ਮਾਨਸਾ, 22 ਜਨਵਰੀ (ਜਗਦੀਸ਼ ਬਾਂਸਲ)- ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਮਿਸ਼ਨ‘ ਨੂੰ ਜ਼ਿਲ੍ਹਾ ਪਧਰ ‘ਤੇ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸਥਾਪਤ ਹੋਇਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਬੇਰੁਜ਼ਗਾਰ ਹੁਨਰਮੰਦ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਵਿਚ ਲਾਹੇਵੰਦ ਸਾਬਿਤ ਹੋ ਰਿਹਾ ਹੈ। ਇਸ ਬਿਓਰੋ ਵਲੋਂ ਜਿਥੇ ਜ਼ਿਲ੍ਹੇ ਦੇ ਯੋਗ ਨੌਜਵਾਨ ਵਰਗ ਨੂੰ ਰੋਜ਼ਗਾਰ ਮੇਲਿਆ ਦੇ ਰਾਹੀਂ ਨਾਮੀ ਕੰਪਨੀਆਂ ਅਤੇ ਉਦਯੋਗਿਕ ਇਕਾਈਆਂ ਵਿਚ ਉਨ੍ਹਾਂ ਦੀ ਯੋਗਤਾ ਦੇ ਮੁਤਾਬਿਕ ਰੋਜ਼ਗਾਰ ਦਿਵਾਉਣ ਲਈ ਮਿਆਰੀ ਮੰਚ ਮੁਹਈਆ ਕਰਵਾਇਆ ਜਾ ਰਿਹਾ ਹੈ ਉਥੇ ਹੀ ਹਰੇਕ ਖੇਤਰ ਵਿਚ ਨਿਕਲਣ ਵਾਲੀਆ ਨੌਕਰੀਆਂ ਦੀ ਲੋੜੀਂਦੀ ਸੂਚਨਾ ਮੁਹਈਆ ਕਰਵਾਉਣ ਵਿਚ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ ਵਿਚ ਜਨਵਰੀ 2018 ਤੋਂ ਦਸੰਬਰ 2018 ਤਕ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਐਂਡ ਟ੍ਰੇਨਿੰਗ ਮਾਨਸਾ ਵਲੋਂ 22 ਰੋਜ਼ਗਾਰ ਮੇਲੇ ਲਗਾਏ ਗਏ ਅਤੇ ਵਖ-ਵਖ ਨਿਯੋਜਕਾਂ ਵਲੋਂ 1130 ਪ੍ਰਾਰਥੀਆਂ ਨੂੰ ਨੌਕਰੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਯੋਜਨਾਵਾਂ ਦੇ ਤਹਿਤ ਨਵੰਬਰ 2018 ‘ਚ 23 ਪ੍ਰਾਰਥੀਆਂ ਨੇ ਸਵੈ-ਰੋਜ਼ਗਾਰ ਸ਼ੁਰੂ ਕੀਤਾ।
ਇਸ ਬਾਰੇ ਹੋਰ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਦਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵਿਖੇ ਆਉਣ ਵਾਲੇ ਪ੍ਰਾਰਥੀਆਂ ਨੂੰ ਹਰ ਤਰ੍ਹਾਂ ਦੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੀ ਲੈਕਚਰ ਰਾਹੀਂ ਅਤੇ ਨੋਟਿਸ ਬੋਰਡ, ਐਲ.ਈ.ਡੀ. ਰਾਹੀਂ ਅਸਾਮੀਆਂ ਦੀ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪਧਰ ‘ਤੇ ਸਥਾਪਤ ਰੋਜ਼ਗਾਰ ਬਿਓਰੋ ਵਿਚ ਪਲੇਸਮੈਂਟ ਅਫ਼ਸਰ ਅਤੇ ਕਾਊਂਸਲਰ ਨਿਯੁਕਤ ਕੀਤੇ ਗਏ ਹਨ ਜੋ ਹਰੇਕ ਸਕੂਲ ਦਾ ਦੌਰਾ ਕਰਨਗੇ ਅਤੇ ਬਿਓਰੋ ‘ਚ ਆਉਣ ਵਾਲੇ ਸਕੂਲੀ ਵਿਦਿਆਰਥੀਆਂ ਦੀ ਰੋਜ਼ਗਾਰ ਦੀ ਚੋਣ ਕਰਨ ਸਬੰਧੀ ਕਾਊਂਸਲਿੰਗ ਕਰਨਗੇ। ਉਨ੍ਹਾਂ ਦਸਿਆ ਕਿ ਘਰ-ਘਰ ਰੋਜ਼ਗਾਰ ਪੋਰਟਲ ‘ਤੇ 81 ਨਿਯੋਜਕ ਦਰਜ ਕੀਤੇ ਗਏ ਹਨ, ਜਿਨ੍ਹਾਂ ਰਾਹੀ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਾਮੀ ਕੰਪਨੀਆਂ ‘ਚ ਨੌਕਰੀਆਂ ਦੇ ਮੌਕੇ ਮਿਲ ਰਹੇ ਹਨ ਅਤੇ ਭਵਿਖ ਅੰਦਰ ਪੰਜਾਬ ਸਰਕਾਰ ਦੀ ਇਸ ਯੋਜਨਾ ਦੇ ਦਾਇਰੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਸ੍ਰੀ ਤ੍ਰਿਪਾਠੀ ਨੇ ਦਸਿਆ ਕਿ ਜ਼ਿਲ੍ਹੇ ਦੇ ਬੇਰੁਜ਼ਗਾਰ ਅਤੇ ਹੁਨਰਮੰਦ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਪੋਰਟਲ ‘ਤੇ ਰਜਿਸ਼ਟ੍ਰੇਸਨ ਕਰਵਾਉਣ ਦੀ ਅਪੀਲ ਕੀਤੀ, ਤਾਂ ਜੋ ਭਵਿਖ ਅੰਦਰ ਜ਼ਿਲ੍ਹਾ ਪਧਰ ‘ਤੇ ਲਗਣ ਵਾਲੇ ਰੋਜ਼ਗਾਰ ਮੇਲਿਆਂ ਅਤੇ ਪਲੇਸਮੈਂਟ ਕੈਂਪਾਂ ਰਾਹੀ ਵਧ ਤੋਂ ਵਧ ਲੋੜਵੰਦਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾ ਸਕੇ। ਉਨ੍ਹਾਂ ਦਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਤੇ ਸਮਰਥ ਬਣਾਉਣ ਲਈ 15 ਫਰਵਰੀ ਨੂੰ ਭਾਰਤ ਗਰੁਪ ਆਫ਼ ਕਾਲਜ਼ ਸਰਦੂਲਗੜ੍ਹ ਅਤੇ 21 ਫਰਵਰੀ ਨੂੰ ਕਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ ਰਲੀ ਬੁਢਲਾਡਾ ਵਿਖੇ ਰੋਜ਼ਗਾਰ ਮੇਲੇ ਲਗਾਏ ਜਾਣਗੇ।