ਬਕਾਇਦਾ ਉਦਘਾਟਨ ਸ਼ਨਿੱਚਰਵਾਰ ਨੂੰ : ਸ. ਅਮਰੀਕ ਸਿੰਘ ਕੂੰਨਰ ਐਮ.ਡੀ.
ਬਰਮਿੰਘਮ (ਯੂ.ਕੇ.), 20 ਫ਼ਰਵਰੀ (ਬਲਜੀਤ ਸਿੰਘ ਬਰਾੜ)- ਪੰਜਾਬੀ ਭਾਈਚਾਰੇ ਲਈ ਇਹ ਵੱਡੇ ਮਾਣ ਦੀ ਗੱਲ ਹੈ ਕਿ ਸੰਸਾਰ ਦੇ ਇੱਕ ਨੰਬਰ ਸਿੱਖ ਮੀਡੀਆ ਯੂ.ਕੇ. ਅਧਾਰਿਤ ਪ੍ਰਸਿੱਧ ਟੀ.ਵੀ. ਬਰਾਡਕਾਸਟਰ ‘ਅਕਾਲ ਚੈਨਲ’ ਹੁਣ ਯੂ.ਐਸ.ਏ. ’ਚ ਵੀ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਬਕਾਇਦਾ ਉਦਘਾਟਨ ਸ਼ਨਿੱਚਰਵਾਰ 23 ਫ਼ਰਵਰੀ ਨੂੰ ਅਕਾਲ ਚੈਨਲ ਦੇ ਬਰਮਿੰਘਮ ਸਟੁਡੀਓ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਹੋਵੇਗਾ। ਅਕਾਲ ਚੈਨਲ ਯੂਕੇ ਦੇ ਐਮ.ਡੀ. ਅਤੇ ਪ੍ਰਸਿੱਧ ਸਮਾਜ ਸੇਵੀ ਸ. ਅਮਰੀਕ ਸਿੰਘ ਕੂੰਨਰ ਨੇ ਦੱਸਿਆ ਕਿ ਯੂ.ਐਸ.ਏ. ਲਈ ਬਰਾਡਕਾਸਟਿੰਗ ਸੇਵਾਵਾਂ ਸ਼ਨਿੱਚਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣਗੀਆਂ। ਇਸ ਲਈ ਬਕਾਇਦਾ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਯੂ.ਕੇ. ਦੀ ਤਰ੍ਹਾਂ ਹੀ ਯੂ.ਐਸ.ਏ. ਵਿੱਚ ਵੀ ਅਕਾਲ ਚੈਨਲ ਵੱਲੋਂ ਉਤਮ ਪ੍ਰਸਾਰਣ ਸੇਵਾਵਾਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਯੂ.ਐਸ.ਏ. ਵਿੱਚ ਯੂ.ਕੇ. ਤੋਂ ਵੱਖਰੇ ਅਤੇ ਨਵੇਂ ਪ੍ਰੋਗਰਾਮ ਵੀ ਟੈਲੀਕਾਸਟ ਕੀਤੇ ਜਾਣਗੇ। ਅਕਾਲ ਚੈਨਲ ਯੂ.ਕੇ. ਦੀ ਇਹ ਵੱਡੀ ਪ੍ਰਾਪਤੀ ਹੈ। ਇਸ ਵਿਸਥਾਰ ਨਾਲ ਅਕਾਲ ਚੈਨਲ ਦਾ ਘੇਰਾ ਹੋਰ ਵਧੇਗਾ। ਯੂ.ਐਸ.ਏ. ਵਿੱ ਵੱਡੀ ਗਿਣਤੀ ਵਿੱਚ ਸਿੱਖ ਅਤੇ ਪੰਜਾਬੀ ਵੱਸਦੇ ਹਨ। ਸ. ਕੂੰਨਰ ਨੇ ਕਿਹਾ ਕਿ ਅਕਾਲ ਚੈਨਲ ਸਾਰੇ ਦਰਸ਼ਕਾਂ ਦੀਆਂ ਇੱਛਾਵਾਂ ਮੁਤਾਬਿਕ ਪ੍ਰੋਗਰਾਮ ਪੇਸ਼ ਕਰੇਗਾ।