ਚੰਡੀਗੜ੍ਹ, 20 ਫ਼ਰਵਰੀ- ਸ਼੍ਰੋਮਣੀ ਅਕਾਲੀ ਦਲ ਬਾਦਲ ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਇਸ ਵਾਰ ਕਿਸੇ ਨਵੇਂ ਚਿਹਰੇ ਨੂੰ ਉਤਾਰਨ ਦੀ ਤਿਆਰੀ ਕਰ ਰਿਹਾ ਹੈ। ਇਸ ਹਲਕੇ ਤੋਂ ਪਿਛਲੀ ਚੋਣ ਵਿੱਚ ਸ. ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੀ ਟਿਕਟ ’ਤੇ ਚੋਣ ਜਿੱਤੇ ਸਨ। ਉਨ੍ਹਾਂ ਦੇ ਬਾਗੀ ਹੋ ਜਾਣ ਕਾਰਨ ਅਕਾਲੀ ਦਲ ਹੁਣ ਇਸ ਹਲਕੇ ਵਿੱਚ ਕਿਸੇ ਮਜ਼ਬੂਤ ਉਮੀਦਵਾਰ ਦੀ ਤਲਾਸ਼ ਵਿੱਚ ਹੈ। ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਇਸ ਪੰਥਕ ਹਲਕੇ ਵੱਲ ਵਿਸ਼ੇਸ਼ ਤੌਰ ’ਤੇ ਤਵੱਜੋ ਦੇ ਰਹੇ ਹਨ। ਉਨ੍ਹਾਂ ਵੱਲੋਂ ਇਸ ਹਲਕੇ ਲਈ ਕਈ ਨਾਵਾਂ ਉਪਰ ਚਰਚਾ ਕੀਤੀ ਜਾ ਰਹੀ ਹੈ, ਪਰ ਇਸ ਸਚੀ ਵਿੱਚ ਬੀਬੀ ਜਗੀਰ ਕੌਰ ਦਾ ਨਾਮ ਸਭ ਤੋਂ ਉਪਰ ਦੱਸਿਆ ਜਾ ਰਿਹਾ ਹੈ। ਪਾਰਟੀ ਦੇ ਬਹੁਤੇ ਆਗੂ ਚਾਹੁੰਦੇ ਹਨ ਕਿ ਇਸ ਹਲਕੇ ਤੋਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ ਜਾਵੇ। ਬੀਬੀ ਜਗੀਰ ਕੌਰ ਦਾ ਦੁਆਬਾ ਅਤੇ ਮਾਝਾ ਖੇਤਰ ਵਿੱਚ ਵੱਡਾ ਪ੍ਰਭਾਵ ਹੈ। ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਉਣ ਲਈ ਪਾਰਟੀ ਉਪਰ ਕਾਫੀ ਦਬਾਅ ਬਣਿਆ ਹੋਇਆ ਹੈ। ਇਸਤਰੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਬੀਬੀ ਜਗੀਰ ਕੌਰ ਵੀ ਪੂਰੇ ਪੰਜਾਬ ਵਿੱਚ ਇੱਕ ਵੱਡੀ ਜੱਥੇਬੰਦਕ ਤਾਕਤ ਬਣੇ ਹੋਏ ਹਨ। ਪਿਛਲੀਆਂ ਕਈ ਚੋਣਾਂ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਨੇ ਕਾਫੀ ਅਹਿਮ ਭੂਮਿਕਾ ਨਿਭਾਈ ਹੈ। ਬੀਬੀ ਜੀ ਇੱਕ ਧੜੱਲੇਦਾਰ ਆਗੂ ਵਜੋਂ ਜਾਣੇ ਜਾਂਦੇ ਹਨ। ਪਾਰਟੀ ਹਲਕਿਆਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਗਏ ਕਈ ਗੁਪਤ ਸਰਵੇਖਣਾਂ ਦੌਰਾਨ ਸ੍ਰੀ ਖਡੂਰ ਸਾਹਿਬ ਹਲਕੇ ਲਈ ਬੀਬੀ ਜਗੀਰ ਕੌਰ ਨੂੰ ਸਭ ਤੋਂ ਮਜ਼ਬੂਤ ਉਮੀਦਵਾਰ ਦੱਸਿਆ ਗਿਆ ਹੈ। ਬੇਸ਼ੱਕ ਹਾਲੇ ਬੀਬੀ ਜਗੀਰ ਕੌਰ ਨੇ ਇਸ ਹਲਕੇ ਤੋਂ ਚੋਣ ਲੜਣ ਲਈ ਕੋਈ ਹੁੰਗਾਰਾ ਨਹੀਂ ਭਰਿਆ, ਪ੍ਰੰਤੂ ਪਾਰਟੀ ਦੇ ਕਈ ਵੱਡੇ ਨੇਤਾ ਉਨ੍ਹਾਂ ਨਾਲ ਇਸ ਮੁੱਦੇ ’ਤੇ ਗੱਲਬਾਤ ਚਲਾ ਰਹੇ ਹਨ। ਜੇਕਰ ਬੀਬੀ ਜਗੀਰ ਕੌਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਂਦੇ ਹਨ ਤਾਂ ਇਸ ਹਲਕੇ ਦਾ ਸਿਆਸੀ ਗਣਿਤ ਬਦਲ ਜਾਣ ਦੀ ਸੰਭਾਵਨਾ ਹੈ। ਇਸ ਦਾ ਅਸਰ ਮਾਝੇ ਅਤੇ ਦੁਆਬੇ ਦੇ ਕਈ ਹਲਕਿਆਂ ਉਪਰ ਪਵੇਗਾ, ਜਿਸ ਦਾ ਪਾਰਟੀ ਨੂੰ ਭਾਰੀ ਲਾਭ ਹੋਵੇਗਾ।