ਕੁਆਲਾਲੰਪੁਰ, 6 ਅਪ੍ਰੈਲ (ਪੀ.ਟੀ.)-ਮਲੇਸ਼ੀਆ ਦੇ ਲਾਪਤਾ ਜਹਾਜ਼ ਦੀ ਖੋਜ ਵਿਚ ਲੱਗੇ ਚੀਨ ਦੇ ਇਕ ਗਸ਼ਤੀ ਬੇੜੇ ਨੂੰ ਸ਼ਨੀਵਾਰ ਨੂੰ ਦੱਖਣੀ ਹਿੰਦ ਮਹਾਸਾਗਰ ਵਿਚ ਇਕ ਜਹਾਜ਼ ਦੇ ਬਲੈਕ ਬਾਕਸ ਤੋਂ ਮਿਲਣ ਵਾਲਾ ਸੰਕੇਤ ਮਿਲਿਆ ਹੈ। ਪਿਛਲੇ ਮਹੀਨੇ ਤੋਂ ਜਾਰੀ ਇਸ ਖੋਜ ਮੁਹਿੰਮ ਨੂੰ ਸੰਭਾਵਿਤ ਸਫਲਤਾ ਮੰਨਿਆ ਦਾ ਰਿਹਾ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਐੱਮ. ਐੱਚ. 370 ਦੀ ਖੋਜ ਵਿੱਚ ਲੱਗੇ ਬੇੜੇ ਹਾਈਕਸੁਨ 01 ਨੂੰ ਦੱਖਣੀ ਹਿੰਦ ਮਹਾਸਾਗਰ ਵਿੱਚ 37.5 ਕਿਲੋਹਰਟਜ਼ ਪ੍ਰਤੀ ਸਕਿੰਟ ਦੀ ਆਵਿਰਤੀ ਵਾਲਾ ਸਿਗਨਲ ਮਿਲਿਆ ਹੈ। ਹਾਲਾਂਕਿ ਅਜੇ ਵੀ ਸਾਬਤ ਹੋਣਾ ਬਾਕੀ ਹੈ ਕਿ ਕੀ ਪਿਛਲੇ 8 ਮਾਰਚ ਨੂੰ ਲਾਪਤਾ ਹੋਏ ਬੋਇੰਗ 777.2000 ਨਾਲ ਸੰਬੰਧਤ ਹੈ ਜਾਂ ਨਹੀਂ? ਇਸ ਵਿੱਚ ਪੰਜ ਭਾਰਤੀ ਸਮੇਤ 239 ਲੋਕ ਸਵਾਰ ਸਨ।
ਖਬਰ ਵਿਚ ਕਿਹਾ ਗਿਆ ਹੈ ਕਿ ਹਾਈਕਸਨ 01 ਬੇੜੇ ਵੱਲੋਂ ਵਰਤੇ ਜਾਣ ਵਾਲੇ ਬਲੈਕ ਬਾਕਸ ਡਿਟੈਕਟਰ ਨੂੰ 25 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 101 ਡਿਗਰੀ ਪੂਰਬੀ ਦੇਸ਼ਾਂਤਰ ’ਤੇ ਸਕੇਤ ਮਿਲੇ ਹਨ। ਬਲੈਕ ਬਾਕਸ ਫਲਾਈਟ ਰਿਕਾਰਡਰ ਦੀ ਬੈਟਰੀ 30 ਦਿਨਾਂ ਤੱਕ ਚੱਲ ਸਕਦੀ ਹੈ ਅਤੇ ਅਜਿਹੇ ਵਿੱਚ ਜਹਾਜ਼ ਦੇ ਕਰੈਸ਼ ਹੋਣ ਤੋਂ 30 ਦਿਨਾਂ ਬਾਅਦ ਵੀ ਜਹਾਜ਼ ਦੀ ਲੋਕੇਸ਼ਨ ਦਾ ਪਤਾ ਲਗਾ ਸਕਦੀ ਹੈ। ਫਿਲਹਾਲ ਲਾਪਤਾ ਮਲੇਸ਼ੀਆਈ ਜਹਾਜ਼ ਦੇ ਕਰੈਸ਼ ਦੇ 30 ਦਿਨ ਪੂਰੇ ਹੋਣ ਵਿੱਚ 3 ਦਿਨਾਂ ਦਾ ਸਮਾਂ ਬਾਕੀ ਹੈ ਅਤੇ ਜੇਕਰ ਇਨ੍ਹਾਂ 3 ਦਿਨਾਂ ਵਿੱਚ ਇਸ ਦਾ ਕੋਈ ਸੁਰਾਗ ਨਹੀਂ ਮਿਲਦਾ ਤਾਂ ਇਹ ਜਹਾਜ਼ ਹਾਦਸਾ ਇੱਕ ਰਹੱਸ ਬਣ ਕੇ ਰਹਿ ਜਾਵੇਗਾ ਜਾਂ ਫਿਰ ਕਦੇ ਕਿਤੇ ਕਈ ਸਾਲਾਂ ਬਾਅਦ ਜਾ ਕੇ ਇਸ ਦਾ ਪਤਾ ਲੱਗ ਸਕੇਗਾ। ਬਲੈਕ ਬਾਕਸ ਤੋਂ ਜਹਾਜ਼ ਦੇ ਕਰੈਸ਼ ਹੋਣ ਤੋਂ ਕਰੀਬ ਦੋ ਘੰਟੇ ਪਹਿਲਾਂ ਦਾ ਆਡੀਓ ਰਿਕਾਰਡ ਪ੍ਰਾਪਤ ਹੋ ਸਕਦਾ ਹੈ।