ਨਵੀਂ ਦਿੱਲੀ, 8 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਉੱਤੇ ਅੱਜ ਫਿਰ ਹਮਲਾ ਹੋ ਗਿਆ। ਵੈਸਟ ਸੁਲਤਾਨਪੁਰੀ ਵਿੱਚ ਰੋਡ ਸ਼ੋਅ ਦੌਰਾਨ ਇੱਕ ਆਟੋ ਰਿਕਸ਼ਾ ਵਾਲੇ ਨੇ ਕੇਜਰੀਵਾਲ ਨੂੰ ਥੱਪੜ ਮਾਰ ਦਿੱਤਾ। ਅਰਵਿੰਦ ਕੇਜਰੀਵਾਲ ਇੱਥੇ ਪਾਰਟੀ ਉਮੀਦਵਾਰ ਰਾਖੀ ਬਿਡਲਾਨ ਲਈ ਚੋਣ ਪ੍ਰਚਾਰ ਕਰ ਰਹੇ ਸਨ। ਦੋਸ਼ੀ ਦੀ ਪਹਿਚਾਣ ਲਾਲੀ ਦੇ ਰੂਪ ਵਿੱਚ ਹੋਈ ਅਤੇ ਉਹ ਅਮਨ ਵਿਹਾਰ ਇਲਾਕੇ ਦਾ ਰਹਿਣ ਵਾਲਾ ਹੈ। ਜਦੋਂ ਲਾਲੀ ਨੇ ਕੇਜਰੀਵਾਲ ਨੂੰ ਥੱਪੜ ਮਾਰਿਆ ਤਾਂ ਰੋਡ ਸ਼ੋਅ ਵਿੱਚ ਹੰਗਾਮਾ ਖੜ੍ਹਾ ਹੋ ਗਿਆ। ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਲਾਲੀ ਨੂੰ ਫੜ੍ਹ ਲਿਆ ਅਤੇ ਉਸ ਦੀ ਕੁਟਾਈ ਕੀਤੀ। ਆਪ ਸਮਰਥਕਾਂ ਨੇ ਆਟੋ ਦੇ ਸ਼ੀਸ਼ੇ ਤੋੜ ਦਿੱਤੇ। ਪੁਲਿਸ ਨੇ ਬਚਾਅ ਕਰਦਿਆਂ ਲਾਲੀ ਨੂੰ
ਛੁਡਾਇਆ। ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਉੱਧਰ ਕੇਜਰੀਵਾਲ ਨੇ ਕਿਹਾ, ‘‘ਮੈਂ ਇਹ ਸੋਚ ਰਿਹਾ ਹਾਂ ਕਿ ਮੇਰੇ ਉੱਤੇ ਲਗਾਤਾਰ ਹਮਲੇ ਕਿਉਂ ਹੋ ਰਹੇ ਹਨ? ਮਾਸਟਰ ਮਾਇੰਡ ਕੌਣ ਹੈ? ਉਹ ਕੀ ਚਾਹੁੰਦੇ ਹਨ? ਉਹ ਇਸ ਤੋਂ ਕੀ ਹਾਸਲ ਕਰਨਾ ਚਾਹੁੰਦੇ ਹਨ? ਕੀ ਹਿੰਸਾ ਦੇਸ਼ ਦੀਆਂ ਸਮਸਿਆਵਾਂ ਦਾ ਹੱਲ ਹੈ? ਉਹ ਲੋਕ ਮੈਨੂੰ ਸਮਾਂ ਅਤੇ ਜਗ੍ਹਾ ਦੱਸ ਦਿਓ, ਮੈਂ ਉੱਥੇ ਆ ਜਾਵਾਂਗਾ।’’
ਹਰ ਵਾਰ ਹਮਲਾ ਮੇਰੇ ’ਤੇ ਹੀ ਕਿਉਂ : ਕੇਜਰੀਵਾਲ
ਉੱਤਰ ਪੱਛਮੀ ਦਿੱਲੀ ਦੇ ਸੁਲਤਾਨ ਪੁਰੀ ਇਲਾਕੇ ‘ਚ ਰੋਡ ਸ਼ੋਅ ਦੌਰਾਨ ਇਕ ਵਿਅਕਤੀ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਥੱਪੜ ਮਾਰਨ ‘ਤੇ ‘ਆਪ‘ ਨੇ ਕਿਹਾ ਕਿ ਇਸ ਘਟਨਾ ਲਈ ਭਾਜਪਾ ਜਿੰਮੇਵਾਰ ਹੈ। ਥੱਪੜ ਮਾਰਨ ਵਾਲੇ ਵਿਅਕਤੀ ਦੀ ਪਹਿਚਾਣ ਆਟੋ ਚਾਲਕ ਦੇ ਰੂਪ ‘ਚ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਕੇਜਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕਿਉਂ ਕੁਝ ਲੋਕ ਪ੍ਰਧਾਨ ਮੰਤਰੀ ਬਣਨ ਦੇ ਲਈ ਹਿੰਸਾ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਉਹ ਸੋਚਦੇ ਹਨ ਕਿ ਹਮਲਾ ਹੋਣ ਨਾਲ ਕੇਜਰੀਵਾਲ ਚੁੱਪ ਬੈਠ ਜਾਣਗੇ ਤਾਂ ਉਹ ਲੋਕ ਗਲਤ ਹਨ। ਕਾਂਗਰਸ ਦੇ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਤੰਤਰ ਲਈ ਗਲਤ ਹਨ। ਆਪ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਮਲੇ ਦੌਰਾਨ ਕੇਜਰੀਵਾਲ ਦੀ ਅੱਖ ’ਤੇ ਸੱਟ ਲਗੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ‘ਆਪ‘ ਅੰਦੋਲਨ ਤੋਂ ਪ੍ਰੇਸ਼ਾਨ ਲੋਕ ਅਜਿਹੀਆਂ ਘਟਨਾਵਾਂ ਕਰਵਾ ਰਹੇ ਹਨ।



