ਸ੍ਰੀ ਅਨੰਦਪੁਰ ਸਾਹਿਬ (ਦਵਿੰਦਰਪਾਲ ਸਿੰਘ, ਅੰਕੁਸ਼)- ਸੋਮਵਾਰ ਨੂੰ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਹਲਕੇ ਦੇ ਮੈਂਬਰ ਪ੍ਰੋਫ਼: ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਸੜਕ ਦਾ ਨੀਂਹ ਪਥਰ ਰਖਿਆ ਗਿਆ ਜੋ ਹਲਕੇ ਦੇ ਲੋਕਾਂ ਨੂੰ ਰਾਸ ਨਹੀਂ ਆ ਰਿਹਾ।ਇਸ ਸਬੰਧੀ ਗਲ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਸੋਢੀ ਵਿਕਰਮ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਾਂਗ ਹੁਣ ਵੀ ਇਨ੍ਹਾਂ ਆਗੂਆਂ ਵਲੋਂ ਜਨਤਾ ਨੂੰ ਲਾਲੀਪਾਪ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਹੁਣ ਚੋਣ ਜ਼ਾਬਤਾ ਲਗ ਜਾਵੇਗਾ ਤੇ ਸੜਕ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋਫ਼: ਚੰਦੂਮਾਜਰਾ ਨੇ ਜਿਥੇ ਲਗਾਤਾਰ ਲਾਰੇ ਲਪੇ ਲਗਾ ਕੇ ਪੰਜ ਸਾਲ ਲੰਘਾ ਦਿਤੇ ਹਨ ਉਥੇ ਹੁਣ ਵੀ ਲਾਰੇ ਲਗਾ ਕੇ ਆਪਣਾ ਉਲੂ ਸਿਧਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਚੰਦੂਮਾਜਰਾ ਨੇ ਪਿਛਲੇ ਪੰਜ ਸਾਲਾਂ ਵਿਚ ਹਲਕੇ ਵਿਚ ਨਾ ਕੋਈ ਰੁਜ਼ਗਾਰ ਦਾ ਸਾਧਨ ਲਿਆਉਂਦਾ, ਨਾ ਕੋਈ ਵਿਦਿਅਕ ਅਦਾਰਾ, ਨਾ ਕੋਈ ਹਸਪਤਾਲ, ਨਾ ਗੁਰੂ ਨਗਰੀ ਦਾ ਰੇਲਵੇ ਪਲੇਟਫਾਰਮ, ਗਲ ਇਹ ਕਿ ਚੰਦੂਮਾਜਰਾ ਨੇ ਪੰਜਾਂ ਸਾਲਾਂ ਵਿਚ ਸਵਾਏ ਲਾਰਿਆਂ ਤੋਂ ਹਲਕੇ ਦੇ ਲੋਕਾਂ ਨੂੰ ਕੁਝ ਨਹੀਂ ਦਿਤਾ। ਹੁਣ ਸੜਕ ਬਣਾਉਣ ਦਾ ਲਾਰਾ ਲਗਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਤੋਂ ਬਿਲਕੁਲ ਪਹਿਲਾਂ ਇਸ ਸੜਕ ਦਾ ਨੀਂਹ ਪਥਰ ਰਖਣਾ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਦੇ ਘੇਰੇ ਵਿਚ ਆਉਂਦਾ ਹੈ।ਕਿਉਂਕਿ ਇਸ ਸੜਕ ਦਾ ਨਾਮ ਲੋਕਾਂ ਨੇ ਖੂਨੀ ਸੜਕ ਰਖ ਦਿਤਾ ਸੀ ਤੇ ਇਸ ਸੜਕ ਨੇ ਕਈ ਲੋਕਾਂ ਦੀਆਂ ਜਾਨਾਂ ਵੀ ਲਈਆਂ ਤੇ ਕਈਆਂ ਨੂੰ ਜ਼ਖਮੀ ਵੀ ਕੀਤਾ। ਇਥੋਂ ਤਕ ਕਿ ਰੋਜ਼ਾਨਾ ਇਸ ਰਸਤੇ ਤੇ ਆਉਣ ਜਾਣ ਵਾਲੇ ਲੋਕਾਂ ਨੇ ਆਪਣੇ ਘਰ ਬਾਹਰ ਹੀ ਬਦਲ ਲਏ। ਪਰ ਇਸ ਸੜਕ ਨੂੰ ਬਣਾਉਣ ਦਾ ਭਰੋਸਾ ਚੰਦੂਮਾਜਰਾ ਨੂੰ ਪੰਜ ਸਾਲਾਂ ਵਿਚ ਯਾਦ ਨਹੀਂ ਆਇਆ। ਸੋਢੀ ਨੇ ਕਿਹਾ ਕਿ ਹੁਣ ਹਲਕੇ ਦੇ ਲੋਕ ਇਨ੍ਹਾਂ ਚਾਲਾਂ ਵਿਚ ਨਹੀਂ ਆਉਣਗੇ ਇਥੋਂ ਦੇ ਲੋਕ ਸੂਝਵਾਨ ਤੇ ਪੜ੍ਹੇ ਲਿਖੇ ਹਨ ਜੋ ਚੰਦੂਮਾਜਰਾ ਦੇ ਲਾਰਿਆਂ ਤੇ ਜੁਮਲੇਬਾਜ਼ੀ ਵਿਚ ਨਹੀਂ ਆਉਣਗੇ ਅਤੇ ਚੰਦੂਮਾਜਰਾ ਨੂੰ ਇਥੋਂ ਬੁਰੀ ਤਰ੍ਹਾਂ ਹਰਾ ਕੇ ਵਾਪਸ ਭੇਜਣਗੇ।