ਪੰਜਾਬ ‘ਚ 1 ਲਖ ਕਰੋੜ ਰੁਪਏ ਸੜਕਾਂ ਅਤੇ ਸਿੰਚਾਈ ਦੇ ਕੰਮਾਂ ‘ਤੇ ਖਰਚ ਕੀਤੇ ਜਾਣਗੇ : ਗਡਕਰੀ
ਫ਼ਗਵਾੜਾ, 25 ਫ਼ਰਵਰੀ – ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅਜ ਪੰਜਾਬ ‘ਚ 746 ਕਰੋੜ ਰੁਪਏ ਦੀਆਂ 2 ਸੜਕਾਂ ਦੇ ਪ੍ਰਾਜੈਕਟਾਂ ਦਾ ਨੀਂਹ ਪਥਰ ਰਖਿਆ। ਇਹਨਾਂ ਵਿਚ 581 ਕਰੋੜ ਰੁਪਏ ਦੀ ਲਾਗਤ ਨਾਲ 67.64 ਕਿਲੋਮੀਟਰ ਲੰਬੀ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਦਾ ਵਿਕਾਸ ਅਤੇ 165 ਕਰੋੜ ਰੁਪਏ ਦੀ ਲਾਗਤ ਨਾਲ ਫ਼ਗਵਾੜਾ ਸ਼ਹਿਰ ‘ਚ ਹਾਈਵੇਅ-44 ‘ਤੇ 2.55 ਕਿਲੋਮੀਟਰ ਲੰਬੀ ਐਲੀਵੇਟਿਡ ਸੰਰਚਨਾ ਅਤੇ ਵਾਹਨਾਂ ਦਾ ਅੰਡਰਪਾਸ ਦਾ ਨਿਰਮਾਣ ਸ਼ਾਮਿਲ ਹੈ। ਇਹਨਾਂ ਪ੍ਰਾਜੈਕਟਾਂ ਤੋਂ ਸੈਰ-ਸਪਾਟਾ, ਸੁਰਖਿਅਤ ਯਾਤਰਾ, ਯਾਤਰਾ ਦੇ ਸਮੇਂ ਵਿਚ ਕਮੀ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਅਤੇ ਰੋਜ਼ਗਾਰ ਦੇ ਸਾਧਨ ਤੋਂ ਸਥਾਨਕ ਲੋਕਾਂ ਨੂੰ ਫ਼ਾਇਦਾ ਹੋਵੇਗਾ। ਇਸ ਮੌਕੇ ਗਡਕਰੀ ਨੇ ਦਸਿਆ ਕਿ ਪੰਜਾਬ ‘ਚ 1 ਲਖ ਕਰੋੜ ਰੁਪਏ ਸੜਕਾਂ ਅਤੇ ਸਿੰਚਾਈ ਦੇ ਕੰਮਾਂ ‘ਤੇ ਖਰਚ ਕੀਤੇ ਜਾਣਗੇ, ਜਿਸ ‘ਚੋਂ 60 ਹਜ਼ਾਰ ਕਰੋੜ ਸੜਕਾਂ ਅਤੇ 40 ਹਜ਼ਾਰ ਕਰੋੜ ਸਿੰਚਾਈ ‘ਤੇ ਖਰਚ ਹੋਣਗੇ। ਉਨ੍ਹਾਂ ਦਸਿਆ ਕਿ ਨਵੀਂਆਂ ਸੜਕਾਂ ਕੰਕਰੀਟ ਦੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਲੰਬਾ ਸਮਾਂ ਚਲ ਸਕਣ।ਇਥੋਂ ਦੇ ਜੀ. ਟੀ. ਰੋਡ ‘ਤੇ ਪਿਛਲੇ 10 ਸਾਲਾਂ ਤੋਂ ਲਟਕੇ ਪਏ ਪੁਲ ਦੀ ਮੁੜ ਉਸਾਰੀ ਸ਼ੁਰੂ ਕਰਨ ਲਈ ਪੰਡਾਲ ‘ਚ ਰਖੇ ਗਏ ਨੀਂਹ ਪਥਰ ਤੋਂ ਉਨ੍ਹਾਂ ਪਰਦਾ ਹਟਾਇਆ ਅਤੇ ਕਿਹਾ ਕਿ 165 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ ਢਾਈ ਕਿਲੋਮੀਟਰ ਲੰਬੇ ਪੁਲ ਦਾ ਕੰਮ ਇਕ ਮਹੀਨੇ ‘ਚ ਸ਼ੁਰੂ ਹੋਵੇਗਾ ਅਤੇ 1 ਸਾਲ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੋਮਾ ਕੰਪਨੀ ਨੇ ਪੰਜਾਬ ਦੇ ਕਈ ਪ੍ਰਾਜੈਕਟ ਲੰਬੇ ਸਮੇਂ ਤੋਂ ਲਟਕਾਏ ਹੋਏ ਹਨ, ਜਿਨ੍ਹਾਂ ਦੇ ਉਚ ਅਦਾਲਤਾਂ ‘ਚ ਕੇਸ ਚਲਦੇ ਹਨ। ਉਨ੍ਹਾਂ ਨੇ ਕਿਹਾ ਕਿ ਫਗਵਾੜਾ ਦਾ ਕੰਮ ਚਲਾਉਣ ਲਈ ਉਨ੍ਹਾਂ ਨਿਜੀ ਦਿਲਚਸਪੀ ਲੈ ਕੇ ਸੋਮਾ ਤੋਂ ਐਨ. ਓ. ਸੀ. ਪ੍ਰਾਪਤ ਕਰਕੇ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੰਜਾਬ ‘ਚ ਚਲ ਰਹੇ ਨੈਸ਼ਨਲ ਹਾਈਵੇਜ਼ ਦੇ ਕੰਮਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਫਗਵਾੜਾ-ਹੁਸ਼ਿਆਰਪੁਰ, ਜਲੰਧਰ-ਹੁਸ਼ਿਆਰਪੁਰ, ਫਗਵਾੜਾ-ਰੋਪੜ ਦੇ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਅਤੇ ਆਈ. ਟੀ. ਮੰਤਰੀ ਵਿਜੈ ਇੰਦਰ ਸਿੰਗਲਾ ਨੇ ਗਡਕਰੀ ਦੀ ਅਗਵਾਈ ਹੇਠ ਸੜਕੀ ਨਿਰਮਾਣ ਦੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪਾਣੀਪਤ ਤੋਂ ਜਲੰਧਰ ਤਕ ਲਟਕੇ ਹੋਏ 6 ਪ੍ਰਾਜੈਕਟਾਂ ਨੂੰ ਵੀ ਸਿਰੇ ਲਗਾਇਆ ਜਾਵੇ। ਇਸ ਮੌਕੇ ਗਡਕਰੀ ਨੇ ਕਿਹਾ ਕਿ ਭਾਰਤ ਵਲੋਂ ਪਾਕਿਸਤਾਨ ਨੂੰ ਦਿਤਾ ਜਾਂਦਾ ਪਾਣੀ ਹੁਣ ਪੰਜਾਬ ਅਤੇ ਰਾਜਸਥਾਨ ਦੇ ਸਿੰਚਾਈ ਕੰਮਾਂ ਲਈ ਵਰਤਿਆ ਜਾਵੇਗਾ।
ਇਸ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ, ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਵਿਧਾਇਕ ਸੁਰਿੰਦਰ ਸਿੰਘ ਭੁਲੇ ਰਾਠਾਂ, ਹਿਮਾਚਲ ਪ੍ਰਦੇਸ ਦੇ ਸਾਬਕਾ ਵਿਧਾਇਕ ਰਣਧੀਰ ਸਰਮਾ, ਆਦਿ ਹਾਜ਼ਰ ਸਨ ।