May 13, 2026 3:44 am

ਪ੍ਰਾਹੁਣਾ ਸਾਰੇ ਪਿੰਡ ਦਾ

ਪ੍ਰਾਹੁਣਾ ਸਾਰੇ ਪਿੰਡ ਦਾ ਸਿਰਲੇਖ ਭਾਵੇਂ ਪੜਨ ਵਾਲਿਆਂ ਨੂੰ ਓਪਰਾ ਜਿਹਾ ਜਰੂਰ ਲੱਗਿਆ ਹੋਵੇਗਾ ਪਰ ਇਸ ਫਿਕਰੇ ਨੇ ਲੰਮਾਂ ਸਮਾਂ ਪੰਜਾਬੀਅਤ ਦੀ ਜੁਬਾਨ ਉਤੇ ਰਹਿਕੇ ਆਪਸੀ ਪਿਆਰ, ਭਾਈਵਾਲਤਾ, ਏਕਤਾ ਅਤੇ ਨਿੱਘਤਾ ਦਾ ਅਹਿਸਾਸ ਕਰਵਾਇਆ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਨਿਆਣਾ ਜਿਹਾ ਸੀ ਤਾਂ ਪਿੰਡ ਦੀ ਧੀ ਧਿਆਣੀ ਜਿਸ ਪਿੰਡ ਵਿੱਚ ਵੀ ਵਿਆਹੀ ਜਾਂਦੀ, ਵਿਆਹੁਲਾ ਮੁੰਡਾਂ ਇੱਕ ਘਰ ਦਾ ਨਹੀਂ ਸਗੋਂ ਸਾਰੇ ਪਿੰਡ ਦਾ ਸਰਬ ਸਾਂਝਾ ਪ੍ਰਾਹੁਣਾ ਅਖਵਾਉਂਦਾ। ਜਿਵੇਂ ਲੋਕੀ ਅਕਸਰ ਆਖ ਦਿੰਦੇਂ ਹਨ ਕਿ ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ , ਉਸ ਤਰ੍ਹਾਂ ਉਦੋਂ ਪ੍ਰਾਹੁਣੇ ਵੀ ਸਾਂਝੇ ਹੀ ਮੰਨੇਂ ਜਾਂਦੇ ਸਨ । ਉਨ੍ਹਾਂ ਭਲੇ ਵੇਲਿਆਂ ਵਿੱਚ ਲੋਕ ਇਸ ਗੱਲ ਨੂੰ ਡੂੰਘੇਂ ਮਨਾਂ ਤੋਂ ਮੰਨਦੇਂ ਸਨ। ਪਿੰਡ ਵਿੱਚ ਬਾਹਰੋਂ ਆਏ ਪ੍ਰਾਹੁਣੇ ਦੀ ਪੂਰੀ ਇੱਜਤ ਕੀਤੀ ਜਾਂਦੀ ਅਤੇ ਪ੍ਰਾਹੁਣੇ ਦੀ ਹਰ ਗੱਲ ਦੀ ਵੱਡੀ ਕਦਰ ਕੀਤੀ ਜਾਂਦੀ ਸੀ। ਵੇਲੇ ਕੁਵੇਲੇ ਜੇਕਰ ਪਿੰਡ ਦਾ ਪ੍ਰਾਹੁਣਾ ਕਿਸੇ ਖੁਸੀ ਖੇੜੇ ਵੇਲੇ ਕਿਤੇ ਥੋੜੀ ਬਹੁਤੀ ਔਹਰ ਸੌਹਰ ਵੀ ਕਰਦਾ ਤਾਂ ਉਸਨੂੰ ਸਿਆਣੇ ਬੰਦੇਂ ਇਹ ਕਹਿਕੇ ਟਾਲ ਦਿੰਦੇਂ ਸਨ ਕਿ ਨਹੀਂ ਬਈ ਇਸਨੂੰ ਕੁੱਝ ਨਹੀਂ ਕਹਿਣਾ ਇਹ ਤਾਂ ਪਿੰਡ ਦਾ ਪ੍ਰਾਹੁਣੈ ਐ । ਉਧਰ ਪ੍ਰਾਹੁਣਾ ਵੀ ਕਈ ਵਾਰ ਇਸ ਦਰਿਆ ਦਿਲੀ ਦਾ ਚੌਖਾ ਲਾਹਾ ਖੱਟਦਿਆਂ ਆਪਣੀ ਕੋਈ ਜਿੱਦ ਪੁਗਾ ਜਾਂਦਾ ਸੀ। ਤੜਕੇ ਤੜਕੇ ਜੇਕਰ ਕਿਸੇ ਦੇ ਬਨੇਰੇ ਉਤੇ ਕਾਂ ਬੈਠ ਜਾਂਦਾ ਤਾਂ ਆਂਢਣਾ ਗੁਆਂਢਣਾ ਕਹਿ ਦਿੰਦਿਆਂ ਬਈ ਲੱਗਦੈ ਅੱਜ ਤਾਂ ਘਰੇਂ ਪ੍ਰਾਹੁਣਿਆਂ ਦੀ ਆਮਦ ਹੋਣੀ ਐ।
ਭਾਵੇਂ ਇਹ ਗੱਲਾਂ ਬੀਤੇ ਦੀਆਂ ਹੋ ਗਈਆਂ ਹਨ। ਪਰ ਜਿੰਨਾਂ ਲੋਕਾਂ ਦੇ ਹਿੱਸੇ ਇਹੋ ਜਿਹੀ ਪ੍ਰਾਹੁਣਚਾਰੀ ਆਈ ਹੋਈ ਹੈ, ਉਹ ਅੱਜ ਵੀ ਉਨ੍ਹਾਂ ਵਕਤਾਂ ਦੀਆਂ ਬਾਤਾਂ ਪਾਉਂਦੇ ਨਹੀਂ ਰੱਜਦੇ। ਘਰ ਆਇਆ ਪ੍ਰਾਹੁਣਾ ਸਾਰੇ ਆਂਢ ਗੁਆਂਢ ਲਈ ਖੁਸ਼ੀਆਂ ਦਾ ਖੇੜਾ ਬਣ ਜਾਂਦਾ।ਘਰਾਂ ਦੇ ਜੀਆਂ ਤੋਂ ਇਸ ਵੇਲੇ ਦਾ ਚਾਅ ਨਹੀ ਸੀ ਚੁੱਕਿਆ ਜਾਂਦਾ।ਕੰਧਾਂ ਉਤੋਂ ਦੀ ਆਂਢੋ ਗੁਆਢੋ ਚਾਹ ਦੇ ਡੋਲੂ, ਗੜਵੀਆਂ, ਗਲਾਸ ਅਤੇ ਹੋਰ ਬਰਤਨ ਭਰ ਭਰ ਆਉਂਦੇ।ਉਦੋਂ ਅੱਜ ਵਾਂਗ ਮਠਿਆਈਆਂ ਦਾ ਦੌਰ ਨਹੀ ਸੀ ਸਗੋਂ ਘਰਾਂ ਵਿੱਚ ਇਹੋ ਜਿਹੇ ਪ੍ਰਾਹੁਣਿਆਂ ਦੀ ਆਮਦ ਮੌਕੇ ਹੀ ਭਾਂਤ-ਭਾਂਤ ਦੇ ਘਰੇਲੂ ਪਕਵਾਨ ਬਣਦੇ ਸਨ।ਪਿਆਰ ਨਾਲ ਆਂਢੀ ਗੁਆਢੀਂ ਪ੍ਰਾਹੁਣਿਆਂ ਨੂੰ ਆਪੋ ਆਪਣੇ ਘਰੀਂ ਲੈਕੇ ਜਾਂਦੇ। ਹਰ ਪਹਿਰ ਦੀ ਰੋਟੀ ਦਾ ਪ੍ਰਬੰਧ ਉਦੋਂ ਇਕੱਲਾ ਇਕੱਲਾ ਘਰ ਮਾਣ ਨਾਲ ਕਰਦਾ। ਕਈ ਕਈ ਦਿਨ ਪ੍ਰਾਹੁਣਿਆਂ ਨੂੰ ਪਿੰਡੋ ਜਾਣ ਨਾ ਦਿੱਤਾ ਜਾਂਦਾ। ਧੱਕੇ ਨਾਲ ਹਰ ਘਰ ਰੱਖਣ ਦੀ ਕੋਸਿਸ ਕਰਦਾ। ਸਾਮ ਨੂੰ ਪਿਆਕੜਾ ਦੀ ਢਾਣੀ ਪ੍ਰਾਹੁਣੇ ਨੂੰ ਆਪਣੇ ਗਲਵੇ ਵਿੱਚ ਲੈਂਦੀ। ਦਿਨ ਨੂੰ ਪਿੰਡ ਦੇ ਸਾਰੇ ਘਰ ਉਸਦੀ ਸੇਵਾ ਵਿੱਚ ਹਾਜਰ ਰਹਿੰਦੇਂ। ਘਰ ਦੇ ਜੀਅ ਪ੍ਰਾਹੁਣੇ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡਦੇ , ਸਗੋਂ ਆਪਣੀਆਂ ਪਲਕਾਂ ਉਤੇ ਬਿਠਾ ਹੱਥਾਂ ਦੀ ਛਾ ਕਰਦੇ ਸਨ। ਉਦੋਂ ਅੱਜ ਵਾਂਗ ਟੈਲੀਫੋਨ, ਮੋਬਾਇਲ ਫੋਨ, ਇੰਟਰਨੈਟ ਨਹੀਂ ਅਤੇ ਨਾ ਹੀ ਹੁਣ ਵਾਂਗ ਵੱਡੇ ਰੁਝੇਵੇ ਸਨ। ਲੋਕਾਂ ਵਿੱਚ ਇੱਕ ਦੂਜੇ ਲਈ ਨਿੱਘੀ ਹਮਦਰਦੀ ਹੁੰਦੀਂ। ਘਰਾਂ ਵਿੱਚ ਅਕਸਰ ਹੋਣ ਵਾਲਾ ਥੋੜਾ ਬਹੁਤਾ ਰੋਸਾ ਵੀ ਸਿਆਣਾ ਪ੍ਰਾਹੁਣਾ ਬੈਠਕੇ ਨਿਬੇੜ ਜਾਂਦਾ ਤੇ ਪ੍ਰਾਹੁਣੇ ਵੱਲੋਂ ਕਹੀ ਸਿਆਣੀ ਗੱਲ ਦਾ ਕੋਈ ਮੋੜ ਨਹੀ ਦਿੱਤਾ ਜਾਂਦਾ ਸੀ। ਘਰਾਂ ਦੀਆਂ ਕਾਬਲੀਦਾਰੀਆਂ ਦੇ ਰਾਇ ਮਸਵਰਿਆਂ ਵਿੱਚ ਵੀ ਅਕਸਰ ਪ੍ਰ ਦਾ ਥੋੜਾ ਬਹੁਤਾ ਵੱਲ ਲਿਆ ਜਾਂਦਾ ਸੀ।ਕਈ ਕਈ ਦਿਨ ਭਾਵੇਂ ਪ੍ਰਾਹੁਣੇ ਰਿਸ਼ਤੇਦਾਰੀਆਂ ਵਿੱਚ ਲਾ ਜਾਂਦੇ ਪਰ ਜਾਣ ਲੱਗਿਆ ਫਿਰ ਵੀ ਰਿਸ਼ਤੇਦਾਰਾਂ ਨੇ ਨਿੱਘਤਾ, ਮਾਣ ਨਾਲ ਉਹਨੂੰ ਚਾਰ ਦਿਨ ਹੋਰ ਲਾਉਣ ਦਾ ਤਰਲਾ ਜਰੂਰ ਕਰਨਾ ਹੁੰਦਾਂ ਸੀ ਜੋ ਪ੍ਰਾਹੁਣਿਆਂ ਨੂੰ ਉਨ੍ਹਾਂ ਦੀ ਚੌਖੀ ਕਦਰ ਦਾ ਅਹਿਸਾਸ ਹੋ ਨਿੱਬੜਨਾ।ਜੇਕਰ ਅੱਜ ਦੀ ਗੱਲ ਕਰੀਏ ਤਾਂ ਪ੍ਰਾਹੁਣਿਆਂ ਸਮੇਤ ਸਾਡੀ ਸਭ ਦੀ ਜਿੰਦਗੀਂ ਵੀ ਵੱਡੇ ਰੁਝੇਵਿਆਂ ਤੇ ਉਲਝਣਾ ਨੇ ਇਸ ਕਦਰ ਉਲਝਾ ਲਈ ਹੈ ਕਿ ਇਹ ਪ੍ਰਾਹੁਣਚਾਰੀ ਦੇ ਪਲ ਮਾਣਨ ਦਾ ਵਕਤ ਹੀ ਨਹੀਂ ਕੱਢ ਪਾਉਂਦੇ। ਉਨ੍ਹਾਂ ਵੇਲਿਆਂ ਵਿੱਚ ਮਨੋਰੰਜਨ ਦੇ ਸਾਧਨ ਬਹੁਤ ਹੀ ਘੱਟ ਅਤੇ ਸੀਮਤ ਹੁੰਦੇਂ ਸਨ ਜਿਸ ਕਾਰਣ ਆਪਸੀ ਹਾਸਾ ਠੱਠਾ ਹੀ ਸਭ ਤੋਂ ਵੱਡਾ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਸੀ। ਪ੍ਰਾਹੁਣਿਆਂ ਨਾਲ ਜੇਕਰ ਉਨ੍ਹਾਂ ਵੇਲਿਆਂ ਦੇ ਹਾਸੇ ਮਖੌਲ ਦੀ ਗੱਲ ਕਰੀਏ ਤਾਂ ਹੁਣ ਉਹ ਗੱਲਾਂ ਸੁਣ ਲੂੰਂ ਕੰਡੇਂ ਖੜੇ ਹੋ ਜਾਂਦੇ ਹਨ। ਥਾਂ ਸਿਰ ਲੱਗਦੀਆਂ ਕੁੜੀਆਂ-ਕੱਤਰੀਆਂ ਵੱਲੋਂ ਰਿਸਤੇ ਵਿੱਚ ਲੱਗਦੇ ਜੀਜਿਆਂ ਨਾਲ ਇਹੋ ਜਿਹੇ ਮਜਾਕ ਜਾਂ ਮਾਖੌਲ ਕੀਤੇ ਜਾਂਦੇ ਸਨ ਜਿਹੜੇ ਹੁਣ ਵਾਲੇ ਪ੍ਰਾਹੁਣੇ ਸਾਇਦ ਹੀ ਜਰ ਸਕਣ। ਘਰ ਆਏ ਪ੍ਰਾਹੁਣੇ ਨੂੰ ਮੰਜੇਂ ਦਾ ਸਾਰਾ ਸੂਤ ਕੱਢਕੇ ਉਸ ਉਤੇ ਸਿਰਫ ਇੱਕ ਚਾਦਰ ਵਿਛਾ ਦਿੱਤੀ ਜਾਂਦੀ , ਜਦੋਂ ਪ੍ਰਾਹੁਣਾ ਉਸ ਮੰਜੇਂ ਉਤੇ ਬੈਠਣ ਦਾ ਯਤਨ ਕਰਦਾ ਤਾਂ ਉਹ ਇਸ ਕਦਰ ਥੱਲੇ ਡਿੱਗਦਾ ਕਿ ਉਸ ਦੀਆਂ ਦੋਵੇਂ ਲੱਤਾਂ ਉਤਾਂਹ ਹੋ ਜਾਂਦੀਆਂ। ਇਸਦੇ ਨਾਲ ਹੀ ਸੁੱਤੇ ਪਏ ਪ੍ਰਾਹੁਣੇ ਦੇ ਸਿਰਹਾਣੇ ਕਿਸੇ ਬਰਤਨ ਵਿੱਚ ਅੱਗ ਪਾ ਵਿੱਚ ਮਿਰਚਾ ਸੁੱਟ ਦੇਣੀਆਂ ਜਿਸ ਕਾਰਣ ਉਸਦਾ ਹਾਲ ਬੁਰਾ ਹੋ ਜਾਂਦਾ ਸੀ। ਕਈ ਵਾਰ ਖਾਣੇ ਵਿੱਚ ਮਿਰਚਾ ਵੱਧ ਪਾ ਦੇਣੀਆਂ। ਇਹੋ ਜਿਹੇ ਹੋਰ ਵੀ ਬਹੁਤ ਸਾਰੇ ਮਾਖੋਲ ਸਨ ਜਿਹੜੀਆਂ ਕੁੜੀਆਂ ਅਕਸਰ ਪ੍ਰਾਹੁਣਿਆਂ ਨਾਲ ਕਰ ਜਾਂਦੀਆਂ ਸਨ। ਵਕਤ ਨੇ ਇਨ੍ਹਾਂ ਨਿੱਘ ਭਰੇ ਰਿਸ਼ਤਿਆਂ ਨੂੰ ਹੌਲੀ ਹੌਲੀ ਇਸ ਕਦਰ ਬਦਲ ਦਿੱਤਾ ਕਿ ਨਾ ਤਾਂ ਹੁਣ ਉਹ ਪ੍ਰਾਹੁਣੇ ਹੀ ਰਹੇ ਹਨ ਤੇ ਨਾ ਹੀ ਉਹ ਮਾਖੌਲ ਤੇ ਨਾ ਹੀ ਉਹੋ ਜਿਹੀਆਂ ਮਾਖੌਲ ਕਰਨ ਵਾਲੀਆਂ। ਵਿਆਹਾਂ ਸਾਦੀਆਂ ਵਿੱਚ ਵੀ ਪ੍ਰਾਹੁਣਿਆਂ ਦੀ ਵੱਖਰੀ ਟੌਹਰ ਹੁੰਦੀਂ ਸੀ। ਵਿਆਹ ਵਿੱਚ ਪ੍ਰਾਹੁਣੇ ਦੀ ਪ ਸਭ ਤੋਂ ਵੱਧ ਹੁੰਦੀਂ। ਪ੍ਰਾਹੁਣੇ ਕਈ ਵਾਰ ਘੱਟ ਪੁੱਛ ਪ੍ਰਤੀਤ ਕਰਕੇ ਰੁੱਸ ਵੀ ਜਾਂਦੇ ਸਨ ਜਿਨ੍ਹਾਂ ਨੂੰ ਫਿਰ ਕਿਵੇਂ ਨਾ ਕਿਵੇ ਕਰ ਰਿਸਤੇਦਾਰਾਂ ਵੱਲੋਂ ਮਨਾ ਲਿਆ ਜਾਂਦਾ। ਉਂਝ ਵਿਆਹਾਂ ਵਿੱਚ ਪ੍ਰਾਹੁਣਿਆਂ ਦਾ ਰੁੱਸਣਾ ਅਕਸਰ ਹੁੰਦਾਂ ਰਹਿੰਦਾਂ ਸੀ ਜਿਸ ਕਾਰਣ ਹਰ ਕੋਈ ਪ੍ਰਾਹੁਣੇ ਵੱਲ ਵਿਸੇਸ ਧਿਆਨ ਰੱਖਦਾ ਤਾਂ ਜੋ ਰੁੱਸਣ ਦਾ ਕੋਈ ਬਹਾਨਾ ਨਾ ਦਿੱਤਾ ਜਾਵੇ। ਵਿਆਹਾਂ ਵਿੱਚ ਪ੍ਰਾਹੁਣੇ ਇਸ ਕਦਰ ਸਜ ਧਜਕੇ ਆਉਂਦੇ ਸਨ ਕਿ ਸਾਰੇ ਹੀ ਵਿਆਹ ਵਿੱਚ ਬਸ ਉਸੇ ਦੀ ਹੀ ਤੂਤੀ ਬੋਲੇ। ਵਕਤ ਬਦਲਿਆ, ਬਦਲਦੇ ਦੌਰ ਨਾਲ ਰੀਤੀ ਰਿਵਾਜਾਂ, ਰਿਸਤੇਦਾਰੀਆਂ, ਸੁਭਾਵਾਂ ਵਿੱਚ ਵੀ ਵੱਡੀਆਂ ਤਬਦੀਲੀਆਂ ਆ ਗਈਆਂ। ਅੱਜ ਉਹ ਸਮਾਂ ਚੱਲ ਪਿਆ ਜਦੋਂ ਪ੍ਰਾਹੁਣਾ ਸਾਰੇ ਪਿੰਡ ਦਾ ਤਾਂ ਕੀ ਸਗੋਂ ਇੱਕ ਘਰ ਦਾ ਵੀ ਮਸਾਂ ਮੰਨਿਆ ਜਾਂਦਾ ਹੈ। ਆਧੁਨਿਕਤਾ ਦੇ ਦੌਰ ਨੇ ਪ੍ਰਾਹੁਣਚਾਰੀਆ ਨੂੰ ਜਿਵੇਂ ਖ਼ਤਮ ਹੀ ਕਰ ਦਿੱਤਾ।ਘਰਾਂ ਵਿੱਚ ਪਈਆਂ ਵੰਡੀਆਂ ਨੇ ਸਰਬ ਸਾਂਝੇ ਧੀਆਂ-ਪ੍ਰਾਹੁਣਿਆਂ ਵਿੱਚ ਵੀ ਵੰਡ ਪਾ ਦਿੱਤੀ।ਅੱਜ ਕਿਸੇ ਕੋਲ ਵਕਤ ਹੀ ਨਹੀਂ ਕਿ ਦੁੱਖ ਸੁੱਖ ਬਹਿ ਸਾਂਝਾ ਕਰ ਲਿਆ ਜਾਵੇ। ਫੋਨਾਂ ਰਾਹੀਂ ਹੁੰਦੀਆਂ ਗੱਲਾਂ ਨੇ ਘਰਾਂ ਤੱਕ ਪ੍ਰਾਹੁਣਿਆਂ ਦੀ ਆਮਦ ਨੂੰ ਵੱਡੀਆਂ ਬਰੇਕਾਂ ਲਾ ਦਿੱਤੀਆਂ ਹਨ। ਆਏ ਦਿਨ ਜਿੰਦਗੀਂ ਦੇ ਵਧਦੇ ਕੰਮਾਂ ਨੇ ਵੀ ਪ੍ਰਾਹੁਣਚਾਰੀ ਨੂੰ ਵੱਡੀ ਢਾਹ ਲਾਈ ਹੈ। ਰਿਸਤਿਆਂ ਵਿੱਚ ਵਧਦੀਆਂ ਕੁੜੱਤਣਾ ਨੇ ਪ੍ਰਾਹੁਣਾ ਸਬਦ ਨੂੰ ਹੀ ਬੇਜਾਨ ਬਣਾ ਦਿੱਤਾ। ਮਤਲਬਖੋਰੀ ਅਤੇ ਆਪੇ ਤੱਕ ਸੀਮਿਤ ਲੋੜਾਂ ਨੇ ਸਾਡੇ ਸਮਾਜ ਨੂੰ ਇਨ੍ਹਾਂ ਨਿੱਘਤਾ ਭਰੇ ਰਿਸਤਿਆਂ ਤੋਂ ਵਾਂਝਾ ਕਰ ਦਿੱਤਾ ਹੈ।ਲੋੜ ਹੈ ਅੱਜ ਆਪਸੀ ਮਿਲਵਰਤਨ ਦੀ ਤਾਂ ਜੋ ਇਹ ਰੱਬੀ ਰਿਸਤੇ ਸਭ ਦੇ ਘਰਾਂ ਵਿੱਚ ਸਾਂਭੇ ਰਹਿਣ।

Send this to a friend