ਵੀਜ਼ੇ ਜਾਰੀ ਕਰਨ ਸਬੰਧੀ ਸਿਸਟਮ ’ਚ ਖਾਮੀਆਂ ਨੂੰ ਦੂਰ ਕਰਨ ਦੀ ਲੋੜ : ਦਲਮੇਘ ਸਿੰਘ
ਅੰਮ੍ਰਿਤਸਰ, 10 ਅਪ੍ਰੈਲ (ਪੀ.ਟੀ.)-ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ (ਪਾਕਿਸਤਾਨ) ਵਿਖੇ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਪਾਰਟੀ ਲੀਡਰ ਸ.ਹਰਦੇਵ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਿਪਟੀ ਪਾਰਟੀ ਲੀਡਰ ਸ.ਅਮਰਜੀਤ ਸਿੰਘ ਭਾਟੀਆ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ’ਚ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਫੁੱਲਾਂ ਦੇ ਸਿਹਰੇ ’ਤੇ ਸਿਰੋਪਾਓ ਪਾ ਕੇ ਸ.ਦਲਮੇਘ ਸਿੰਘ ਤੇ ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਜੈਕਾਰਿਆਂ ਦੀ ਗੂੰਜ ਨਾਲ ਜਥੇ ਨੂੰ ਰਵਾਨਾ ਕੀਤਾ। ਸ.ਦਿਲਜੀਤ ਸਿੰਘ ਬੇਦੀ, ਸ.ਬਲਵਿੰਦਰ ਸਿੰਘ ਜੌੜਾਸਿੰਘਾ, ਸ.ਕੇਵਲ ਸਿੰਘ ਤੇ ਸ.ਹਰਭਜਨ ਸਿੰਘ ਮਨਾਵਾਂ ਐਡੀਸ਼ਨਲ ਸਕੱਤਰ
, ਸ.ਜਸਪਾਲ ਸਿੰਘ, ਸ.ਭੁਪਿੰਦਰਪਾਲ ਸਿੰਘ, ਸ.ਜਗਜੀਤ ਸਿੰਘ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸੁਪ੍ਰਿੰਟੈਂਡੈਂਟ ਸ.ਹਰਮਿੰਦਰ ਸਿੰਘ ਮੂਧਲ, ਸ.ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ.ਚਾਨਣ ਸਿੰਘ ਤੇ ਸ.ਪਰਮਦੀਪ ਸਿੰਘ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਦੇ ਹੋਰ ਅਧਿਕਾਰੀ ਮੌਜੂਦ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਵਿਖੇ ਵੈਸਾਖੀ ਦਾ ਦਿਹਾੜਾ ਮਨਾਉਣ ਤੇ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਜਥੇ ਦੀ ਅਗਵਾਈ ਕਰ ਰਹੇ ਸ.ਹਰਦੇਵ ਸਿੰਘ ਮੈਂਬਰ ਸ੍ਰੋਮਣੀ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਨ ਕਿ ਦੇਸ਼ ਦੀ ਵੰਡ ਸਮੇਂ ਜਿਹੜੇ ਗੁਰਧਾਮ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਰਹਿ ਗਏ ਹਨ ਉਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਜਥੇ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਜਥਾ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 11 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪੁੱਜੇਗਾ। 12 ਅਪ੍ਰੈਲ ਨੂੰ ਸ੍ਰੀ ਅਖੰਡਪਾਠ ਸਾਹਿਬ ਅਰੰਭ ਹੋਣਗੇ ਅਤੇ 14 ਅਪ੍ਰੈਲ ਨੂੰ ਵੈਸਾਖੀ ਪੁਰਬ ਸਬੰਧੀ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣਗੇ ਤੇ ਧਾਰਮਿਕ ਦੀਵਾਨ ਸੱਜਣਗੇ। ਉਪਰੰਤ ਇਹ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ, ਜਿਥੇ ਯਾਤਰੂ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਤੋਂ ਇਲਾਵਾ ਗੁਰਦੁਆਰਾ ਸ੍ਰੀ ਸੱਚਾ ਸੌਦਾ ਮੰਡੀ ਚੂਹੜਕਾਣਾ ਦੇ ਦਰਸ਼ਨ ਕਰਨਗੇ। 17 ਅਪ੍ਰੈਲ ਨੂੰ ਜਥਾ ਲਾਹੌਰ ਪੁੱਜੇਗਾ, ਇਥੇ ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ, ਗੁਰਦੁਆਰਾ ਜਨਮ ਅਸਥਾਨ ਚੂਨਾ ਮੰਡੀ, ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਉਪਰੰਤ 19 ਅਪ੍ਰੈਲ ਨੂੰ ਦੇਸ਼ ਵਾਪਸ ਪਰਤੇਗਾ।
ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਵੈਸਾਖੀ ਦਾ ਤਿਉਹਾਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। 1947 ’ਚ ਦੇਸ਼ ਦੀ ਵੰਡ ਤੋਂ ਬਾਅਦ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਆਪਣੇ ਧਰਮ ਅਸਥਾਨਾਂ ਤੇ ਤਿਉਹਾਰ ਮਨਾਉਣ ਲਈ ਜਥੇ ਭੇਜਦੀ ਆ ਰਹੀ ਹੈ। ਉੇਨ੍ਹਾਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਸਿੱਖ ਗੁਰਧਾਮਾਂ ਨਾਲ ਯਾਤਰੂਆਂ ਦੀ ਆਸਥਾ ਬੱਝੀ ਹੈ, ਪਰ ਜਦੋਂ ਕਿਸੇ ਸ਼ਰਧਾਲੂ ਦਾ ਨਾਮ ਯਾਤਰਾ ਜਾਣ ਵਾਲੀ ਲਿਸਟ ’ਚੋਂ ਕੱਟਿਆ ਜਾਂਦਾ ਹੈ ਤਾਂ ਉਸ ਦੇ ਮਨ ਨੂੰ ਭਾਰੀ ਠੇਸ ਪਹੁੰਚਦੀ ਹੈ। ਇਸ ਵਾਰ ਤਕਰੀਬਨ 1209 ਯਾਤਰੂਆਂ ’ਚੋਂ 385 ਯਾਤਰੂਆਂ ਦੇ ਨਾਮ ਕੱਟ ਦਿੱਤੇ ਹਨ ਅਤੇ ਕੇਵਲ 824 ਯਾਤਰੂਆਂ ਨੂੰ ਹੀ ਜਥੇ ’ਚ ਜਾਣ ਲਈ ਵੀਜੇ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹੇ ਯਾਤਰੀ ਲਿਸਟ ਵਿੱਚੋਂ ਕੱਟੇ ਗਏ ਹਨ ਸਾਰੇ ਗਲਤ ਨਹੀਂ ਹੋ ਸਕਦੇ? ਕਿਤੇ ਨਾ ਕਿਤੇ ਸਿਸਟਮ ’ਚ ਖਾਮੀ ਹੈ ਜੋ ਦੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਯਾਤਰਾ ਸਬੰਧੀ ਭੇਜੇ ਜਾਂਦੇ ਵੱਧ ਤੋਂ ਵੱਧ ਨਾਵਾਂ ਨੂੰ ਵੀਜੇ ਜਾਰੀ ਕੀਤੇ ਜਾਣੇ ਚਾਹੀਦੇ ਹਨ।



