May 14, 2026 10:04 am

ਮਾਪੇ ਔਲਾਦ ਲਈ ਬਹੁਤ ਕੁਝ ਕਰਦੇ ਹਨ

ਮਾਪੇ ਸਾਡੀ ਜ਼ਿੰਦਗੀ ਵਿਚ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ,ਜਿਹਨਾ ਨੂੰ ਦੁਨੀਆਂ ਵਿਚ ਪੈਸੇ ਨਾਲ ਨਹੀ ਖਰੀਦਿਆਂ ਜਾ ਸਕਦਾ ਹੈ, ਮਾਪਿਆਂ ਦੀ ਬਦੋਂਲਤ ਹੀ ਇਹ ਅਣਮੁਲੀ ਜਿੰਦਗੀ ਮਿਲਦੀ ਹੈ, ਮਾਪੇ ਸ਼ਬਦ ਮਾਂ + ਪਿਓ ਦੇ ਸੁਮੇਲ ਤੋਂ ਮਿਲ ਕੇ ਬਣਿਆ ਹੋਇਆ ਹੈ। ਮਾਪਿਆਂ ਲਈ ਬਚਿਆਂ ਦੀ ਚੰਗੀ ਪੜਾਈ ਲਿਖਾਈ ਕਰਵਾ ਕੇ ਨੌਕਰੀ ਦੇ ਯੋਗ ਬਣਾਉਣਾ ਅਤੇ ਫਿਰ ਉਹਨਾਂ ਦਾ ਵਿਆਹ ਕਰਨਾ ਇਕ ਵਡੀ ਜਿੰਮੇਵਾਰੀ ਹੁੰਦੀ ਹੈ। ਮਾਪੇ ਆਪਣੀ ਔਲਾਦ ਲਈ ਬਹੁਤ ਸਾਰੇ ਦੁਖ ਸਹਿਦੇ ਹਨ, ਹਰ ਇਕ ਦੇ ਮਾਪਿਆਂ ਨੂੰ ਆਸ ਹੁੰਦੀ ਹੈ ਕਿ ਸਾਡੀ ਔਲਾਦ ਚੰਗੀ ਨਿਕਲੇ ਤੇ ਸਾਡਾ ਬੁਢਾਪਾ ਵਧੀਆ ਲੰਘ ਜਾਵੇ,ਅਸੀ ਪੋਤੇ- ਪੋਤੀਆਂ ਨਾਲ ਸਮਾਂ ਗੁਜ਼ਾਰੀਏ।ਪਰ ਮਾਪਿਆਂ ਨੂੰ ਉਦੋਂ ਬਹੁਤ ਦੁਖ ਲਗਦਾ ਹੈ, ਜਦੋਂ ਪੁਤ ਵਡੇ ਹੋ ਜਾਂਦੇ ਹਨ ਤਾਂ ਉਹ ਮਾਂ – ਪਿਓ ਨੂੰ ਨਹੀਂ ਪੁਛਦੇ ਤੇ ਘਰ ਪਰਿਵਾਰ ਦਾ ਵਟਵਾਰਾ ਕਰ ਦਿੰਦੇ ਹਨ, ਜਦੋਂ ਮਾਪਿਆਂ ਦੇ ਹੁੰਦੇ ਇਹ ਸਭ ਕੁਝ ਹੁੰਦਾ ਹੈ ਤਾਂ ਉਹਨਾਂ ਨੂੰ ਪੁਛ ਕੇ ਵੇਖੋ ਕਿ ਉਨ੍ਹਾਂ ਦੇ ਮਨ ਤੇ ਕੀ ਬੀਤੀ ਹੋਵੇਗੀ, ਬਹੁਤ ਸਾਰੇ ਪੁਤਾਂ ਨੂੰ ਵੇਖਿਆ ਕਿ ਉਹ ਆਪਣੇ ਮਾਂ – ਪਿਓ ਨੂੰ ਵੀ ਵੰਡ ਲੈਦੇ ਹਨ, ਜਿਸ ਉਮਰ ‘ਚ ਉਹਨਾਂ ਮਾਪਿਆਂ ਨੂੰ ਇਕ – ਦੂਜੇ ਦੀ ਜਿਆਦਾ ਜਰੂਰਤ ਹੁੰਦੀ ਹੈ, ਜੋ ਧੁਰ ਤੋ ਇਕਠੇ ਰਹਿੰਦੇ ਆਏ ਹੁੰਦੇ ਹਨ, ਉਨ੍ਹਾਂ ਨੂੰ ਵਿਛੋੜ ਕੇ ਰਖ ਦਿੰਦੇ ਹਨ ਤਾਂ ਮਾਪੇ ਮਨੋ ਮਨੀ ਬਹੁਤ ਦੁਖੀ ਹੁੰਦੇ ਹਨ। ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਪੋਤੇ- ਪੋਤੀਆਂ ਦੀ ਟੋਕਾ- ਟੋਕੀ ਨਾ ਕਰਨ ਕਿਉਕਿ ਉਨ੍ਹਾਂ ਦੀ ਜਨਰੇਸ਼ਨ ਹੀ ਅਜਿਹੀ ਹੈ, ਇਕ ਗਲ ਹੋਰ ਹੈ ਕਿ ਜੇ ਇਹ ਸਭ ਕੁਝ ਛੋਟੇ ਬਚਿਆਂ ਦੇ ਹੁੰਦਿਆਂ ਹੋਵੇ ਤਾਂ ਉਨ੍ਹਾਂ ਨੇ ਵੀ ਇਹੋ ਨੋਟ ਕਰਕੇ ਅਗੇ ਇਹੋ ਕੁਝ ਕਰਨਾ ਹੈ, ਇਕ ਵਾਰ ਦੀ ਗਲ ਹੈ ਕਿ ਇਕ ਪੁਤ ਨੇ ਆਪਣੇ ਮਾਂ- ਪਿਓ ਨੂੰ ਲੋਈ ਦੇ ਕੇ ਘਰੋਂ ਬਾਹਰ ਕਢ ਦਿਤਾ ਤੇ ਬਚਾ ਕੋਲ ਖੜਾ ਵੇਖ ਰਿਹਾ ਸੀ, ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਪਾਪਾ ਪਾਪਾ ਇਕ ਲੋਈ ਮੈਨੂੰ ਵੀ ਦੇ ਦਿਓ, ਉਸਨੇ ਕਿਹਾ ਤੂੰ ਕੀ ਕਰਵਾਉਣਾ ਲੋਈ ਤੋਂ ਤਾਂ ਬਚੇ ਨੇ ਕਿਹਾ ਕਿ ਆਉਣ ਵਾਲੇ ਕਲ ਨੂੰ ਮੈਂ ਵੀ ਲੋਈ ਦੇ ਕੇ ਤੁਹਾਨੂੰ ਘਰੋਂ ਬਾਹਰ ਕਰਾਗਾ। ਪਰ ਸਾਨੂੰ ਸਮਝ ਨਹੀ ਆਉਂਦੀ ਕਿ ਜੋ ਮਾਪੇ ਸਾਡੇ ਲਈ ਬਚਪਨ ਤੋ ਕੀ ਸਾਡੇ ਜੰਮਣ ਤੋਂ ਲੈ ਕੇ ਸਾਡੇ ਲਈ ਐਨਾ ਕੁਝ ਕਰਦੇ ਹਨ ਤੇ ਜਦੋਂ ਸਾਡੀ ਵਾਰੀ ਆਉਦੀ ਹੈ ਉਹਨਾਂ ਲਈ ਕੁਝ ਕਰਨ ਦੀ ਤਾਂ ਅਸੀ ਪਾਸਾ ਵਟ ਜਾਂਦੇ ਹਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਬੁਢਾਪਾ ਤਾਂ ਸਭ ਤੇ ਹੀ ਆਉਦਾ ਹੈ। ਸਾਨੂੰ ਮਾਪਿਆਂ ਦੀ ਸਿਹਤ ਦੀ ਸੰਭਾਲ, ਖਾਣ ਪੀਣ ਦਾ ਧਿਆਨ, ਦਵਾਈਆਂ ਸਮੇਂ ਸਿਰ ਦੇਣ ਦਾ ਧਿਆਨ ਰਖਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ, ਜਿੰਨ੍ਹਾਂ ਦੇ ਘਰ ਮਾਪੇ ਹਨ ਉਨ੍ਹਾਂ ਨੂੰ ਤੀਰਥਾਂ ਜਾਂ ਹੋਰ ਕਿਧਰੇ ਜਾ ਕੇ ਮਥੇ ਰਗੜਨ ਦੀ ਲੋੜ ਨਹੀ ਹੈ, ਜਦੋਂ ਘਰ ‘ਚ ਬਜੁਰਗ ਮਾਪੇ ਹਨ ਤਾਂ ਫਿਰ ਉਨ੍ਹਾਂ ਦਾ ਧਿਆਨ ਰਖਣ ਦੀ ਲੋੜ ਹੈ। ਮਾਪੇ ਜਿੰਦਗੀ ਵਿਚ ਕਦੇ ਦੁਬਾਰਾ ਨਹੀ ਮਿਲਦੇ ਤੇ ਕਦੇ ਵੀ ਮਾਪਿਆਂ ਨੂੰ ਜਿੰਦਗੀ ਦੇ ਆਖਰੀ ਪੜਾਅ ਤੇ ਅਲਗ- ਅਲਗ ਨਹੀ ਕਰਨਾ ਚਾਹੀਦਾ ਤੇ ਉਨ੍ਹਾਂ ਨੂੰ ਇਕ ਦੂਜੇ ਦੇ ਸਹਾਰੇ ਦੀ ਲੋੜ ਹੁੰਦੀ ਹੈ।
– ਰਾਜਿੰਦਰ ਰਾਣੀ
ਪਿੰਡ ਗੰਢੂਆਂ (ਸੰਗਰੂਰ)

Send this to a friend