ਗੁਰਬਾਣੀ ਆਤਮਿਕ ਵਿਗਾਸ ਦੀ ਬਾਣੀ ਹੈ। ਇਸ ਦੀ ਨਿਘ ਮਨ ਅੰਦਰ ਆਸ ਦਾ ਰਸਮਈ ਨਾਦ ਪੈਦਾ ਕਰਦੀ ਹੈ “ ਜੋਤਿ ਸਰੂਪ ਅਨਾਹਦੁ ਵਾਜਿਆ “ ਜੋ ਰੂਹ ਨੂੰ ਪ੍ਰਫੁਲਤਾ ਦੇ ਸ਼ਿਖਰ ਤੇ ਲੈ ਜਾਂਦਾ ਹੈ। ਪ੍ਰਫੁਲਤਾ ਜੋ ਸਦੀਵੀ ਹੈ , ਜੀਵਨ ਦੀ ਨੁਹਾਰ ਬਦਲਣ ਵਾਲੀ ਹੈ। ਇਹ ਕਿਸੇ ਕਲਪਨਾ ਲੋਕ ਦੀ ਕਥਾ ਨਹੀਂ , ਹਕੀਕਤ ਨੂੰ ਸੁਪਨੇ ਤੋਂ ਵੀ ਮਨੋਹਰ ਬਣਾ ਦੇਣ ਦਾ ਕੌਤਕ ਹੈ। ਗੁਰਬਾਣੀ ਦੀ ਦ੍ਰਿਸ਼ਟੀ ਉਹ ਵਿਸਮਾਦੀ ਕੌਤਕ ਵਿਖਾ ਰਹੀ ਹੈ ਜੋ ਪਲ – ਪਲ ਸੰਸਾਰ ਅੰਦਰ ਵਰਤ ਰਿਹਾ ਹੈ “ ਵਿਸਮਾਦੁ ਧਰਤੀ ਵਿਸਮਾਦੁ ਖਾਣੀ , ਵਿਸਮਾਦੁ ਸਾਦਿ ਲਗਹਿ ਪਰਾਣੀ “ । ਪੂਰੀ ਸ੍ਰਿਸ਼ਟੀ ਵਿਸਮਾਦ ਨਾਲ ਭਰੀ ਹੋਈ ਹੈ ਤੇ ਜੀਵ ਵੀ ਵਿਸਮਾਦ ਵਿਚ ਹੈ . ਇਸ ਵਿਸਮਾਦ ਦਾ ਆਨੰਦ , ਵਿਸਮਾਦ ਦੇ ਮੂਲ ਨਾਲ ਜੁੜ ਕੇ ਹੀ ਪ੍ਰਾਪਤ ਹੁੰਦਾ ਹੈ। ਮਨੁਖ ਦੇ ਜੀਵਨ ਤੇ ਸਭ ਤੋਂ ਜਿਆਦਾ ਪ੍ਰਭਾਵ ਵਾਤਾਵਰਨ ਦਾ ਪੈਂਦਾ ਹੈ। ਆਮ ਤੌਰ ਤੇ ਉਸ ਦੀ ਸੋਚ , ਜੀਵਨ ਸ਼ੈਲੀ ਤੇ ਕਰਮ ਵਾਤਾਵਰਨ ਅਨੁਸਾਰ ਚਲਦੇ ਹਨ। ਇਹੋ ਕਾਰਨ ਸੀ ਕਿ ਗੁਰੂ ਸਾਹਿਬਾਨ ਨੇ ਰੁਤਾਂ , ਮਹੀਨਿਆਂ ਤੇ ਕੁਦਰਤ ਨੂੰ ਅਧਾਰ ਬਣਾ ਕੇ ਮਨੁਖ ਦੀ ਅੰਤਰ ਅਵਸਥਾ ਨੂੰ ਸੇਧ ਦੇਣ ਦਾ ਪਰਮ ਉਪਕਾਰ ਕੀਤਾ। ਰੁਤਾਂ ਅੰਦਰ ਬਸੰਤ ਨੂੰ ਸਰਬ ਸ੍ਰੇਸ਼ਟ ਮੰਨਿਆ ਗਿਆ ਹੈ . ਬਸੰਤ ਰੁਤ ਦੋ ਮਹੀਨੇ ਤਕ ਰਹਿੰਦੀ ਹੈ ਤੇ ਮਨ ਨੂੰ ਸਭ ਤੋਂ ਜਿਆਦਾ ਸੁਕੂਨ ਦਿੰਦੀ ਹੈ। ਅੰਤਰ ਦੀਆਂ ਕੋਮਲ ਭਾਵਨਾਵਾਂ ਨੂੰ ਖੁਲਣ ਦਾ ਅਉਸਰ ਮਿਲਦਾ ਹੈ ਤੇ ਤਨ ਨੂੰ ਸੁਖਾਂਵੇ ਅਨੁਭਵ ਹੁੰਦੇ ਹਨ। ਗੁਰੂ ਨਾਨਕ ਸਾਹਿਬ ਨੇ ਬਸੰਤ ਰੁਤ ਆਉਣ ਤੇ ਪ੍ਰਫੁਲਿਤ ਹੋਏ ਮਨ ਨੂੰ ਚੇਤੇ ਕਰਾਇਆ ਕਿ ਇਹ ਵਿਸਮਾਦ ਤਾਂ ਪਰਮਾਤਮਾ ਦਾ ਹੈ। ਪ੍ਰਫੁਲਿਤ ਮਨ ਨਾਲ ਪਰਮਾਤਮਾ ਨੂੰ ਧਿਆਉਣ ਦਾ ਸਮਾਂ ਹੈ। ਮਨੁਖ ਨੇਤਰਾਂ ਨਾਲ ਪਰਮਾਤਮਾ ਦੇ ਕੌਤਕ ਵੇਖੇ , ਕੰਨਾਂ ਨਾਲ ਗੁਰਬਾਣੀ ਸੁਣੇ ਤੇ ਰਸਨਾ ਨਾਲ ਨਾਮ ਜਪੇ . ਤਨ ਤੇ ਮਨ ਦੇ ਸੁਮੇਲ ਨਾਲ ਇਵੇਂ ਕੀਤੀ ਗਈ ਭਗਤੀ ਪਰਮਾਤਮਾ ਨਾਲ ਜੋੜਨ ਵਾਲੀ ਸਾਬਤ ਹੁੰਦੀ ਹੈ।
ਬਸੰਤ ਦੀ ਸੁਹਾਨੀ ਰੁਤ ਮਨ ਨੂੰ ਮੋਹ ਲੈਣ ਵਾਲੀ ਹੈ। ਕੌਣ ਨਹੀਂ ਚਾਹੁੰਦਾ ਕਿ ਇਹ ਖੇੜਾ ਬਣਿਆ ਰਹੇ। ਮਨੁਖ ਦਾ ਸਦਾ ਹੀ ਸੁਖ , ਆਨੰਦ , ਰਸ ਰੰਗ ਦੀ ਤਲਾਸ਼ ਵਿਚ ਰਹਿੰਦਾ ਹੈ। ਇਸ ਲਈ ਉਹ ਕੁਝ ਵੀ ਕਰ ਸਕਦਾ ਹੈ। ਪਰ ਧਰਮ ਤੇ ਅਧਿਆਤਮ ਸੁਖਾਂ ਤੇ ਆਨੰਦ ਦਾ ਸਰੋਤ ਹੋ ਸਕਦਾ ਹੈ ਇਹ ਅਚਰਜ ਭਰਿਆ ਸੀ। ਧਰਮ ਨੂੰ ਤਿਆਗੀਆਂ , ਬਨ ਗਮਨ ਕਰਨ ਵਾਲੀਆਂ , ਸੰਸਾਰ ਤੋਂ ਦੂਰ ਹੋ ਜਾਣ ਵਾਲੀਆਂ ਦਾ ਜੀਵਨ ਮੰਨਿਆ ਜਾਂਦਾ ਸੀ। ਧਰਮ ਭੋਜਨ , ਵਸਤਰ , ਸੰਸਾਰਕ ਪਦਾਰਥਾਂ ਤੋਂ ਨਾਤਾ ਤੋੜ ਲੈਣ ਦੀ ਰਾਹ ਸੀ ਜਿਸ ਨਾਲ ਜੀਉਣਾ ਕੰਟਕਮਈ ਹੋ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਇਸ ਭਰਮ ਤੋਂ ਬਾਹਰ ਕਢ੍ਹ ਜੀਵਨ ਨੂੰ ਨੂੰ ਮੰਗਲ ਅਉਸਰ ਬਣਾਉਣ ਦੀ ਰਾਹ ਵਿਖਾਈ “ ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ‘। ਸੰਸਾਰ ਦੋ ਮਹੀਨੇ ਬੰਸਤ ਦੇ ਰਸ ਨਾਲ ਭਿਜਦਾ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਜੀਵਨ ਅੰਦਰ ਬਸੰਤ ਦੀ ਪ੍ਰਫੁਲਤਾ ਨੂੰ ਸਦਾ ਲਈ ਥਿਰ ਕੀਤਾ ਜਾ ਸਕਦਾ ਹੈ ਜੇ ਮਨੁਖ ਸ਼ੁਭ ਕਰਮਾਂ ਦੀ ਕਮਾਈ ਕਰੇ। ਰੁਤਾਂ ਤਾਂ ਆਉਂਦੀਆਂ ਜਾਂਦੀਆਂ ਰਹਿਣ ਗਿਆਂ ਪਰ ਭਗਤੀ ਤੇ ਕਮਾਏ ਕਰਮਾਂ ਨਾਲ ਜੀਵਨ ਸਦਾ ਲਈ ਬਸੰਤ ਰੁਤ ਜਿਹੇ ਖੇੜੇ ‘ਚ ਆ ਜਾਂਦਾ ਹੈ “ ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ। ਬਸੰਤ ਰੁਤ ਦਾ ਸਮਾਪਨ ਧਰਤੀ ਤੋਂ ਰੌਨਕ ਦੀ ਵਿਦਾਇਗੀ ਦਾ ਸਬਬ ਬਣਦਾ ਹੈ। ਧਰਤੀ ਦੀ ਰੌਨਕ ਆਨੀ ਜਾਨੀ ਹੈ। ਇਸ ਦਾ ਅਸਰ ਮਨੁਖ ਦੀ ਜਿੰਦਗੀ ਤੇ ਵੀ ਪੈਂਦਾ ਹੈ। ਮਨ ਉਦਾਸ ਹੋਣ ਲਗਦਾ ਹੈ। ਜੀਵਨ ਅੰਦਰ ਉਤਸਾਹ ਘਟ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦਾ ਮਾਰਗ ਜੀਵਨ ਨੂੰ ਸਦਾ ਹਰਿਆਵਲ ਬਨਾਏ ਰਖਨ ਦਾ ਸੀ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵਚਨ ਕੀਤੇ ਕਿ ਅੰਤਰ ਦੀ ਪ੍ਰਫੁਲਤਾ ਦਾ ਸਬੰਧ ਕਿਸੇ ਰੁਤ ਦੇ ਆਉਣ – ਜਾਣ ਤੋਂ ਜਿਆਦਾ ਮਨ ਦੀ ਅਵਸਥਾ ਨਾਲ ਹੈ। ਆਪ ਨੇ ਦ੍ਰਿਸ਼ਟਾਂਤ ਦਿਤਾ ਕਿ ਵਨਸਪਤੀਆਂ ਆਪਨੇ ਅੰਦਰ ਅਗਨੀ ਦਾ ਵਾਸ ਹੁੰਦੀਆਂ ਵੀ ਆਪਣੀ ਹਰਿਆਵਲ ਨਾਲ ਧਰਤੀ ਦੀ ਸ਼ੋਭਾ ਬਣਾਉਂਦੀਆਂ ਹਨ ਕਿਉਂਕਿ ਉਨ੍ਹਾਂ ਨੇ ਅੰਤਰ ਦੀ ਅਗਨੀ ਨੂੰ ਬੰਨ ਕੇ ਰਖਿਆ ਹੋਇਆ ਹੈ।
ਸਾਗਰ ਅੰਦਰ ਅਥਾਹ ਜਲ ਉਛਾਲਾਂ ਮਾਰ ਰਿਹਾ ਹੈ ਪਰ ਕਿਸੇ ਦਾ ਕੋਈ ਘਾਣ ਨਹੀਂ ਹੋ ਰਿਹਾ ਕਿਉਂਕਿ ਜਲ ਨੂੰ ਸਾਗਰ ਨੇ ਕੰਡਿਆਂ ਅੰਦਰ ਬੰਨ ਕੇ ਰਖਿਆ ਹੋਇਆ ਹੈ। ਸੂਰਜ ਦੀ ਗਰਮੀ ਤੇ ਚੰਨ ਦਾ ਠਾਰ ਵੀ ਹਦ ਅੰਦਰ ਹਨ। ਮਨੁਖ ਦੇ ਮਨ ਅੰਦਰ ਵਿਕਾਰ ਚਲ ਰਹੇ ਹਨ ਤਾਂ ਕਿਵੇਂ ਉਹ ਸਹਿਜ ਅੰਦਰ ਆ ਸਕਦਾ ਹੈ “ ਰੇ ਮਨ ਲੇਖੈ ਕਬਹੂ ਨ ਪਾਇ , ਜਾਮਿ ਨ ਭੀਜੈ ਸਾਚ ਨਾਇ। ਵਾਸਨਾਵਾਂ , ਵਿਕਾਰਾਂ ਨੂੰ ਬੰਨ ਕੇ ਹੀ ਮਨੁਖ ਉਵੇਂ ਹੀ ਸੁਖ ਪ੍ਰਾਪਤ ਕਰਦਾ ਹੈ ਜਿਵੇਂ ਵਨਸਪਤੀਆਂ , ਸਾਗਰ , ਸੂਰਜ ਤੇ ਚੰਨ ਲੋਕਾਂ ਦੇ ਸੁਖ – ਆਨੰਦ ਦਾ ਕਾਰਣ ਬਣ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਵਿਕਾਰਾਂ ਨੂੰ ਬੰਨਣ ਦਾ ਇਕੋ ਮਾਰਗ ਹੈ ਨਾਮ ਸਿਮਰਨ। ਨਾਮ ਬਿਨਾ ਮਨ ਦੀ ਅਵਸਥਾ ਨਹੀਂ ਬਣਦੀ।
ਬਿਨੁ ਹਰਿ ਨਾਮ ਨ ਸੁਧੁ ਹੋਇ॥
(ਪੰਨਾ 1169)
ਵਿਕਾਰ ਮਨੁਖ ਦੀ ਮੂੜ੍ਹਤਾ ਕਾਰਨ ਹਨ। ਉਸ ਨੂੰ ਗਿਆਨ ਨਹੀਂ ਕਿ ਸੁਖ ਦਾ ਸਚਾ ਸਰੋਤ ਕੀ ਹੈ ਤੇ ਸੁਖ ਪ੍ਰਾਪਤ ਕਿਵੇਂ ਕਰਣਾ ਹੈ। ਮਨੁਖ ਦਾ ਭਰਮ ਹੈ ਕਿ ਸੁਖ ਸੰਸਾਰਕ ਰਸਾਂ , ਪਦਾਰਥਾਂ ਤੋਂ ਮਿਲਦੇ ਹਨ . ਮਨੁਖ ਕੋਲ ਬਹੁਤ ਸੋਨਾ – ਚਾਂਦੀ ਹੋਵੇ , ਧਰਮ ਕਰਮ ਲਈ ਗੰਗਾ ਦਾ ਜਲ ਤੇ ਪਵਿਤਰ ਅਗਨੀ ਹੋਵੇ , ਸੁਆਦਲੇ ਭੋਜਨ ਹੋਣ ਤਾਂ ਵੀ ਕਿਸਮਤ ਨਹੀਂ ਬਦਲਦੀ , ਸੁਖ ਨਹੀਂ ਮਿਲਦਾ। ਮਨੁਖ ਧਰਮ ਗ੍ਰੰਥਾਂ ਦਾ ਬਹੁਤਾ ਗਿਆਨ ਹਾਸਲ ਕਰ ਲਵੇ , ਤੀਰਥ ਇਸਨਾਨ ਕਰੇ , ਦਾਨ – ਪੁੰਨ ਕਰੇ , ਦਿਨ ਰਾਤ ਵ੍ਰਤ ਆਦਿ ਰਖਦਾ ਰਹੇ , ਹੋਰ ਸੰਜਮ ਕਰੇ , ਧਰਮੀ ਭੇਖ ਬਣਾ ਲਵੇ , ਕਰਮ ਕਾਂਡ ਕਰਦਾ ਰਹੇ ਪਰ ਕੋਈ ਲਾਭ ਨਹੀਂ ਹੋਣ ਵਾਲਾ . ਮਨੁਖ ਦੇ ਕਰਮ ਹੀ ਉਸ ਦੇ ਜੀਵਨ ਦਾ ਨਿਰਨਾਂ ਕਰਦੇ ਹਨ। ਗੁਰੂ ਦਾ ਹੁਕਮ ਮੰਨ ਨਾਮ ਸਿਮਰਨ ਕਰਨ ਵਾਲੇ ਮਨੁਖ ਦੀ ਅਵਸਥਾ ਨਿਰਮਲ ਹੋਣੀ ਆਰੰਭ ਹੋ ਜਾਂਦੀ ਹੈ। ਉਸ ਅਗੇ ਸ੍ਰਿਸ਼ਟੀ ਦੀ ਸੁੰਦਰਤਾ ਪਰਗਟ ਹੋਣ ਲਗ ਜਾਂਦੀ ਹੈ “ ਮੇਰੇ ਸੁੰਦਰ ਗਹਿਰ ਗੰਭੀਰ ਲਾਲ “ । ਪਰਮਾਤਮਾ ਦੀ ਸਰਬ ਵਿਆਪਕਤਾ ਦੇ ਦਰਸ਼ਨ ਹੋਣ ਲਗਦੇ ਹਨ “ ਸਗਲ ਭਵਨ ਤੇਰੀ ਮਾਇਆ ਮੋਹ। ਮਨ ਪਰਮਾਤਮਾ ਦੇ ਰੰਗ ‘ਚ ਰੰਗਿਆ ਜਾਂਦਾ ਹੈ ਤੇ ਸਚੇ ਰਸ ਨਾਲ ਭਰਪੂਰ ਹੋ ਜਾਂਦਾ ਹੈ। ਪਰਮਾਤਮਾ ਦੀ ਵਡਿਆਈ ਦਾ ਬਖਾਨ ਕਰਨ ਲਈ ਮਨ ਵਾਰ ਵਾਰ ਉਮੰਗ ਅੰਦਰ ਆਉਂਦਾ ਹੈ। ਕੋਈ ਮਨੁਖ ਕਿਸੇ ਸੁੰਦਰ ਅਸਥਾਨ ਤੇ ਹੋ ਕੇ ਆਵੇ ਜਾਂ ਕੋਈ ਮਨਮੋਹਕ ਵਸਤੂ ਹਾਸਲ ਕਰ ਲਵੇ ਤਾਂ ਹਰ ਕਿਸੇ ਨੂੰ ਜਤਾਉਣਾ ਚਾਹੁੰਦਾ ਹੈ। ਕਿਸੇ ਇਸਤਰੀ ਨੂੰ ਯੋਗ ਪਤੀ ਮਿਲ ਜਾਏ ਤੇ ਉਸ ਬਾਰੇ ਆਪਣੀਆਂ ਸਖੀਆਂ ਨੂੰ ਦਸਣ ਲਈ ਪਲ ਪਲ ਮਚਲਦੀ ਹੈ। ਪਰਮਾਤਮਾ ਪ੍ਰੇਮ ‘ਚ ਭਿਜੇ ਹੋਏ ਮਨ ਦੀ ਵੀ ਅਜਿਹੀ ਅਵਸਥਾ ਬਣ ਜਾਂਦੀ ਹੈ।
ਮੇਰੀ ਸਖੀ ਸਹੇਲੀ ਸੁਨਹੁ ਭਾਇ॥
ਮੇਰਾ ਪਿਰੁ ਰੀਸਾਲੂ ਸੰਗਿ ਸਾਇ॥
(ਪੰਨਾ 1170)
ਪਤੀ ਦੇ ਪ੍ਰੇਮ ’ਚ ਭਿਜੀ ਹੋਈ ਇਸਤਰੀ ਚਾਹੁੰਦੀ ਹੈ ਕਿ ਉਹ ਆਪਨੇ ਪਤੀ ਦੀ ਇਕ ਇਕ ਗਲ ਸੁਨਾਵੇ ਜਿਸ ਨੂੰ ਉਸ ਦੀਆਂ ਸਖੀਆਂ ਪੂਰੇ ਧਿਆਨ ਨਾਲ ਸੁਣਨ। ਉਹ ਮਾਣ ਕਰਦੀ ਹੈ ਹੈ ਅਜਿਹੇ ਸੁੰਦਰ ਤੇ ਗੁਣੀ ਪਤੀ ਦਾ ਸੰਗ ਉਸ ਨੂੰ ਪ੍ਰਾਪਤ ਹੈ। ਪਤੀ ਬਾਰੇ ਗਲਾਂ ਕਰ ਉਸ ਨੂੰ ਗਹਿਰੀ ਖੁਸ਼ੀ ਤੇ ਸੁਖ ਮਿਲਦਾ ਹੈ। ਨਾਮ ਸਿਮਰਨ ਕਰਨ ਵਾਲਾ ਵੀ ਸਦਾ ਹੀ ਪਰਮਾਤਮਾ ਦੇ ਅਗੰਮੀ ਗੁਣਾਂ ਦੀ ਚਰਚਾ ਕਰਣਾ ਚਾਹੁੰਦਾ ਹੈ। ਪਰਮਾਤਮਾ ਦਾ ਜਸ ਕਰਦਿਆਂ ਉਹ ਆਨੰਦ ਨਾਲ ਭਰ ਉਠਦਾ ਹੈ। ਉਹ ਸਦਾ ਹੀ ਪਰਮਾਤਮਾ ਨੂੰ ਆਪਨੇ ਅੰਗ ਸੰਗ ਮਹਿਸੂਸ ਕਰਣਾ ਚਾਹੁੰਦਾ ਹੈ। ਪਰਮਾਤਮਾ ਦੀ ਪ੍ਰਤੀਤਿ ਉਸ ਦੇ ਜੀਵਨ ਅੰਦਰ ਬਸੰਤ ਰੁਤ ਦਾ ਥਿਰ ਹੋ ਜਾਣਾ ਹੈ “ ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ। ਗੁਰੂ ਸਾਹਿਬ ਨੇ ਵਚਨ ਕੀਤੇ ਕਿ ਪਰਮਾਤਮਾ ਦੀ ਪ੍ਰੀਤਿ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦੀ ਹੈ। ਮਨੁਖ ਨਾਮ ਸਿਮਰਨ ਪਰਮਾਤਮਾ ਦੀ ਨਦਰਿ ਲਈ ਕਰਦਾ ਹੈ। ਜਿਵੇਂ ਇਸਤਰੀ ਸੁੰਦਰ ਕਸੀਦਾਕਾਰੀ ਵਾਲੇ ਵਸਤਰ ਪਾ ਕੇ ਪਤੀ ਦਾ ਪ੍ਰੇਮ ਹਾਸਲ ਕਰਣਾ ਚਾਹੁੰਦੀ ਹੈ , ਮਨੁਖ ਦੀ ਸ਼ੋਭਾ ਨਾਮ ਤੇ ਭਾਵਨਾ ਨਾਲ ਬਣਦੀ ਹੈ।
ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਣਹੁ ਨਾਰੀ॥
ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ॥
(ਪੰਨਾ 1171)
ਪੂਰੀ ਭਾਵਨਾ ਨਾਲ ਪਰਮਾਤਮਾ ਦਾ ਸਿਮਰਨ ਮਨ ਅੰਦਰ ਬਸੰਤ ਰੁਤ ਦਾ ਆਗਮਨ ਹੈ . ਜਦੋਂ ਤਕ ਸਿਮਰਨ ਚਲਦਾ ਰਹਿੰਦਾ ਹੈ , ਬਸੰਤ ਰੁਤ ਜਿਹਾ ਖੇੜਾ ਬਣਿਆ ਰਹਿੰਦਾ ਹੈ। ਸਿਮਰਨ ਸਦਾ ਲਈ ਮਨ ਦਾ ਅੰਗ ਬਣ ਜਾਏ ਤਾਂ ਪਰਮਾਤਮਾ ਭਗਤੀ ਭਾਵਨਾ ਦ੍ਰਿੜ੍ਹ ਹੋ ਜਾਂਦੀ ਹੈ “ ਗੁਰੁ ਤੁਠਾ ਬਖਸੇ ਭਗਤਿ ਭਾਉ। ਪਰਮਾਤਮਾ ਭਗਤੀ ਦੀ ਅਵਸਥਾ ਸਭ ਤੋਂ ਸ੍ਰੇਸ਼ਟ ਹੈ ਜਿਵੇਂ ਬਸੰਤ ਰੁਤ ਸਾਰੀਆਂ ਰੁਤਾਂ ਤੋਂ ਸੁਖਦਾਈ ਰੁਤ ਹੈ। ਬਸੰਤ ਰੁਤ ਦਾ ਸੁਆਗਤ ਪ੍ਰਫੁਲ ਮਨ ਨਾਲ ਕੀਤਾ ਜਾਂਦਾ ਹੈ। ਮਨ ਦੇ ਬਸੰਤ ਲਈ ਮਨੁਖ ਨਾਮ ਸਿਮਰਨ ਪੂਰੀ ਉਮੰਗ , ਚਾਉ ਨਾਲ ਕਰੇ “ ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ। ਬਸੰਤ ਰੁਤ ਦਾ ਸੁਖ ਮਾਣਦਿਆਂ ਮਨੁਖ ਨੂੰ ਕੋਈ ਲੋਕ ਲਾਜ ਚੇਤੇ ਨਹੀਂ ਰਹਿੰਦੀ। ਪਰਮਾਤਮਾ ਦਾ ਸਿਮਰਨ ਕਰਦਿਆਂ ਉਹ ਅਚਿੰਤ ਹੋ ਜਾਂਦਾ ਹੈ ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ। ਬਸੰਤ ਰੁਤ ਦੀ ਪ੍ਰਫੁਲਤਾ ਨੂੰ ਅੰਤਰ ਦੀ ਸਦੀਵੀ ਅਵਸਥਾ ਬਣਾਉਣ ਲਈ ਇਕੋ ਰਾਹ ਹੈ ਪਰਮਾਤਮਾ ਦੀ ਅਨਿੰਨ ਭਗਤੀ।