ਸ੍ਰੀ ਮਾਛੀਵਾੜਾ ਸਾਹਿਬ, 23 ਜਨਵਰੀ (ਜਗਰੂਪ ਸਿੰਘ ਮਾਨ)- ਸ੍ਰੀ ਮਾਛੀਵਾੜਾ ਸਾਹਿਬ ਤੋਂ ਸਿਰਫ ਦੋ ਕਿਲੋਮੀਟਰ ਦੂਰ ਕਪੂਰ ਪੈਲਿਸ ਦੇ ਨੇੜੇ ਬੁਧਵਾਰ ਸਵੇਰੇ ਪੌਣੇ ਸਤ ਵਜੇ ਦੇ ਕਰੀਬ ਪਿੰਡ ਭਟੀਆਂ ਸਥਿਤ ਧਾਗਾ ਫੈਕਟਰੀ ਸ਼ਿਵਾ ਟੈਕਸਟਾਈਲ ਯੁਨਿਟ-1 ਦੀ ਪਿੰਡਾਂ ਚੋਂ ਵਰਕਰਾਂ ਨੂੰ ਲਿਆ ਰਹੀ ਬਸ ਦੇ ਪਲਟਣ ਨਾਲ ਗੰਭੀਰ ਹਾਦਸਾ ਵਾਪਰਿਆ ਜਿਸ ਦੌਰਾਨ ਇਕ ਔਰਤ ਰੁਕਮਾ (50 ਸਾਲ) ਪਿੰਡ ਸ਼ਤਾਬਗੜ ਦੀ ਹਸਪਤਾਲ ਆਉਦਿਆਂ ਮੌਤ ਹੋ ਗਈ ਤੇ ਇਕ ਮਰਦ ਸਮੇਤ 13 ਔਰਤਾਂ ਜਖਮੀ ਹੋ ਗਈਆਂ ਹਨ, ਜਿਨ੍ਹਾਂ ਵਿਚੋਂ ਚਾਰ ਔਰਤਾਂ ਦੀ ਹਾਲਤ ਗੰਭੀਰ ਵੇਖਦਿਆਂ ਉਨ੍ਹਾਂ ਨੂੰ ਲੁਧਿਆਣੇ ਰੈਫਰ ਕਰ ਦਿਤਾ ਤੇ ਬਾਕੀ 8 ਨੂੰ ਸਿਵਲ ਹਸਪਤਾਲ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਮੁਢਲੀ ਮੈਡੀਕਲ ਸਹਾਇਤਾ ਦੇ ਕੇ ਛੁਟੀ ਕਰ ਦਿਤੀ ਹੈ ।ਜਾਣਕਾਰੀ ਅਨੁਸਾਰ ਪਿੰਡਾ ਚੋਂ ਫੈਕਟਰੀ ਵਰਕਰਾਂ ਨੂੰ ਲਿਆ ਰਹੀ ਇਸ ਬਸ ਦੇ ਡਰਾਈਵਰ ਨੇ ਕੰਨਾਂ ਨੂੰ ਹੈਡ ਫੋਨ ਲਗਾਏ ਹੋਏ ਸਨ ਤੇ ਪਰਤਖਦਰਸ਼ੀਆਂ ਅਨੁਸਾਰ ਬਸ ਦੀ ਰਫਤਾਰ ਵੀ ਤੇਜ ਸੀ । ਹਾਦਸੇ ਤੋਂ ਬਾਅਦ ਬਸ ਦਾ ਡਰਾਈਵਰ ਫਰਾਰ ਦਸਿਆ ਜਾਂਦਾ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਸਪਤਾਲ ਵਿਚ ਮੌਕੇ ਤੇ ਮੌਜੂਦ ਫੈਕਟਰੀ ਦੇ ਜਨਰਲ ਮੈਨੇਜਰ ਕਮਲਜੀਤ ਸਿੰਘ ਦਾ ਕਹਿਣਾ ਸੀ ਕਿ ਫੈਕਟਰੀ ਵਲੋਂ ਸਭ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਏਗੀ।