ਗੁਰਸਿਖ ਕੌਣ ਹੈ? ਇਸ ਗੂੜ੍ਹ ਪ੍ਰਸ਼ਨ ਦਾ ਕੋਈ ਇੱਕ, ਕੁਝ ਪੰਕਤੀਆਂ ਦਾ ਜਵਾਬ ਸੰਭਵ ਨਹੀਂ ਹੈ। ਗੁਰਸਿਖ ਹੋਣਾ ਹਰ ਕਿਸੇ ਦਾ ਆਪੋ ਆਪਣਾ ਅਨੁਭਵ ਹੈ ਜਿਸ ਨੂੰ ਸ਼ਬਦਾਂ ’ਚ ਨਹੀਂ ਬੰਨਿਆ ਜਾ ਸਕਦਾ। ਗੁਰਸਿਖੀ ਕੋਈ ਬਾਨਾ , ਕੋਈ ਵਿਉਹਾਰ , ਕੋਈ ਢੰਗ ਨਹੀਂ ਹੈ। ਗੁਰਸਿਖੀ ਇਕ ਮਾਰਗ ਹੈ। ਇਸ ਮਾਰਗ ਤੇ ਚਲਦੀਆਂ ਜਿਸ ਨੂੰ ਜਿਹੋ ਜਿਹੀ ਬਖਸ਼ਿਸ਼ ਹੁੰਦੀ ਹੈ ਉਹੋ ਜਿਹੀ ਸੋਝੀ ਪ੍ਰਾਪਤ ਹੁੰਦੀ ਹੈ। ਸਿਖ ਧਰਮ ਦੇ ਬਾਣੀ ਗੁਰੂ ਨਾਨਕ ਸਾਹਿਬ ਨੇ ਮਨੁਖੀ ਜੀਵਨ ਦੇ ਕੁਝ ਮੁਢਲੇ ਸਿਧਾਂਤ ਸਿਰਜੇ ਜੋ ਉਨ੍ਹਾਂ ਦੀ ਬਾਨੀ ਅੰਦਰ ਪਰਗਟ ਹੁੰਦੇ ਹਨ। ਇਨ੍ਹਾਂ ਨੂੰ ਗੁਰਸਿਖ ਦੀ ਪਛਾਣ ਦੇ ਸੂਤਰ ਕਿਹਾ ਜਾ ਸਕਦਾ ਹੈ। ਵਿਲਖਣਤਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਕਿਸੇ ਵੀ ਸ਼ਬਦ ਅੰਦਰ ਇਨ੍ਹਾਂ ਤਤਾਂ ਦੇ ਦਰਸ਼ਨ ਕਿਸੇ ਨ ਕਿਸੇ ਰੂਪ ‘ਚ ਹੋ ਜਾਂਦੇ ਹਨ। ਗੁਰੂ ਸਾਹਿਬ ਨੇ ਆਪਣੀ ਬਾਣੀ ਅੰਦਰ ਪਰਮਾਤਮਾ ਦੀ ਗਲ ਕੀਤੀ ਹੈ ਜਾਂ ਮਨੁਖ ਦੀ ਜਾਂ ਸੰਸਾਰ ਦੀ। ਇਹ ਤਿੰਨੋ ਹੀ ਪਖ ਇਕ ਦੂਜੇ ਨਾਲ ਅੰਤਰ ਸਬੰਧਤ ਹਨ ਤੇ ਇਕ ਆਦਰਸ਼ ਅਵਸਥਾ ਵਲ ਹੀ ਤੋਰਦੇ ਹਨ।
ਅਪੁਨੇ ਠਾਕੁਰ ਕੀ ਹਉ ਚੇਰੀ॥
ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ॥1॥ ਰਹਾਉ॥
ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ॥
ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ॥1॥ ( ਪੰਨਾ 1197 )
ਉਪਰੋਕਤ ਗੁਰੂ ਵਚਨ ਦੀ ਪਹਿਲੀ ਪੰਕਤੀ ਅੰਦਰ ਹੀ ਮਨੁਖ ਤੇ ਪਰਮਾਤਮਾ ਬਾਰੇ ਰੋਸ਼ਨੀ ਪ੍ਰਾਪਤ ਹੁੰਦੀ ਹੈ। ਪਰਮਾਤਮਾ ਸੁਵਾਮੀ ਹੈ , ਸਰਵ ਸ਼ਕਤੀਆਂ ਦਾ ਮਾਲਕ ਹੈ , ਜਿਸ ਦਾ ਹੁਕਮ ਚਲ ਰਿਹਾ ਹੈ। ਮਨੁਖ ਦਾ ਧਰਮ ਹੇ ਕਿ ਉਹ ਪਰਮਾਤਮਾ ਨੂੰ ਆਪਣਾ ਸੁਆਮੀ ਧਾਰਨ ਕਰੇ ਤੇ ਸੇਵਕ ਬਣ ਕੇ ਰਹੇ। ਪਰਮਾਤਮਾ ਨਾਲ ਮਨੁਖ ਦਾ ਸਬੰਧ ਹੀ ਸਚਾ ਸਬੰਧ ਹੈ। ਪਰਮਾਤਮਾ ਹੀ ਉਸ ਦਾ ਆਪਣਾ ਹੈ ਤੇ ਉਸ ਆਪਨੇ ਦਾ ਸੇਵਕ ਬਣ ਕੇ ਰਹਿਣਾ ਉਸ ਦਾ ਧਰਮ ਹੈ। ਇਸ ਸਬੰਧ ਅੰਦਰ ਦੀ ਰਮਜ ਖੋਲਦਿਆਂ ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਮਨੁਖ ਦੀ ਅਵਸਥਾ ਅਤਿ ਨਿਮਾਣੀ ਹੈ। ਉਸ ਦਾ ਮਨੋਰਥ ਪਰਮਾਤਮਾ ‘ਚ ਸ਼ਰਨ ਆਉਣਾ ਹੈ। ਵਿਕਾਰਾਂ , ਮਾਇਆ ਦੇ ਮਾਰੇ ਹੋਏ ਮਨੁਖ ਲਈ ਪਰਮਾਤਮਾ ਜੀਵਨ ਤੁਲ ਹੈ। ਪਰਮਾਤਮਾ ਕਿਸੇ ਇਕ ਮਨੁਖ ਲਈ ਹੀ ਨਹੀਂ ਪੂਰੇ ਸੰਸਾਰ ਦਾ ਜੀਵਨ ਦਾਤਾ ਹੈ। ਪਰਮਾਤਮਾ ਹੀ ਮਨੁਖ ਨੂੰ ਸਿਰਜ ਰਿਹਾ ਹੈ , ਵਿਕਾਰਾਂ , ਮਾਇਆ ਦੇ ਜਾਲ ਤੋਂ ਬਚਾ ਰਿਹਾ ਹੈ। ਪਰਮਾਤਮਾ ਦੀ ਸ਼ਰਨ ਆਉਣਾ ਵਿਕਾਰਾਂ ਤੋਂ ਮੁਕਤ ਹੋਣਾ ਹੈ , ਮਾਇਆ ਦੀ ਝੂਠੀ ਚਮਕ ਤੋਂ ਉਦਾਸ ਹੋਣਾ ਹੈ। ਜੋ ਮਨੁਖ ਦੇ ਜੋਗ ਨਹੀਂ ਜੋ ਅਧਰਮ ਹੈ ਉਸ ਤੋਂ ਉਬਰ ਜਾਣਾ ਹੈ। ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਮੁਮਕਿਨ ਹੋ ਸਕਦਾ ਹੈ। ਪਰਮਾਤਮਾ ਦੀ ਸ਼ਰਨ ਆਏ ਬਿਨਾ , ਪਰਮਾਤਮਾ ਦੀ ਮਿਹਰ ਬਿਨਾ ਵਿਕਾਰਾਂ , ਮਾਇਆ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਇਹ ਸਮਰਥਾ ਇਕੋ ਇਕ ਪਰਮਾਤਮਾ ਅੰਦਰ ਹੀ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਇਹ ਪਰਮਾਤਮਾ ਦਾ ਸਭ ਤੋਂ ਮਨੋਹਰ ਰੂਪ ਹੈ ਜੋ ਮਨੁਖ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਭਾਵ ਪੈਦਾ ਕਰਨ ਵਾਲਾ ਹੈ। ਦਾਸ ਭਾਵ ਨਾਲ ਪ੍ਰੇਮ ਭਾਵ ਦਾ ਵੀ ਸੰਜੋਗ ਹੋ ਜਾਂਦਾ ਹੈ। ਮਨੁਖ ਨੂੰ ਪਰਮਾਤਮਾ ਦੀਆਂ ਬੇਅੰਤ ਵਡਿਆਈਆਂ ਵਾਲੇ ਉਸ ਸਵਰੂਪ ਦੇ ਦਰਸ਼ਨ ਹੁੰਦੇ ਹਨ ਜੋ ਸਾਰੇ ਦੁਖਾਂ ਦਾ ਨਿਦਾਨ ਕਰਨ ਵਾਲਾ ਹੈ , ਸਰਬ ਸੁਖਾਂ ਨਾਲ ਭਰਪੂਰ ਕਰ ਦੇਣ ਵਾਲਾ ਹੈ। ਪਰਮਾਤਮਾ ਦੀ ਅਨੰਤ ਵਡਿਆਈ ਦੇ ਦਰਸ਼ਨ ਗੁਰੂ ਸ਼ਬਦ ਵੀਚਾਰਨ ਨਾਲ ਹੀ ਹੁੰਦੇ ਹਨ। ਜੀਵਨ ਗੁਰ ਦੇ ਹੁਕਮ ਅੰਦਰ ਲਿਆਉਣਾ ਪੈਂਦਾ ਹੈ । ਗੁਰੂ ਨਾਨਕ ਸਾਹਿਬ ਦੀ ਉਪਰੋਕਤ ਬਾਣੀ ਤੋਂ ਗੁਰਸਿਖ ਬਾਰੇ ਕਾਫੀ ਕੁਝ ਸਮਝਿਆ ਜਾ ਸਕਦਾ ਹੈ। ਗੁਰਸਿਖ ਉਹ ਜਿਸ ਨੇ ਪਰਮਾਤਮਾ ਨੂੰ ਆਪਣਾ ਸੁਆਮੀ ਧਾਰ ਲਿਆ ਹੈ ਤੇ ਆਪਣੇ ਆਪ ਨੂੰ ਪਰਮਾਤਮਾ ਦਾ ਸੇਵਕ ਮੰਨ ਲਿਆ ਹੈ। ਇਹ ਪਰਮਾਤਮਾ ਪ੍ਰਤੀ ਗੁਰਸਿਖ ਦਾ ਪੂਰਨ ਸਮਰਪਨ ਹੈ। ਗੁਰਸਿਖ ਨੇ ਪਰਮਾਤਮਾ ਦੀ ਪੂਰਨ ਸਮਰਥਾ ਤੇ ਅਸੀਮ ਵਡਿਆਈ ਦੇ ਦਰਸ਼ਨ ਕਰਦੇ ਹੋਏ ਆਪਣਾ ਜੀਵਨ ਉਸ ਦੇ ਭਰੋਸੇ ਤੇ ਟਿਕਾ ਦਿਤਾ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਵਿਕਾਰਾਂ , ਮਾਇਆ ਮੋਹ ਤੋਂ ਮੁਕਤ ਹੋਣ ਵਲ ਤੁਰ ਪਿਆ ਹੈ। ਪਰਮਾਤਮਾ ਦੀ ਸ਼ਰਨ ਆਉਣ ਤੋਂ ਬਾਅਦ ਪਰਗਟ ਹੋਣ ਵਾਲੇ ਪਰਮਾਤਮਾ ਦੇ ਬੇਅੰਤ ਗੁਣ, ਮਨ ਅੰਦਰ ਪਰਮਾਤਮਾ ਲਈ ਗੂੜ੍ਹੇ ਪ੍ਰੇਮ ਨੂੰ ਜਨਮ ਦੇ ਰਹੇ ਹਨ। ਉਸ ਦੀ ਸੇਵਾ ਤੇ ਭਗਤੀ ਭਾਵਨਾ ਅੰਦਰ ਪ੍ਰੇਮ ਰਸ ਸਮੋ ਗਿਆ ਹੈ। ਇਹ ਵਰਤਾਰਾ ਗੁਰ ਸ਼ਬਦ ਅਨੁਸਾਰ ਜੀਵਨ ਨੂੰ ਢਾਲਣ ਤੋਂ ਬਾਅਦ ਹੀ ਵਰਤਦਾ ਹੈ ਕਿਉਂਕਿ ਗੁਰੂ ਹੀ ਪਰਮਾਤਮਾ ਨਾਲ ਜੋੜਨ ਵਾਲਾ ਤੇ ਪਰਮਾਤਮਾ ਦੀ ਵਡਿਆਈ ਦੀ ਸਮਝ ਬਖਸ਼ਣ ਵਾਲਾ ਹੈ।
ਪਰਮਾਤਮਾ ਦੀ ਪ੍ਰੀਤਿ ਮਨ ਨੂੰ ਰੰਗਣ ਵਾਲੀ ਤੇ ਪੂਰਨ ਤ੍ਰਿਪਤ ਕਰਨ ਵਾਲੀ ਹੈ “ ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ “। ਪਰਮਾਤਮਾ ਤੋਂ ਦੂਰ ਮਨੁਖ ਸਦਾ ਪਾਪ ਕਰਮ ਕਰਦਾ ਰਹਿੰਦਾ ਹੈ ਤੇ ਦੁਖ ਭੋਗਦਾ ਹੈ “ ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ “। ਪਰਮਾਤਮਾ ਨਾਲ ਪ੍ਰੇਮ ਹੀ ਮਨ ਨੂੰ ਧੀਰਜ ਦੇਣ ਵਾਲਾ ਹੈ। ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਨਾਲ ਪ੍ਰੇਮ ਸਬੰਧ ਸਦੀਵੀ ਕਾਇਮ ਰਖਨ ਲਈ ਬੇਨਤੀ ਦੀ ਰਾਹ ਦਸੀ।
ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ॥
ਸੁਣਿ ਘਨਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ॥1॥
ਬਰਸੁ ਘਨਾ ਮੇਰਾ ਮਨੁ ਭੀਨਾ॥
ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ॥1॥ ਰਹਾਉ॥
( ਪੰਨਾ 1264)
ਨਿਮਾਣਾ ਹੋ ਕੇ ਪਰਮਾਤਮਾ ਅਗੇ ਅਰਦਾਸ ਕਰਨਾ ਗੁਰਸਿਖ ਦਾ ਸੁਭਾਅ ਹੈ। ਪਰਮਾਤਮਾ ਦਾਤਾ ਹੈ ਤੇ ਗੁਰਸਿਖ ਮੰਗਤਾ ਹੈ। ਭਿਖਾਰੀ ਸਦਾ ਨਿਮਾਣਾ ਹੋ ਕੇ ਹੀ ਮੰਗਦਾ ਹੈ। ਆਮ ਭਿਖਾਰੀ ਦੇ ਗੁਰਸਿਖ ‘ਚ ਵਡਾ ਫਰਕ ਹੈ। ਆਮ ਭਿਖਾਰੀ ਇਹ ਵੇਖ ਕੇ ਝੋਲੀ ਅਡਦਾ ਹੈ ਕਿ ਕੌਣ ਉਸ ਨੂੰ ਦੇ ਸਕਦਾ ਹੈ। ਇਸ ਮੰਗਨ ਦੇ ਕੇਂਦਰ ‘ਚ ਮਾਤਰ ਲੈਨ – ਦੇਣ ਹੈ। ਗੁਰਸਿਖ ਦੇ ਮੰਗਣ ‘ਚ ਭਾਵਨਾ ਤੇ ਵਿਸ਼ਵਾਸ ਮੁਖ ਹੁੰਦਾ ਹੈ। ਗੁਰਸਿਖ ਨੂੰ ਭਰੋਸਾ ਹੈ ਕਿ ਪਰਮਾਤਮਾ ਉਸ ਦੀ ਬੇਨਤੀ ਪ੍ਰਵਾਨ ਕਰੇਗਾ। ਗੁਰਸਿਖ ਦੇ ਭਰੋਸੇ ‘ਚ ਪ੍ਰੇਮ ਦਾ ਰੰਗ ਵੀ ਮਿਲਿਆ ਹੋਇਆ ਹੈ ਜੋ ਉਸ ਦੇ ਵਿਸ਼ਵਾਸ ਨੂੰ ਕਦੇ ਡਿਗਣ ਨਹੀਂ ਦਿੰਦਾ। ਉਸ ਦੀ ਬੇਨਤੀ ਪ੍ਰੇਮ ਮਈ ਹੈ ਤੇ ਉਮੰਗ ਨਾਲ ਭਰੇ ਮਨ ਤੋਂ ਨਿਕਲ ਰਹੀ ਹੈ। ਗੁਰਸਿਖ ਦੀ ਕਾਮਨਾ ਹੈ ਕਿ ਉਸ ਦਾ ਮਨ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਤਰਹ ਭਿਜ ਜਾਏ। ਗੁਰਸਿਖ ਦੀ ਅਰਦਾਸ ਕਿਸੇ ਰਾਜ ਭਾਗ , ਦੌਲਤ , ਤਾਕਤ , ਨਿਜੀ ਲੋੜਾਂ ਲਈ ਨਹੀਂ ਹੈ। ਗੁਰਸਿਖ ਦੀ ਅਰਦਾਸ ਨਿਕੀ ਤੇ ਸਹਿਜ ਜਿਹੀ ਹੈ ਕਿ ਉਸ ਦਾ ਪਰਮਾਤਮਾ ਨਾਲ ਮੇਲ ਹੋ ਜਾਏ। ਇਹ ਬੇਮਿਸਾਲ ਹੈ। ਸਰਬ ਸਮਰਥ ਪਰਮਾਤਮਾ ਅਗੇ ਆ ਕੇ ਸਾਰੀਆਂ ਸੰਸਾਰਕ ਲਾਲਸਾਵਾਂ ਮੁਕ ਗਾਈਆਂ ਹਨ। ਆਪਨੀਆਂ ਲੋੜਾਂ ਦਰਕਿਨਾਰ ਹੋ ਗਾਈਆਂ ਹਨ। ਮਨ ਅੰਦਰ ਆਸ ਹੈ ਤਾਂ ਪਰਮਾਤਮਾ ਦੀ ਨਦਰਿ ਲਈ । ਗੁਰਸਿਖ ਲਈ ਪਰਮਾਤਮਾ ਤੁਲ ਕੋਈ ਨਹੀਂ “ ਤੁਝ ਤੇ ਵਡਾ ਨਾਹੀ ਕੋਇ “। ਇਹ ਦ੍ਰਿਸ਼ਟੀ ਧਾਰਨ ਕਰਣਾ ਬਹੁਤ ਹੀ ਕਠਿਨ ਹੈ। ਸੰਸਾਰਕ ਲਾਭ ਲਈ ਮਨੁਖ ਕਿਸੇ ਵੀ ਅਗੇ ਝੁਕ ਜਾਂਦਾ ਹੈ , ਬੇਨਤੀ ਕਰਨ ‘ਚ ਸੰਕੋਚ ਨਹੀਂ ਕਰਦਾ। ਜਿਸ ਪ੍ਰਾਪਤੀ ਦੀ ਗਲ ਗੁਰੂ ਨਾਨਕ ਸਾਹਿਬ ਨੇ ਕੀਤੀ ਉਹ ਆਤਮਿਕ ਤੇ ਅਦ੍ਰਿਸ਼ ਹੈ। ਸੰਸਾਰਕ ਲਾਭ ਲੁਭਾਉਣੇ ਹਨ ਕਿਉਂਕਿ ਵਿਖਾਈ ਦਿੰਦੇ ਹਨ ਤੇ ਹਾਸਲ ਕਰਨ ‘ਚ ਜਿਆਦਾ ਸਮਾਂ ਨਹੀਂ ਲਗਦਾ। ਸਾਰੀ ਦੁਨਿਆ ਦਾ ਰਾਜ ਮਿਲ ਸਕਦਾ ਹੈ ਪਰ ਪਰਮਾਤਮਾ ਨਾਲ ਮੇਲ , ਪਰਮਾਤਮਾ ਦੀ ਮਿਹਰ ਲਈ ਅਲੂਣੀ ਸਿਲ ਚਟਨੀ ਪੈਂਦੀ ਹੈ , ਖੰਡੇ ਦੀ ਧਾਰ ਤੇ ਚਲਣਾ ਪੈਂਦਾ ਹੈ , ਵਾਲ ਤੋਂ ਵੀ ਬਾਰੀਕ ਸਮਝ ਵਿਕਸਿਤ ਕਰਣੀ ਪੈਂਦੀ ਹੈ। ਮਨ ਅੰਦਰ ਪਰਮਾਤਮਾ ਲਈ ਪ੍ਰੇਮ ਤੇ ਭਗਤੀ ਦਾ ਚਾਉ ਪੈਦਾ ਹੋਣਾ ਹੀ ਆਪਨੇ ਆਪ ’ਚ ਵਡੀ ਪ੍ਰਾਪਤੀ ਹੈ ਜੋ ਪਰਮਾਤਮਾ ਦੀ ਕਿਰਪਾ ਨਾਲ ਹੀ ਮੁਮਕਿਨ ਹੁੰਦੀ ਹੈ “ ਨਦਰਿ ਕਰੇ ਤਾ ਸਿਮਰਿਆ ਜਾਇ , ਆਤਮਾ ਦ੍ਰਵੈ ਰਹੈ ਲਿਵ ਲਾਇ “ । ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਗੁਰਸਿਖ ਦਾ ਮਨ ਸਦਾ ਪਰਮਾਤਮਾ ਦੀ ਮਿਹਰ ਲਈ ਨਿਵਿਆ ਰਹੇ , ਸਿਮਰਨ – ਭਗਤੀ ‘ਚ ਰਮਿਆ ਰਹੇ , ਸਚ ਦੇ ਮਾਰਗ ਤੇ ਚਲਦਾ ਰਹੇ। ਇਹੋ ਇਕ ਵਿਧੀ ਹੈ ਪਰਮਾਤਮਾ ਲਈ ਪ੍ਰੇਮ ਜਾਗ੍ਰਤ ਕਰਨ ਦੀ “ ਸਚਿ ਸਿਮਰਿਐ ਹੋਵੈ ਪਰਗਾਸੁ “। ਇਸ ਕਠਿਨ ਮਾਰਗ ਨੂੰ ਸਹਿਲਾ ਬਣਾਉਣ ਲਈ ਹੀ ਗੁਰੂ ਨਾਨਕ ਸਾਹਿਬ ਨੇ ਨਿਤਨੇਮ ਤੇ ਸਿਮਰਨ ਨੂੰ ਗੁਰਸਿਖ ਦੇ ਜੀਵਨ ਦਾ ਅੰਗ ਬਣਾ ਦਿਤਾ। ਗੁਰੂ ਸਾਹਿਬ ਜਾਣਦੇ ਸਨ ਕਿ ਮਨੁਖ ਦਾ ਮਨ ਤਾਂ ਵਿਕਾਰਾਂ , ਭਰਮਾਂ ਤੇ ਅਗਿਆਨਤਾ ਨਾਲ ਭਰਿਆ ਹੋਇਆ ਹੈ “ ਸੁਣਿ ਮਨ ਅੰਧੇ ਕੁਤੇ ਕੂੜਿਆਰ “। ਧਰਮ ਜਗਤ ਦਾ ਹਾਲ ਵੀ ਨਿਰਾਸ਼ ਕਰਨ ਵਾਲਾ ਸੀ “ ਕਾਦੀ ਕੂੜੁ ਬੋਲਿ ਮਲੁ ਖਾਇ , ਬ੍ਰਾਹਮਣੁ ਨਾਵੈ ਜੀਆ ਘਾਇ “। ਇਸ ਦਾ ਨਿਦਾਨ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਗੁਰਸਿਖ ਲਈ ਰਾਹ ਉਸਾਰੀ “ ਅੰਤਰਿ ਸਾਚੁ ਸਭੇ ਸੁਖ ਨਾਲਾ , ਨਦਰਿ ਕਰੇ ਰਾਖੈ ਰਖਵਾਲਾ “। ਕੂੜ ਨਾਲ ਭਰਿਆ ਹੋਇਆ ਜੋ ਮਨ ਮਨੁਖ ਦੇ ਦੁਖਾਂ ਦਾ ਮੂਲ ਸੀ ਗੁਰੂ ਸਾਹਿਬ ਨੇ ਉਸ ਨੂੰ ਹੀ ਨਿਸ਼ਾਨੇ ਤੇ ਲਿਆ। ਮਨ ਦੀ ਨਿਰਮਲਤਾ ਲਈ ਆਪ ਨੇ ਗੁਰਸਿਖ ਨੂੰ ਗੁਰ ਸ਼ਬਦ ਦੇ ਲੜ ਲਾਇਆ “ ਮਾਇਆ ਮੋਹੁ ਗੁਰ ਸਬਦਿ ਜਲਾਏ , ਨਿਰਮਲ ਨਾਮੁ ਸਦ ਹਿਰਦੈ ਧਿਆਏ “। ਨਿਤਨੇਮ – ਨਾਮ ਸਿਮਰਨ ਅੰਤਰ ਦੇ ਵਿਕਾਰਾਂ ਔਗੁਣਾਂ ਦਾ ਨਾਸ਼ ਕਰ ਕਰਨ ਵਾਲਾ ਹੈ ਤੇ ਪਰਮਾਤਮਾ ਦੀ ਪ੍ਰੀਤਿ ਨੂੰ ਸਦਾ ਲਈ ਥਿਰ ਕਰਨ ਵਾਲਾ ਹੈ । ਗੁਰਸਿਖ ਦੀ ਭਗਤੀ ਇਸ ਕਾਰਨ ਵਿਲਖਣ ਹੈ . ਸੰਸਾਰ ਅੰਦਰ ਭਗਤੀ ਪਦਾਰਥਾਂ ਤੇ ਪਦਵੀਆਂ ਲਈ ਹੋ ਰਹੀ ਹੈ ਪਰ ਗੁਰਸਿਖ ਦੀ ਭਗਤੀ ਪਦਾਰਥਾਂ ਤੇ ਪਦਵੀਆਂ ਤੋਂ ਉਦਾਸ ਹੋਣ ਲਈ ਹੈ “ ਜਗੁ ਮੋਹਿ ਬਾਧਾ ਬਹੁਤੀ ਆਸਾ , ਗੁਰਮਤੀ ਇਕਿ ਭਏ ਉਦਾਸਾ “। ਗੁਰਸਿਖ ਦੀ ਇਕੋ ਕਾਮਨਾ ਹੈ ਪਰਮਾਤਮਾ ਦੀ ਸ਼ਰਨ ਤੇ ਮਿਹਰ ਪ੍ਰਾਪਤ ਕਰਨਾ। ਇਸ ਲਈ ਗੁਰਸਿਖ ਗੁਣ ਦ੍ਰਿੜ੍ਹ ਕਰਦਾ ਹੈ ਤੇ ਵਾਹਿਗੁਰੂ ਦੁਆਰਾ ਵਿਖਾਏ ਸਚ ਦੇ ਮਾਰਗ ਤੇ ਚਲਦਾ ਹੈ “ ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ “। ਨਿਰਮਲ ਤੇ ਸਚੇ ਮਨ ਨਾਲ ਸਵਾਸ ਸਵਾਸ ਕੀਤੀ ਭਗਤੀ ਹੀ ਪਰਵਾਨ ਹੁੰਦੀ ਹੈ “ ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ , ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ “। ਗੁਰਸਿਖ ਦੀ ਪ੍ਰੇਮ ਭਗਤੀ ਤੇ ਪ੍ਰਸੰਨ ਹੋ ਪਰਮਾਤਮਾ ਮਿਹਰ ਕਰਦਾ ਤਾਂ ਗੁਰਸਿਖ ਨਿਰਾਲੀ ਅਵਸਥਾ ‘ਚ ਪ੍ਰਵੇਸ਼ ਕਰ ਜਾਂਦਾ ਹੈ “ ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ। ਸੰਸਾਰ ਅੰਦਰ ਕਿਸੇ ਵਿਚ ਤਮੋ ਗੁਣ ਪ੍ਰਬਲ ਹੋਣ ਕਾਰਨ ਉਹ ਭੋਗ ਵਿਲਾਸ ‘ਚ ਪਿਆ ਹੋਇਆ ਹੈ। ਕੋਈ ਰਜੋ ਗੁਣ ਦੀ ਪ੍ਰਧਾਨਤਾ ਕਾਰਨ ਸੰਸਾਰਕ ਬਲ , ਸਤਾ ਪਿਛੇ ਨਸ ਭਜ ਕਰ ਰਿਹਾ ਹੈ। ਕੋਈ ਸਤੋ ਗੁਣ ਮੁਖ ਹੋਣ ਕਾਰਨ ਆਪਨੇ ਧਰਮ ਕਰਮ ਦੇ ਹੰਕਾਰ ‘ਚ ਜੀ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ ਸਿਖ ਇਨ੍ਹਾਂ ਤਿੰਨੋ ਅਵਸਥਾਵਾਂ ਤੋਂ ਉਪਰ ਸਹਿਜ ਵਿਚ ਆ ਜਾਂਦਾ ਹੈ ਤੇ ਕਿਸੇ ਵੀ ਤਰਹ ਦੇ ਮਾਣ- ਅਪਮਾਨ , ਜਸ – ਅਪਜਸ , ਹਰਖ – ਸੋਗ ਤੋਂ ਦੂਰ ਹੋ ਜਾਂਦਾ ਹੈ। ਗੁਰਸਿਖ ਆਪਣੀ ਬੁਧਿ , ਸਿਆਣਪ ਤਿਆਗ ਪਰਮਾਤਮਾ ਦੇ ਹੁਕਮ ਅੰਦਰ ਜੀਉਣਾ ਸਿਖ ਜਾਂਦਾ ਹੈ “ ਜੋ ਤੁਧੁ ਭਾਵੈ ਸੋਈ ਚੰਗਾ।