ਜਲੰਧਰ, 6 ਅਪ੍ਰੈਲ (ਪੀ.ਟੀ.)-ਪੰਜਾਬ ਦੇ ਜਲੰਧਰ ਲੋਕ ਸਭਾ ਸੀਟ ਲਈ ‘ਆਮ ਆਦਮੀ ਪਾਰਟੀ’ ਨੇ ਇਕ ਨਿਜੀ ਸਕੂਲ ‘ਚ ਪੜ੍ਹਾਉਣ ਵਾਲੀ ਜਯੋਤੀਮਾਨ ਅਕਸ਼ਰਾ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਅੱਜ ਇੱਥੇ ਇਸ ਦਾ ਐਲਾਨ ਕੀਤਾ। ‘ਆਮ ਆਦਮੀ ਪਾਰਟੀ’ ਦੀ ਜਲੰਧਰ ਇਕਾਈ ਦੇ ਸਕੱਤਰ ਹਿਮਾਂਸ਼ੂ ਪਾਠਕ ਨੇ ਪੱਤਰਕਾਰ ਸੰਮੇਲਨ ’ਚ ਕਿਹਾ, ‘ਵੰਸ਼ਵਾਦ ਨੂੰ ਵਧਾਉਣ ਅਤੇ ਸਮਾਜ ਨੂੰ ਵੰਡਣ ਵਾਲਿਆਂ ਵਿਚਕਾਰ ਸਾਡੀ ਪਾਰਟੀ ਨੇ ਇੱਕ ਆਮ ਆਦਮੀ ਨੂੰ ਇਸ ਲੋਕ ਸਭਾ ਸੀਟ ਲਈ ਉਮੀਦਵਾਰ ਬਣਾਇਆ ਹੈ, ਜੋ ਆਮ ਆਦਮੀ ਲਈ ਕੰਮ ਕਰੇਗੀ।’ ਇਸ ਤੋਂ ਪਹਿਲਾਂ ਇੱਕ ਸਵਾਲ ਦੇ ਉੱਤਰ ’ਚ ਹਿਮਾਂਸ਼ੂ ਨੇ ਕਿਹਾ, ‘ਪਾਰਟੀ ਨੇ ਪਹਿਲਾਂ ਰਾਜੇਸ਼ ਪਦਮ ਨੂੰ ਟਿਕਟ ਦਿੱਤੀ ਸੀ ਪਰ ਉਨ੍ਹਾਂ ਦੇ ਖਿਲਾਫ ਮਾਮਲਾ ਚੱਲ ਰਿਹਾ ਹੈ। ਇਸ ਲਈ ਉਨ੍ਹਾਂ ਤੋਂ ਟਿਕਟ ਵਾਪਿਸ ਲੈ ਲਈ ਗਈ। ਰਾਜੇਸ਼ ਦੀ ਜਗ੍ਹਾ ’ਤੇ ਜਯੋਤੀਮਾਨ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ।’ ਇਸ ਦੇ ਨਾਲ ਹੀ ਆਮ
ਆਦਮੀ ਪਾਰਟੀ ਨੇ ਐਤਵਾਰ ਨੂੰ ਕਿਹਾ ਕਿ ਅਸ਼ਵਨੀ ਉਪਾਧਿਆਏ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ‘ਆਪ’ ਨੇ ਕਿਹਾ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੇ ਮੈਂਬਰ ਉਪਾਧਿਆਏ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਸ਼ਾਮਿਲ ਸਨ ਅਤੇ ਉਨ੍ਹਾ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਵੀ ਨਹੀਂ ਦਿੱਤਾ ਜਿਸ ਦੇ ਕਾਰਨ ਇਹ ਕਦਮ ਉਠਾਇਆ ਗਿਆ।