ਲੰਘਿਆ। ਪੰਜਵੇਂ ਵਰਸ਼ ਦੀ ਆਯੂ ਵਿੱਚ ਗੁਰਮੁੱਖੀ ਤੇ ਗੁਰਬਾਣੀ ਪੜ੍ਹਨ ਬਿਠਾਏ ਗਏ ਤੇ ਆਪ ਜੀ ਨੇ ਗੁਰਬਾਣੀ ਦਾ ਅਧਿਐਨ ਛੇਤੀ ਹੀ ਕਰ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਬਣ ਕੇ ਗੁਰਬਾਣੀ ਦਾ ਅਰਥ-ਬੋਧ ਵੀ ਪ੍ਰਾਪਤ ਕਰ ਲਿਆ। ਬਾਬਾ ਨਿਧਾਨ ਸਿੰਘ ਜੀ ਨੇ ਨਿਰਮਲ ਭੇਖ ਦੇ ਪਠਲਾਵਾ ਡੇਰੇ ਤੋਂ ਧਾਰਮਿਕ ਵਿੱਦਿਆ ਗ੍ਰਹਿਣ ਕੀਤੀ। ਬਾਬਾ ਨਿਧਾਨ ਸਿੰਘ ਬੜੇ ਉਚੇ-ਲੰਮੇ ਕੱਦ ਵਾਲੇ ਤੇ ਗੱਠਵੇਂ ਸਰੀਰ ਵਾਲੇ ਦਰਸ਼ਨੀ ਨੌਜਵਾਨ ਬਣੇ। ਇਨਾਂ ਨੂੰ ਕੁਸ਼ਤੀ ਕਰਨ ਦਾ ਬੜਾ ਸ਼ੌਂਕ ਸੀ ਤੇ ਕੁਸ਼ਤੀ ਕਰਨ ਅਤੇ ਗੱਤਕੇ ਵਿੱਚ ਬੜੇ ਨਿਪੁੰਨ ਵੀ ਸਨ। ਸਾਥੀਆਂ ਦੇ ਕਹਿਣ ’ਤੇ ਫੌਜ ਵਿੱਚ ਭਰਤੀ ਹੋ ਗਏ। ਪਰ ਕੁੱਝ ਸਮਾਂ ਹੀ ਫੌਜ ਵਿਚ ਰਹੇ। ਕਿਉਂਕਿ ਉਥੇ ਵੀ ਆਪ ਜੀ ਦਾ ਮਨ ਗੁਰਮਤਿ ਦੇ ਗਾਡੀ ਮਾਰਗ ਵੱਲ ਹੀ ਲੀਨ ਰਿਹਾ। ਆਪ ਨੇ ਝਾਂਸੀ ਦੇ ਪੰਜ ਨੰਬਰ ਰਸਾਲੇ ਵਿੱਚ ਥੋੜਾ ਸਮਾਂ ਨੌਕਰੀ ਕੀਤੀ ਤੇ ਫੇਰ ਇੱਕ ਜਥਾ ਹਜ਼ੂਰ ਸਾਹਿਬ ਵੱਲ ਜਾਂਦਾ ਵੇਖ ਕੇ ਫੌਜ ਵਿੱਚੋਂ ਅਸਤੀਫ਼ਾ ਦੇ ਕੇ ਸੰਨ 1904 ਦੇ ਮੱਧ ਵਿੱਚ ਹਜੂਰ ਸਾਹਿਬ ਚਲੇ ਗਏ। ਉਸ ਸਮੇਂ ਦੇ ਸਮਕਾਲੀ ਬਜੁਰਗ ਸ. ਮਾਨ ਸਿੰਘ ਲਾਂਗਰੀ ਅਨੁਸਾਰ ਬਾਬਾ ਨਿਧਾਨ ਸਿੰਘ ਹਮੇਸ਼ਾ ਭਜਨ-ਬੰਦਗੀ ਵਿੱਚ ਹੀ ਲੀਨ ਰਹਿੰਦੇ ਸਨ। ਉਦੋਂ ਇੱਥੋਂ ਦਾ ਆਲਾ-ਦੁਆਲਾ ਬਹੁਤ ਬੇਰੌਣਕਾ ਸੀ। ਤਖ਼ਤ ਸਾਹਿਬ ਅਤੇ ਬੁੰਗਿਆਂ ਦੀ ਆਮਦਨ ਕੋਈ ਘੱਟ ਨਹੀਂ ਸੀ। ਪਰ ਸੇਵਾ ਭਾਵਨਾ ਤੋਂ ਵਿਹੂਣੇ ਪ੍ਰਬੰਧਕ ਸੰਗਤ ਦੀ ਸੇਵਾ ਵੱਲ ਧਿਆਨ ਦੇਣ ਤੋਂ ਕੰਨੀ ਕਤਰਾਉਂਦੇ ਸਨ।
ਸੰਤ ਬਾਬਾ ਨਿਧਾਨ ਸਿੰਘ ਜੀ ਨੇ ਦੇਖਿਆ ਕਿ ਯਾਤਰੂਆਂ ਨੂੰ ਲੰਗਰ ਤਾਂ ਕੀ ਜਲ ਤੱਕ ਵੀ ਨਹੀਂ ਸੀ ਛਕਾਇਆ ਜਾਂਦਾ। ਇਸ ਲਈ ਇਨ੍ਹਾਂ ਨੇ ਬੁੰਗਾ ਸਾਧੂ ਸਿੰਘ ਕੋਲ ਡੇਰਾ ਜਮਾਉਂਦਿਆਂ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਆਰੰਭ ਕਰ ਦਿੱਤੀ। ਸੰਗਤਾਂ ਨੇ ਖੁਸ਼ ਹੋ ਕੇ ਸੇਵਾ ਦੇਣੀ ਸ਼ੁਰੂ ਕਰ ਦਿੱਤੀ। ਜਿਸ ਦੀ ਮੱਦਦ ਨਾਲ ਹੀ ਆਪ ਨੇ ਜਲ ਦੇ ਨਾਲ-ਨਾਲ ਭੁੱਜੇ ਛੋਲੇ ਤੇ ਉਬਲੇ ਛੋਲਿਆਂ ਦੀਆਂ ਬੱਕਲੀਆਂ ਸੰਗਤਾਂ ਵਿੱਚ ਵਰਤਾਉਂਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਰਮ ਨਾਲ ਜਿੱਥੇ ਸੰਗਤਾਂ ਦਾ ਰੁੱਖ ਆਪ ਜੀ ਵੱਲ ਹੋ ਗਿਆ ਉਥੇ ਪੁਜਾਰੀਆਂ ਨੂੰ ਵੀ ਆਪਣੇ ਹੱਥਾਂ ਪੈਰਾਂ ਪੈ ਗਈ।ਆਪ ਜੀ ਸਰੀਰ ਪੱਖੋਂ ਤਾਂ ਸ਼ੁਰੂ ਤੋਂ ਹੀ ਰਿਸ਼ਟ-ਪੁਸ਼ਟ ਸਨ।
ਇਸ ਲਈ ਬੜੇ ਚਾਅ ਅਤੇ ਉਤਸ਼ਾਹ ਨਾਲ ਸੰਗਤਾਂ ਨੂੰ ਜਲ ਛਕਾਉਣ ਲਈ ਦਿਨ-ਰਾਤ ਗੋਦਾਵਰੀ ਨਦੀ ਤੋਂ ਜਲ ਦੀਆਂ ਗਾਗਰਾਂ ਭਰ-ਭਰ ਲਿਆਉਂਦੇ। ਜਿਸ ਨਾਲ ਸੰਗਤਾਂ ਵਿੱਚ ਆਪ ਜੀ ਦਾ ਜੱਸ ਫੈਲਣ ਲੱਗਾ। ਆਪ ਜੀ ਰੋਜ਼ਾਨਾ 100 ਤੋਂ 150 ਤੱਕ ਪਾਣੀ ਦੀਆਂ ਗਾਗਰਾਂ ਢੋਦੇਂ।ਆਪ ਨੇ ਗਾਗਰਾਂ ਦੇ ਨਾਮ ਗੁਰਦਿੱਤੀ ਅਤੇ ਰਾਮ ਪਿਆਰੀ ਰੱਖੇ ਹੋਏ ਸਨ। ਗਾਗਰਾਂ ਦੇ ਨਾਮ ਨਿਮਰਤਾ ਅਤੇ ਸਿਮਰਨ ਦੇ ਚਿੰਨ੍ਹ ਸਨ, ਤਾਂ ਜੋ ਹੁਓਮੈੇ ਪੈਦਾ ਨਾ ਹੋਵੇ ਅਤੇ ਆਪ ਜੀ ਸੇਵਾ ਕਰਦੇ- ਕਰਦੇ ਸਿਮਰਨ ਵੀ ਜਾਰੀ ਰੱਖਦੇ।
ਜਦ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਛਬੀਲ ਦੀ ਸੇਵਾ ਕਰਦੇ ਸਨ, ਤਦ ਗੁਰੂ ਕਾ ਲੰਗਰ ਇੱਕੋਂ ਵੇਲੇ ਹੁੰਦਾ ਸੀ ਤੇ ਨਗੀਨਾ ਘਾਟ ਹਾਜਰੀ ਨਹੀਂ ਸੀ ਚੱਲਦੀ। ਆਪ ਜੀ ਦੇ ਚਿੱਤ ਵਿੱਚ ਇਸੇ ਪ੍ਰੇਰਣਾ ਕਰਕੇ ਉਤਸ਼ਾਹ ਪੈਦਾ ਹੋਇਆ ਕਿ ਹਾਜਰੀ ਦੀ ਸੇਵਾ ਵੀ ਇਥੋਂ ਸ਼ੁਰੂ ਕੀਤੀ ਜਾਵੇ।
ਬਾਬਾ ਨਿਧਾਨ ਸਿੰਘ ਜੀ ਨੇ ਹਜ਼ੂਰ ਸਾਹਿਬ ਵਿੱਚ ਉਸ ਵੇਲੇ ਲੰਗਰ ਆਰੰਭ ਕੀਤਾ ਸੀ ਜਿਸ ਵੇਲੇ ਇਥੇ ਦਰਸ਼ਨ ਦੀਦਾਰੇ ਕਰਨ ਵਾਲੀਆਂ ਸੰਗਤਾਂ ਨੂੰ ਲੰਗਰ ਦੀ ਅਤਿਅੰਤ ਲੋੜ ਸੀ। 20ਵੀਂ ਸਦੀ ਦੇ ਆਰੰਭ ਵਿੱਚ ਸੱਚਖੰਡ ਹਜੂਰ ਸਾਹਿਬ ਨਾਂਦੇੜ ਦੀ ਹੁਣਵਰਗੀ ਆਬਾਦੀ ਨਹੀਂ ਸੀ ਸਗੋਂ ਜੰਗਲ ਵਿੱਚ ਘਿਰਿਆ ਇੱਕ ਛੋਟਾ ਜਿਹਾ ਕਸਬਾ ਸੀ। ਨਾ ਆਵਾਜਾਈ ਦੇ ਅੱਜ ਵਰਗੇ ਸਾਧਨ ਸਨ, ਨਾ ਸ਼ਹਿਰ ਸੀ, ਨਾ ਹੀ ਰਿਹਾਇਸ਼ ਦਾ ਕੋਈ ਪ੍ਰਬੰਧ ਸੀ। ਪੰਜਾਬ ਅਤੇ ਹੋਰ ਪ੍ਰਾਂਤਾਂ ਦੀਆਂ ਜਿਆਦਾ ਸੰਗਤਾਂ ਤੁਰ ਕੇ ਹਜੂਰ ਸਾਹਿਬ ਜਾਂਦੀਆਂ ਸਨ।ਲੰਮਾ ਸਫ਼ਰ ਹੋਣ ਕਰਕੇ ਕਾਫੀ ਸਮਾਂ ਰਹਿਣਾ ਪੈਂਦਾ ਸੀ, ਪਰ ਲੰਗਰ ਦਾ ਯੋਗ ਪ੍ਰਬੰਧ ਨਹੀਂ ਸੀ। ਆਪ ਜੀ ਤਨ-ਮਨ ਦੁਆਰਾ ਅੱਠ ਵਰਸ਼ ਸੇਵਾ ਕਰਦੇ ਰਹੇ ਪਰ ਕਈ ਈਰਖਾਵਾਦੀ ਆਪ ਜੀ ਤੇ ਬੇਲੋੜੇ ਦੁੂਸ਼ਣ ਲਗਾਉਣ ਲੱਗੇ ਅਤੇ ਨਿੰਦਾ ਕਰਨ ਲੱਗੇ।ਈਰਖਾਵਾਦੀ ਅਜਿਹਾ ਮਾਹੌਲ ਬਨਾਉਣ ਲੱਗ ਪਏ ਕਿ ਤਾਂ ਜੋ ਆਪ ਜੀ ਇਥੋਂ ਚਲੇ ਜਾਣ।
ਆਪ ਜੀ ਵਿਰੁੱਧ ਗੁੱਝੀਆਂ ਚਾਲਾਂ ਚੱਲਣ ਲੱਗੇ ਤੇ ਸ਼ਿਕਾਇਤਾਂ ਵੀ ਕਰਨ ਲੱਗ। ਸਰਕਾਰੀ ਸ਼ਿਕਾਇਤ ਨਾਲ ਗੱਲ ਨਾ ਬਣਦੀ ਵੇਖਕੇ ਬਾਅਦ ਵਿੱਚ ਇੱਕ ਦਿਨ ਆਪ ਨਾਲ ਕੁੱਟ ਮਾਰ ਕੀਤੀ ਗਈ। ਆਪ ਰੇਲਵੇ ਸਟੇਸ਼ਨ ਪਾਸ ਇੱਕ ਦਰੱਖਤ ਥੱਲੇ ਬੈਠ ਗਏ। ਆਪ ਜੀ ਦੀ ਫਰਿਆਦੀ ਰੂਹ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਇਸ ਵੇਲੇ ਉਨਾਂ ਦੇ ਸਾਹਮਣੇ ਇਕ ਦਮ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋ ਗਏ। ਗੁਰੂ ਜੀ ਦੇ ਦਰਸ਼ਨ ਕਰਕੇ ਸੰਤ ਨਿਧਾਨ ਸਿੰਘ ਜੀ ਨਿਹਾਲ ਹੋ ਗਏ। ਉਨ੍ਹਾਂ ਨੇ ਆਪਣਾ ਤਨ-ਮਨ-ਧਨ ਅਤੇ ਸੁਰਤਿ ਗੁਰੂ ਚਰਨਾਂ ਨੂੰ ਸਮਰਪਿਤ ਕਰ ਦਿੱਤੀ।ਆਪ ਜੀ ਨੂੰ ਇਸ ਤਰ੍ਹਾਂ ਦਾ ਬਚਨ ਕੀਤਾ ਭਾਈ ਤੂੰ ਚਿੱਤ ਲਾ ਕੇ ਸੇਵਾ ਕਰ ਮੈਂ ਤੇਰੇ ਸਦਾ ਨਾਲ ਹਾਂ।‘ਖੀਸਾ ਮੇਰਾ ਹੱਥ ਤੇਰਾ ’ ਦਾ ਬਚਨ ਹੋਇਆ। ਆਤਮਿਕ ਸੰਸਾਰ ਦਾ ਇਹ ਇੱਕ ਅਜਿਹਾ ਅਲੌਕਿਕ ਚਮਤਕਾਰ ਸੀ ਜਿਸ ਨੇ ਸੇਵਾ ਦਾ ਇੱਕ ਵਿਲੱਖਣ ਇਤਿਹਾਸ ਰਚਿਆ ਅਤੇ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਨੂੰ ਅਮਰ ਕਰ ਦਿੱਤਾ। ਸੇਵਾ ਸਿਮਰਨ ਅਤੇ ਪਰਉਪਕਾਰ ਕਰਦਿਆਂ ਆਪ ਜੀ 4 ਅਗਸਤ 1947 ਨੂੰ ਸੱਚਖੰਡ ਪਿਆਨਾ ਕਰ ਗਏ।
ਉਹਨਾਂ ਦੀ ਸਿੱਖੀ ਪ੍ਰਚਾਰ ਤੇ ਪ੍ਰਸਾਰ ਵਿਚ ਯੋਗਦਾਨ ਨੁੂੰ ਸੰਗਤਾਂ ਵਿਚ ਪ੍ਰਚਾਰਨ ਹਿਤ ਹਰ ਸਾਲ ਉਹਨਾਂ ਦੀ ਯਾਦ ਦੇਸ਼-ਵਿਦੇਸ਼ ਵਿੱਚ ਮਨਾਈ ਜਾਂਦੀ ਹੈ। ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਨਡਾਲੋਂ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਹੋਣਗੇ। ਇਸ ਤੋਂ ਇਲਾਵਾ ਨਿਊਯਾਰਕ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ।