ਹਰ ਵਿਅਕਤੀ ਦਾ ਜ਼ਿੰਦਗੀ, ਸਮਾਜਿਕ ਸਰੋਕਾਰਾਂ, ਇਨਸਾਨੀਅਤ, ਫਰਜਾਂ ਅਤੇ ਹੱਕਾਂ ਬਾਰੇ ਆਪੋ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ। ਵਿਅਕਤੀ ਉਸੇ ਦ੍ਰਿਸ਼ਟੀਕੋਣ ਅਨੁਸਾਰ ਆਪਣਾ ਜੀਵਨ ਬਸਰ ਕਰਦਾ ਹੋਇਆ ਵਿਚਰਦਾ ਹੈ। ਇਸ ਕਰਕੇ ਹੀ ਸਮਾਜ ਵਿਚ ਹਰ ਤਰ੍ਹਾਂ ਦੇ ਵਿਅਕਤੀ ਹੁੰਦੇ ਹਨ। ਇਨਸਾਨ ਦੇ ਕਿਰਦਾਰ ਵਿਚ ਦਿਨ ਪ੍ਰਤੀ ਦਿਨ ਤਬਦੀਲੀ ਆ ਰਹੀ ਹੈ। ਪੁਰਾਤਨ ਪਰੰਪਰਾਵਾਂ ਅਤੇ ਅਸੂਲਾਂ ਤੋਂ ਇਲਸਾਨ ਕਿਨਾਰਾ ਕਰਦਾ ਵਿਖਾਈ ਦੇ ਰਿਹਾ ਹੈ। ਸਮਾਜਿਕ ਤਬਦੀਲੀ ਦਾ ਅਸਰ ਹਰ ਵਰਗ ਦੇ ਇਨਸਾਨ ਤੇ ਪੈ ਰਿਹਾ ਹੈ। ਲਗਨ, ਮਿਹਨਤ, ਦ੍ਰਿੜ੍ਹਤਾ ਅਤੇ ਇਮਾਨਦਾਰੀ ਦਾ ਪੱਲਾ ਨਾ ਫੜਨ ਕਰਕੇ ਸਿਆਸਤਦਾਨਾ, ਅਧਿਕਾਰੀਆਂ ਅਤੇ ਸਰਕਾਰੀ ਮੁਲਾਜ਼ਮਾਂ ਤੋਂ ਲੋਕਾਂ ਨੂੰ ਵਿਸ਼ਵਾਸ਼ ਉਠ ਗਿਆ ਹੈ। ਇਸੇ ਕਰਕੇ ਆਮ ਜਨਤਾ ਨੂੰ ਸਰਕਾਰ ਦੇ ਐਲਾਨਨਾਮਿਆਂ ਤੇ ਭਰੋਸਾ ਨਹੀਂ ਰਿਹਾ ਕਿਉਂਕਿ ਭਰਿਸ਼ਟਾਚਾਰ ਸਰਕਾਰੀ ਵਿਭਾਗਾਂ ਵਿਚ ਭਾਰੂ ਹੋ ਰਿਹਾ ਹੈ। ਜਿਸ ਵਜਾਹ ਕਰਕੇ ਸਰਕਾਰ ਦੀ ਆਮਦਨ ਵਧਾਉਣ ਵਾਲੇ ਵਿਭਾਗ ਖੁਦ ਘਾਟੇ ਵਿਚ ਚਲ ਰਹੇ ਹਨ। ਕਰਮਚਾਰੀਆਂ ਅਤੇ ਅਧਿਕਾਰੀਆਂ ਵਿਚ ਆਪਣੇ ਫਰਜ ਨਿਭਾਉਣ ਲਈ ਉਤਸ਼ਾਹ ਹੀ ਨਹੀਂ ਸਗੋਂ ਉਨ੍ਹਾਂ ਵਿਚੋਂ ਬਹੁਤੇ ਤਾਂ ਤਨਖ਼ਾਹ ਨਾਲੋਂ ਉਪਰਲੀ ਕਮਾਈ ਵੱਲ ਬਹੁਤਾ ਧਿਆਨ ਦਿੰਦੇ ਹਨ। ਖਾਸ ਤੌਰ ਤੇ ਅਰਧ ਸਰਕਾਰੀ ਬੋਰਡ ਅਤੇ ਕਾਰਪੋਰਸ਼ਨ ਤਾਂ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਅਤੇ ਸਿਆਸਤਦਾਨਾ ਲਈ ਸੋਨੇ ਦੀ ਮੁਰਗੀ ਬਣੇ ਹੋਏ ਹਨ। ਇਨ੍ਹਾਂ ਦੀ ਦੁਰਵਰਤੋਂ ਰੱਜ ਕੇ ਕੀਤੀ ਜਾਂਦੀ ਹੈ, ਵਿਭਾਗੀ ਨਿਯਮਾਂ ਨੂੰ ਛਿੱਕੇ ਤੇ ਟੰਗ ਦਿੱਤਾ ਜਾਂਦਾ ਹੈ। ਇਸ ਕਰਕੇ ਹੀ ਇਹ ਘਾਟੇ ਵਿਚ ਜਾ ਰਹੇ ਹਨ। ਅਧਿਕਾਰੀ ਅਤੇ ਕਰਮਚਾਰੀ ਇਨ੍ਹਾਂ ਵਿਚ ਨੌਕਰੀ ਕਰਨ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਹ ਨਿਯਮਾ ਨੂੰ ਤੋੜ ਮਰੋੜਕੇ ਆਪਣੀਆਂ ਇਛਾਵਾਂ ਮੁਤਾਬਕ ਕੰਮ ਕਰ ਸਕਦੇ ਹਨ। ਸਾਰੇ ਅਧਿਕਾਰੀ, ਕਰਮਚਾਰੀ ਅਤੇ ਸਿਆਸਤਦਾਨਾਂ ਨੂੰ ਇਕੋ ਰੱਸੇ ਨਾਲ ਵੀ ਨਹੀਂ ਬੰਨ੍ਹਿਆਂ ਜਾ ਸਕਦਾ ਕਿਉਂਕਿ ਸਾਰੇ ਭਰਿਸ਼ਟ ਨਹੀਂ ਹੁੰਦੇ। ਇਮਾਨਦਾਰੀ ਫਿਰ ਵੀ ਜਿੰਦਾ ਹੈ। ਇਮਾਨਦਾਰ ਅਧਿਕਾਰੀਆਂ ਵਿਚ ਅਜਿਹਾ ਹੀ ਇਕ ਇਮਾਨਦਾਰ ਅਧਿਕਾਰੀ ਇੰਜਿਨੀਅਰ ਰਵਿੰਦਰ ਸਿੰਘ ਔਲਖ ਹੈ, ਜਿਹੜਾ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਜਨਰਲ ਮੈਨੇਜਰ ਰਿਹਾ ਹੈ। ਉਸਨੇ ਆਪਣੀ ਸਾਰੀ ਸਰਵਿਸ ਦੌਰਾਨ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਭਾਵੇਂ ਉਸਨੂੰ ਆਪਣੀ ਇਸ ਪ੍ਰਵਿਰਤੀ ਕਰਕੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਰਿਸ਼ਟਾਚਾਰ ਦੇ ਸਮੁੰਦਰ ਵਿਚ ਉਸਨੇ ਮਗਰਮੱਛਾਂ ਨਾਲ ਵੈਰ ਪਾ ਕੇ ਨੌਕਰੀ ਕੀਤੀ ਪ੍ਰੰਤੂ ਆਪਣੀ ਅਣਖ ਨੂੰ ਆਂਚ ਨਹੀਂ ਆਉਣ ਦਿੱਤੀ। ਨੌਕਰੀ ਵਿਚ ਆਪਣਾ ਅਕਸ ਪਵਿਤਰ ਬਣਾਉਣਾ ਤਾਂ ਸੌਖਾ ਹੁੰਦਾ ਹੈ ਪ੍ਰੰਤੂ ਉਸ ਅਕਸ ਨੂੰ ਬਰਕਰਾਰ ਰੱਖਣਾ ਤਲਵਾਰ ਦੀ ਨੋਕ ਤੇ ਪੈਰ ਰੱਖਣ ਦੇ ਬਰਾਬਰ ਹੁੰਦਾ ਹੈ। ਰਵਿੰਦਰ ਸਿੰਘ ਔਲਖ ਅਜਿਹਾ ਅਧਿਕਾਰੀ ਸੀ ਜਿਸਨੇ ਆਪਣੀਆਂ ਸ਼ਰਤਾਂ ਤੇ ਨੌਕਰੀ ਕੀਤੀ ਹੈ। ਉਹ ਤਲਵਾਰ ਦੀ ਨੋਕ ਤੇ ਨੇਕੀ ਅਤੇ ਇਮਾਨਦਾਰੀ ਦੇ ਆਸਰੇ ਚਲਦਾ ਰਿਹਾ ਭਾਵੇਂ ਉਸਨੂੰ ਬਹੁਤ ਸਾਰੀਆਂ ਕਠਨਾਈਆਂ ਨੇ ਘੇਰੀ ਵੀ ਰੱਖਿਆ। ਇਥੋਂ ਤੱਕ ਕਿ ਇਕ ਵਾਰ ਸੱਚ ਤੇ ਪਹਿਰਾ ਦੇਣ ਬਦਲੇ ਉਸਦੇ ਮਾਨਸਕ ਤਵਾਜਨ ਤੇ ਵੀ ਗਹਿਰਾ ਅਸਰ ਪਿਆ, ਜਿਸ ਕਰਕੇ ਉਸਨੇ ਮਾਨਸਿਕ ਦਬਾਆ ਅਧੀਨ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਸਰਕਾਰ ਨੇ ਉਸਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਉਸਦਾ ਅਸਤੀਫਾ ਅਪ੍ਰਵਾਨ ਕਰ ਦਿੱਤਾ ਸੀ। ਆਪਨੇ ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾ ਤੋਂ ਮੁੱਢਲੀ ਸਿਖਿਆ ਪ੍ਰਾਪਤ ਕੀਤੀ। ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਬਰਨਾਲਾ ਤੋਂ 1976 ਵਿਚ ਪ੍ਰਾਪਤ ਕੀਤੀ। ਸਕੂਲ ਵਿਚ ਪੜ੍ਹਦਿਆਂ ਆਪਨੇ ਐਨ ਸੀ ਸੀ ਦੇ ਕੈਡਟ ਦੇ ਤੌਰ ਵੀ ਕੰਮ ਕੀਤਾ। ਜਿਸ ਕਰਕੇ ਆਪ ਵਿਚ ਦੇਸ਼ ਭਗਤੀ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਹੋ ਗਈ। ਇਸ ਤੋਂ ਬਾਅਦ 1977 ਵਿਚ ਐਸ ਡੀ ਕਾਲਜ ਬਰਨਾਲਾ ਵਿਚ ਦਾਖਲਾ ਲੈ ਲਿਆ ਅਤੇ ਇਥੋਂ ਹੀ ਪ੍ਰੈਪ ਮੈਡੀਕਲ ਪਾਸ ਕੀਤੀ। ਫਿਰ ਆਪਨੇ 1978 ਵਿਚ ਰਾਮਗੜ੍ਹੀਆ ਇੰਜਿਨੀਅਰਿੰਗ ਪੋਲੀਟੈਕਨਿਕ ਕਾਲਜ ਫਗਵਾੜਾ ਵਿਚ ਮਕੈਨੀਕਲ ਇੰਜਿਨੀਅਰਿੰਗ ਦਾ ਡਿਪਲੋਮਾ ਕਰਨ ਲਈ ਦਾਖ਼ਲਾ ਲੈ ਲਿਆ। 1981 ਵਿਚ ਆਪਨੇ ਇਹ ਡਿਪਲੋਮਾ ਪਾਸ ਕਰ ਲਿਆ। ਇਸਤੋਂ ਬਾਅਦ ਆਪਨੇ ਥੋੜ੍ਹੇ ਸਮੇਂ ਲਈ ਇਕ ਪ੍ਰਾਈਵੇਟ ਕੰਪਨੀ ਵਿਚ ਪਟਿਆਲਾ ਵਿਖੇ ਇੰਜਿਨੀਅਰ ਦੀ ਨੌਕਰੀ ਕਰ ਲਈ ਪ੍ਰੰਤੂ ਆਪਨੂੰ ਅਪ੍ਰੈਲ 1982 ਵਿਚ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਸਰਵਿਸ ਸਟੇਸ਼ਨ ਇਨਚਾਰਜ (ਐਸ ਐਸ ਆਈ) ਦੀ ਨੌਕਰੀ ਮਿਲ ਗਈ। ਇਸ ਅਹੁਦੇ ਤੇ ਆਪ 5 ਸਾਲ 8 ਮਹੀਨੇ ਰਹੇ। ਪੈਪਸੂ ਰੋਡਵੇਜ਼ ਵਿਚ ਆਪਨੇ 36 ਸਾਲ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ਤੇ ਨੌਕਰੀ ਕੀਤੀ। ਹਰ ਅਹੁਦੇ ਨੂੰ ਆਪਨੇ ਵੰਗਾਰ ਸਮਝਕੇ ਕੰਮ ਕੀਤਾ। ਆਪਨੇ ਆਪਣੀ ਕਾਬਲੀਅਤ ਸਦਕਾ ਹਰ ਅਹੁਦੇ ਦਾ ਵਕਾਰ ਵਧਾਇਆ। ਆਪ 1 ਸਾਲ ਵਰਕਸ ਮੈਨੇਜਰ, 8 ਸਾਲ ਜਨਰਲ ਮੈਨੇਜਰ, 7 ਸਾਲ ਜਨਰਲ ਮੈਨੇਜਰ ਪ੍ਰਸ਼ਾਸ਼ਨ, 3 ਸਾਲ ਜਨਰਲ ਮੈਨੇਜਰ ਸਟੋਰ, 7 ਸਾਲ ਜਨਰਲ ਮੈਨੇਜਰ ਇਨਫੋਰਸਮੈਂਟ, 2 ਸਾਲ ਜਨਰਲ ਮੈਨੇਜਰ ਓਪ੍ਰੇਸ਼ਨ, 4 ਸਾਲ ਜਨਰਲ ਮੈਨੇਜਰ ਖ੍ਰੀਦ, 3 ਸਾਲ ਜਨਰਲ ਮੈਨੇਜਰ ਲੀਗਲ, 1 ਸਾਲ ਜਨਰਲ ਮੈਨੇਜਰ ਕਮਪਿਊਟਰ, ਪ੍ਰਿੰਸੀਪਲ ਸਟੇਟ ਇਨਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਇਵਿੰਗ ਸਕਿਲਜ਼ ਅਤੇ ਵਧੀਕ ਮੈਨੇਜਿੰਗ ਡਾਇਰੈਕਟਰ ਰਹੇ। ਇਨ੍ਹਾਂ ਅਹੁਦਿਆਂ ਤੇ ਰਹਿੰਦਿਆਂ ਆਪਨੇ ਕਰੋੜਾਂ ਰੁਪਿਆਂ ਦੀ ਖ੍ਰੀਦੋ ਫਰੋਖ਼ਤ ਪਾਰਦਰਸ਼ਕ ਢੰਗ ਨਾਲ ਕੀਤੀ, ਜਿਸ ਕਰਕੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀ ਆਰਥਿਕਤਾ ਮਜ਼ਬੂਤ ਹੋਈ। ਜਿਹੜੇ ਵੀ ਅਹੁਦੇ ਤੇ ਆਪ ਰਹੇ ਆਪਨੇ ਕਾਰਪੋਰੇਸ਼ਨ ਦੇ ਹਿੱਤਾਂ ਦੀ ਰਾਖੀ ਕੀਤੀ।
ਰਵਿੰਦਰ ਸਿੰਘ ਔਲਖ ਦਾ ਜਨਮ 28 ਦਸੰਬਰ 1960 ਨੂੰ ਬਰਨਾਲਾ ਵਿਖੇ ਸ੍ਰ ਗੁਰਦਿਤ ਸਿੰਘ ਔਲਖ ਅਤੇ ਮਾਤਾ ਜਲ ਕੌਰ ਦੇ ਘਰ ਹੋਇਆ। ਆਪਦੇ ਪਿਤਾ ਖੇਤੀਬਾੜੀ ਵਿਭਾਗ ਪੰਜਾਬ ਵਿਚ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਨਿਯੁਕਤ ਸਨ। ਆਪਦਾ ਜੱਦੀ ਪਿੰਡ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੂਹ ਪ੍ਰਾਪਤ ਤਲਵੰਡੀ ਸਾਬੋ ਦੇ ਨੇੜੇ ਲੇਲੇਵਾਲ ਹੈ ਜੋ ਉਸ ਸਮੇਂ ਬਠਿੰਡਾ ਜਿਲ੍ਹੇ ਵਿਚ ਪੈਂਦਾ ਸੀ। ਹੁਣ ਇਹ ਪਿੰਡ ਮਾਨਸਾ ਜਿਲ੍ਹੇ ਵਿਚ ਹੈ। ਆਪਦਾ ਨਾਨਕਾ ਪਿੰਡ ਬੱਪੀਆਣਾ ਵੀ ਮਾਨਸਾ ਜਿਲ੍ਹੇ ਵਿਚ ਹੈ। ਇਸ ਇਲਾਕੇ ਨੂੰ ਉਦੋਂ ਪੰਜਾਬ ਦਾ ਸਭ ਤੋਂ ਪਛੜਿਆ ਹੋਇਆ ਗਿਣਿਆਂ ਜਾਂਦਾ ਸੀ। ਫਿਰ ਵੀ ਆਪਦਾ ਸਮੁਚਾ ਪਰਿਵਾਰ ਪੜ੍ਹਿਆ ਲਿਖਿਆ ਹੈ। ਆਪ ਦੋ ਭੈਣਾ ਅਤੇ ਦੋ ਭਰਾ ਹਨ। ਦੋਵੇਂ ਭੈਣਾ ਸੁਰਿੰਦਰ ਕੌਰ ਅਤੇ ਨਰਿੰਦਰ ਕੌਰ ਸਿਖਿਆ ਵਿਭਾਗ ਵਿਚੋਂ ਕਰਮਵਾਰ ਪ੍ਰਿੰਸੀਪਲ ਅਤੇ ਹੈਡਮਿਸਟਰੈਸ ਸੇਵਾ ਮੁਕਤ ਹੋਈਆਂ ਹਨ। ਵੱਡਾ ਭਰਾ ਤਾਰਾ ਸਿੰਘ ਬੈਂਕ ਮੈਨੇਜਰ ਸੇਵਾ ਮੁਕਤ ਹੋਇਆ ਹੈ। ਆਪਦਾ ਦਾਦਕਾ ਪਰਿਵਾਰ ਖੇਤੀਬਾੜੀ ਦਾ ਕੰਮ ਕਰਦਾ ਸੀ। ਆਪਦਾ ਦਾ ਵਿਆਹ ਸੁਖਵੀਰ ਕੌਰ ਸਪੁੱਤਰੀ ਸਰਵਣ ਸਿੰਘ ਢਿਲੋਂ ਬਠਿੰਡਾ ਜਿਲ੍ਹੇ ਦੇ ਪਿੰਡ ਕਰਿਆੜ ਵਾਲਾ ਨਾਲ 1983 ਵਿਚ ਹੋਇਆ। ਆਪ ਦੀਆਂ ਦੋ ਸਪੁੱਤਰੀਆਂ ਡਾ ਹਰਸਿਮਰਤ ਕੌਰ ਅਤੇ ਗੁਰਸਿਮਰਤ ਕੌਰ ਹਨ। ਇੱਕ ਸਪੁੱਤਰ ਇੰਜਿਨੀਅਰ ਪਰਮਿੰਦਰਜੀਤ ਸਿੰਘ ਔਲਖ ਹੈ। ਸਮਾਜ ਸੇਵਾ ਦੀ ਪ੍ਰਵਿਰਤੀ ਹੋਣ ਕਰਕੇ ਆਪ ਨੌਕਰੀ ਦੌਰਾਨ ਵੀ ਬਹੁਤ ਸਾਰੀਆਂ ਸਮਜਿਕ ਸੰਸਥਾਵਾਂ ਨਾਲ ਜੁੜਕੇ ਸਮਾਜ ਸੇਵਾ ਦਾ ਕੰਮ ਕਰਦੇ ਰਹੇ ਹਨ, ਜਿਨ੍ਹਾਂ ਵਿਚ ਮੁੱਖ ਤੌਰ ਤੇ ਪੈਟਰਨ ਰੈਡ ਕਰਾਸ ਸੋਸਾਇਟੀ ਪਟਿਆਲਾ ਅਤੇ ਮੈਂਬਰ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਹਨ। ਆਪ ਖ਼ੂਨਦਾਨ ਕੈਂਪ ਵੀ ਲਗਵਾਉਂਦੇ ਹਨ। ਲੋੜਮੰਦ ਗ਼ਰੀਬ ਲੋਕਾਂ ਖਾਸ ਤੌਰ ਤੇ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਦੇ ਰਹਿੰਦੇ ਹਨ। ਰਵਿੰਦਰ ਸਿੰਘ ਔਲਖ ਦਾਨੀ ਕਿਸਮ ਦੇ ਇਨਸਾਨ ਹਨ। ਹਰ ਲੋੜਬੰਦ ਦੀ ਸੇਵਾ ਲਈ ਤਤਪਰ ਰਹਿੰਦੇ ਹਨ ਪ੍ਰੰਤੂ ਪ੍ਰਚਾਰ ਕਰਕੇ ਦਾਨ ਦਾ ਵਿਖਾਵਾ ਨਹੀਂ ਕਰਦੇ। ਚੁਪ ਚਪੀਤੇ ਸਵੈਇੱਛਤ ਸੰਸਥਾਵਾਂ ਰਾਹੀਂ ਅਤੇ ਨਿੰਜੀ ਤੌਰ ਤੇ ਸਮਾਜ ਸੇਵਾ ਦਾ ਕੰਮ ਕਰਦੇ ਰਹਿੰਦੇ ਹਨ। ਆਪ ਦੀਆਂ ਨੌਕਰੀ ਦੌਰਾਨ ਕੀਤੀਆਂ ਉਪਲਭਧੀਆਂ ਕਰਕੇ ਕਾਰਪੋਰੇਸ਼ਨ ਵੱਲੋਂ ਸਨਮਾਨਤ ਕੀਤਾ ਗਿਆ। ਆਪ ਧਾਰਮਿਕ ਪ੍ਰਵਿਰਤੀ ਦਾ ਮਾਲ ਹੈ ਜਿਸ ਕਰਕੇ ਇਨਸਾਨੀਅਤ ਦੀ ਸੇਵਾ ਭਾਵਨਾ ਨਾਲ ਲੁਪਤ ਹੈ। ਵਿਲੱਖਣ ਪ੍ਰਤਿਭਾ ਦਾ ਮਾਲਕ ਰਵਿੰਦਰ ਸਿੰਘ ਔਲਖ 31 ਦਸੰਬਰ 2018 ਨੂੰ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਿਆ ਹੈ। ਉਸਦੀ ਹਰਮਨਪਿਆਰਤਾ ਦਾ ਸਬੂਤ ਹੈ ਕਿ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਸੰਸਥਾਵਾਂ ਲਗਾਤਾਰ ਉਸਦੀ ਸੇਵਾ ਮੁਕਤੀ ਤੇ ਉਸਨੂੰ ਸਨਮਾਨ ਕਰਨ ਲਈ ਸਮਾਗਮ ਕਰ ਰਹੀਆਂ ਹਨ। ਇਨ੍ਹਾਂ ਸਮਾਗਮਾਂ ਵਿਚ ਇਮਾਨਦਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਮੂਲੀਅਤ ਇਮਾਨਦਾਰੀ ਦੀ ਪ੍ਰਵਿਰਤੀ ਦੀ ਪ੍ਰੋੜਤਾ ਕਰ ਰਹੀ ਹੈ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਵੈਇਛਤ ਸੰਸਥਾਵਾਂ ਵੱਲੋਂ ਆਪਨੂੰ ਵੱਖ-ਵੱਖ ਮੌਕਿਆਂ ਤੇ 18 ਵਾਰ ਸਨਮਾਨ ਕੀਤਾ ਗਿਆ। ਆਪਨੇ ਦੇਸ਼ ਵਿਦੇਸ਼ ਦੀ ਯਾਤਰਾ ਵੀ ਕੀਤੀ ਹੈ ਜਿਥੇ ਆਪਨੂੰ 3 ਵਾਰ ਸਨਮਾਨਤ ਕੀਤਾ ਗਿਆ।