ਵਧੀਕ ਡਿਪਟੀ ਕਮਿਸ਼ਨਰ ਵੱਲੋਂ 109 ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਮਲਕਪੁਰ, 23 ਜਨਵਰੀ (ਰਵਿੰਦਰ ਸਿੰਘ ਖਿਆਲਾ)- ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ। ਬਿਊਰੋ ਵਿਖੇ ਰੋਜ਼ਗਾਰ ਹਾਸਲ ਕਰਨ ਆਏ 200 ਦੇ ਕਰੀਬ ਪ੍ਰਾਰਥੀਆਂ ਨੇ ਭਾਗ ਲਿਆ। ਇਸ ਮੇਲੇ ਵਿਚ ਪੁਖ਼ਰਾਜ ਹਰਬਲ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ 109 ਬੇਰੋਜ਼ਗਾਰ ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ।ਪੁਖ਼ਰਾਜ ਹਰਬਲ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਜ਼ਿਲ੍ਹੇ ਦੇ ਵਖ-ਵਖ ਪਿੰਡਾਂ ਵਿਚੋਂ ਚੁਣੇ ਗਏ ਪ੍ਰਾਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਨਿਯੁਕਤੀ ਪਤਰ ਸੌਂਪੇ ਅਤੇ ਨੌਜਵਾਨਾਂ ਨੂੰ ਉਜਵਲ ਭਵਿਖ ਲਈ ਸ਼ੁਭਕਾਮਨਾਵਾਂ ਦਿਤੀਆਂ। ਉਨ੍ਹਾਂ ਕਿਹਾ ਕਿ ਹਰੇਕ ਕੰਮ ਨੂੰ ਦ੍ਰਿੜ ਨਿਸ਼ਚੈ ਅਤੇ ਲਗਨ ਨਾਲ ਕਰਨ ਦੀ ਲੋੜ ਹੈ।ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਕ੍ਰਿਸ਼ਨ ਲਾਲ, ਪਲੇਸਮੈਂਟ ਅਫ਼ਸਰ ਸ਼੍ਰੀ ਗੋਰਵ ਗੋਇਲ ਅਤੇ ਕੈਰੀਅਰ ਕਾਊਂਸਲਰ ਸ਼੍ਰੀ ਵਿਕਰਮਜੀਤ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਵਖ-ਵਖ ਪਿੰਡਾਂ ਤੋਂ ਆਏ ਨੌਜਵਾਨ ਮੌਜੂਦ ਸਨ।

Send this to a friend