ਤਰਨਤਾਰਨ, 16 ਅਪ੍ਰੈਲ (ਪੀ.ਟੀ.ਬਿਊਰੋ)-‘‘ ਹੁਕਮਰਾਨ ਜਮਾਤ ਵੱਲੋਂ ਨਸ਼ੀਲੀਆਂ ਵਸਤਾਂ ਦੀ ਦਿਨੋਂ ਦਿਨ ਵੋਟਰਾਂ ਵਿਚ ਵੰਡ ਦਾ ਸਿਲਸਿਲਾ ਹੋਰ ਵੀ ਤੇਜ ਹੁੰਦਾ ਜਾ ਰਿਹਾ ਹੈ, ਜਿਸ ਨਾਲ ਮਨੁੱਖੀ ਜਾਨਾਂ ਉੱਤੇ ਮੌਤ ਦੇ ਬੱਦਲ ਛਾਉਣ ਦੇ ਦੁਖਦਾਇਕ ਅਮਲਾਂ ਵਿਚ ਵੀ ਵਾਧਾ ਹੋ ਰਿਹਾ ਹੈ। ਬੀਤੇ ਇਕ ਦਿਨ ਪਹਿਲੇ ਪੱਟੀ ਦੇ ਲਾਗੇ ਪਿੰਡ ਸੰਤ ਬਾਬਾ ਕਰਤਾਰ ਸਿੰਘ ਦਮਦਮੀ ਟਕਸਾਲ ਅਤੇ ਭਾਈ ਅਮਰੀਕ ਸਿੰਘ ਵਰਗੀਆਂ ਸ਼ਖਸੀਅਤਾਂ ਦੇ ਚਰਨ ਛੋਹ ਪ੍ਰਾਪਤ ਪਿੰਡ ਵਿਖੇ ਸਮੈਕ ਦੇ ਸੇਵਨ ਨਾਲ ਕਾਕਾ ਸਤਪਾਲ ਸਿੰਘ ਦੀ ਮੌਤ ਹੋ ਗਈ ਸੀ। ਬੀਤੀ ਰਾਤ ਪਿੰਡ ਰਾਣੀ ਵੱਲਾਂ ਦੇ ਇਕ ਮਸ਼ਹੂਰ ਗਾਇਕ ਸ. ਸੁਰਿੰਦਰ ਸਿੰਘ ਵੀ ਮੌਤ ਦੇ ਮੂੰਹ ਵਿਚ ਚਲਾ ਗਿਆ ਹੈ। ਪੰਜਾਬ ਦੇ ਵਜੀਰ ਬਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ‘‘ਸੋਈੂ (ਐਸ ਓ ਆਈ) ਦੇ
ਆਹੁਦੇਦਾਰ ਸਮੁੱਚੇ ਪੰਜਾਬ ਵਿਚ ਜੋ ਖੁੱਲ੍ਹੇਆਮ ਸਮੈਕ, ਗਾਂਜਾ, ਅਫੀਮ, ਸ਼ਰਾਬ ਆਦਿ ਦਾ ਕਾਰੋਬਾਰ ਕਰ ਰਹੇ ਹਨ , ਇਹ ਲੋਕ ਆਪਣੀਆਂ ਤਿਜੋਰੀਆਂ ਭਰਨ ਦੇ ਲਾਲਚ ਵੱਸ ਹੋ ਕੇ ਪੰਜਾਬ ਵਿਚ ਫੈਲਾਈ ਜਾ ਰਹੀ ਜਹਿਰ ਨਾਲ ਨੌਜਵਾਨੀ ਨੂੰ ਤਬਾਹੀ ਵੱਲ ਲੈ ਜਾਣ ਦੇ ਭਾਗੀ ਹਨ।ੂ
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੋਣਾਂ ਦੇ ਮੌਕੇ ਉੱਤੇ ਇਸ ਸਮੈਕ ਗੈਂਗ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਕੀਤੇ ਜਾ ਰਹੇ ਗੈਰ ਸਮਾਜਿਕ ਅਤੇ ਗੈਰ ਇਖਲਾਕੀ ਕਾਰਵਾਈਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਚੋਣ ਕਮੀਸ਼ਨ ਪੰਜਾਬ ਵੱਲੋਂ ਇਸ ਦਿਸ਼ਾ ਵੱਲ ਉਚੇਚੇ ਕਦਮ ਨਾਂ ਚੁੱਕਣ ਉੱਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਭਾਵੇਂ ਬੇਰੁਜਗਾਰੀ ਅਤੇ ਵੱਡੇ ਮਾਲੀ ਸਾਧਨਾਂ ਦੀ ਘਾਟ ਦੇ ਕਾਰਨ ਅੱਜ ਪੰਜਾਬ ਦਾ ਨੌਜਵਾਨ ਨਮੋਸ਼ੀ ਵਿਚ ਹੈ, ਪਰ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਾ ‘‘ਡਰੱਗ ਮਾਫੀਆੂ ਜਿਸ ਨੂੰ ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸਰਕਾਰ ਦੀ ਸਰਪ੍ਰਸਤੀ ਹਾਸਿਲ ਹੈ , ਉਹ ਨੌਜਵਾਨਾਂ ਦੇ ਜੀਵਨ ਨੂੰ ਨਰਕ ਬਣਾਉਣ ਵਿਚ ਮੋਹਰੀ ਬਣਿਆ ਬੈਠਾ ਹੈ। ਬੇਰੁਜਗਾਰੀ ਦਾ ਮਸਲਾ ਵੀ ਹੱਲ ਨਾਂ ਹੋਣ ਲਈ ਬਾਦਲ ਸਰਕਾਰ ਦੀਆਂ ਦਿਸ਼ਾਹੀਣ ਨੀਤੀਆਂ ਅਤੇ ਅਮਲ ਹੀ ਜਿੰਮੇਵਾਰ ਹਨ। ਚੋਣ ਕਮੀਸ਼ਨ ਵੱਲੋਂ ਬੇਸ਼ੱਕ ਨਸ਼ੀਲੀਆਂ ਵਸਤਾਂ ਦੀ ਰੋਕਥਾਮ ਲਈ ਕਦਮ ਉਠਾਏ ਗਏ ਹਨ, ਪਰ ਉਹ ਨਾਕਾਫੀ ਹਨ। ਨਸ਼ੀਲੀਆਂ ਵਸਤਾਂ ਦੀ ਚੋਣਾਂ ਵਿਚ ਵਰਤੋਂ ਨਾ ਹੋਣ ਦੀ ਗੱਲ ਕੇਵਲ ਅਖਬਾਰੀ ਹੀ ਹੈ। ਬਲਕਿ ਸ਼ਰਾਬ ਅਤੇ ਕਬਾਬ ਅਤੇ ਹੋਰ ਦੁਨਿਆਵੀ ਲਾਲਾਸਾਵਾਂ ਦੀ ਹੁਕਮਰਾਨ ਜਮਾਤ ਵੱਲੋਂ ਪੂਰੀ ਵਰਤੋਂ ਹੋ ਰਹੀ ਹੈ। ਇਥੋਂ ਤੱਕ ਸਾਡੇ ਵੱਲੋਂ ਚੋਣ ਕਮੀਸ਼ਨ ਨੂੰ ਅਜਿਹੇ ਹੋਣ ਵਾਲੇ ਅਮਲਾਂ ਦੀਆਂ ਕੀਤੀਆਂ ਗਈਆਂ ਸ਼ਿਕਾਇਤਾਂ ਉੱਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਜਿਸ ਨਾਲ ਚੋਣਾਂ ਦੇ ਅਮਲ ਜਮਹੂਰੀਅਤ ਅਤੇ ਅਮਨਮਈ ਹੋਣ ‘ਤੇ ਵੀ ਡੂੰਘਾ ਪ੍ਰਸ਼ਨ ਚਿੰਨ੍ਹ ਲੱਗਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।



