ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ

ਬਠਿੰਡਾ, 3 ਜਨਵਰੀ (ਸੁਖਵਿੰਦਰ ਸਰਾਂ, ਗੋਬਿੰਦ ਬੀਬੀਵਾਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਜਿਲ੍ਹਾ ਬਠਿੰਡਾ ਵੱਲੋਂ 1 ਜਨਵਰੀ ਤੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਅੱਗੇ ਚੱਲ ਰਹੇ ਧਰਨੇ ਦੌਰਾਨ ਸੰਘਣੀ ਧੁੰਦ ਦੇ ਬਾਵਜੂਦ ਅੱਜ ਤੀਜੇ ਦਿਨ ਕਿਸਾਨਾਂ ਨੇ ਮੁਜਾਹਰਾ ਕਰਦੇ ਹੋਏ ਕੇਂਦਰ ਸਹਿਕਾਰੀ ਬੈਂਕ ਬਠਿੰਡਾ ਦਾ ਘਿਰਾਓ ਕੀਤਾ ਜੋ ਦੇਰ ਸ਼ਾਮ ਤੱਕ ਜਾਰੀ ਰਿਹਾ। ਗੇਟ ਅੱਗੇ ਧਰਨਾ ਸ਼ੁਰੂ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਬਸੰਤ ਸਿੰਘ ਕੋਠਾਗੁਰੂ, ਜਗਸੀਰ ਸਿੰਘ ਝੁੰਬਾ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਪਿੱਥੋਂ ਅਤੇ ਮਾਲਣ ਕੌਰ ਨੇ ਕਿਹਾ ਕਿ ਸਾਰੀਆਂ ਬੈਂਕਾਂ, ਆੜਤੀਏ ਅਤੇ ਹੋਰ ਵਿੱਤੀ ਸੰਸਖਾਣ ਸੂਦਖੋਰਾ ਜਿਨ੍ਹਾਂ ਤੋਂ ਕਿਸਾਨਾਂ ਨੇ ਕਰਜੇ ਲਏ ਹਨ ਉਹਨਾਂ ਨੇ ਕਿਸਾਨਾਂ-ਮਜ਼ਦੂਰਾਂ ਤੋਂ ਗੈਰ ਕਾਨੂੰਨੀ ਤੌਰ ਤੇ ਖਾਲੀ ਚੈਕ ਲਏ ਹਨ। ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜੇ ‘ਚ ਦੱਬੇ ਕਿਸਾਨਾਂ-ਮਜ਼ਦੂਰਾਂ ਦੇ ਖਾਲੀ ਬੈਂਕ ਖਾਤਿਆਂ ਵਿੱਚ ਇਹਨਾਂ ਚੈਕਾਂ ਦੀ ਗਲਤ ਵਰਤੋਂ ਕਰਦਿਆਂ ਮਨਮਰਜੀ ਦੀ ਰਕਮ ਭਰ ਕੇ ਅਦਾਲਤਾਂ ਵਿੱਚ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਅਤੇ ਧਰਨੇ ਵਿੱਚ ਲਗਾਤਾਰ ਖਾਲੀ ਚੈਕਾਂ/ਪ੍ਰਨੋਟਾਂ ਦੇ ਅਦਾਲਤੀ/ਬੈਂਕ ਨੋਟਿਸਾਂ ਦੇ ਸਤਾਏ ਕਿਸਾਨ ਕਿਸਾਨ ਆਪਣੇ ਦੁੱਖੜੇ ਲੈ ਕੇ ਆ ਰਹੇ ਹਨ। ਉਹਨਾਂ ਕਿਹਾ ਕਿ ਜਿੱਥੇ ਬੈਂਕਾਂ ਖਾਲੀ ਚੈਕਾਂ ਦੀ ਗਲਤ ਵਰਤੋਂ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ ਉਥੇ ਕਿਸਾਨਾਂ ਦੀ ਖੇਤੀ ਵਰਤੋਂ ਦੇ ਕਰਜੇ ਨਾਲ ਸਿੱਧੀ ਜੁੜੀ ਕੇਂਦਰ ਸਹਿਕਾਰੀ ਬੈਂਕ ਦੁਆਰਾ ਖਾਲੀ ਚੈਕ ਲੈਣ ਤੋਂ ਇਲਾਵਾ ਕਿਸਾਨਾਂ ਨੂੰ ਫਸਲੀ ਕਰਜੇ ਲਈ ਖਾਤਿਆਂ ਦੀਆਂ ਕਈ ਸਾਲਾਂ ਤੋਂ ਚੈਕ ਬੁੱਕਾਂ ਜਾਰੀ ਨਹੀਂ ਕੀਤੀਆਂ ਜਾ ਰਹੀਆ। ਆਗੂਆਂ ਨੇ ਪੰਜਾਬ ਸਰਕਾਰ ਦੇ ਕਿਸਾਨ ਕਰਜਾ ਮੁਆਫੀ ਦੇ ਦਿੱਤੇ ਜਾ ਰਹੇ ਵੱਡੇ-ਵੱਡੇ ਇਸ਼ਤਿਹਾਰਾਂ/ਭਾਸਣਾਂ ਦੀ ਪੋਲ ਖੋਲਦਿਆਂ ਦੱਸਿਆ ਕਿ ਚੋਣ ਵਾਅਦੇ ਮੁਤਾਬਿਕ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕਰਨ ਦੀ ਗੱਲ ਤਾਂ ਬਹੁਤ ਦੂਰ ਹੈ ਹਾਲੇ ਦੋ ਏਕੜ ਮਾਲਕੀ ਵਾਲੇ ਕਿਸਾਨਾਂ ਦਾ ਦੋ ਲੱਖ ਤੱਕ ਸ਼ਰਤ ਵਾਲਾ ਇਕ ਵੀ ਕਿਸਾਨ ਦਾ ਕਰਜਾ ਮੁਆਫ ਨਹੀਂ ਹੋਇਆ। ਢਾਈ ਏਕੜ ਤੱਕ ਮਾਲਕੀ ਵਾਲੇ 70% ਕਿਸਾਨਾਂ ਦਾ ਹੀ ਕਰਜਾ ਮੁਆਫ ਹੋਇਆ। ਨਮੂਨੇ ਦੇ ਤੌਰ ਤੇ ਪੇਸ਼ ਕਰਦਿਆਂ ਪਿੰਡ ਗਿੱਦੜ ਦੇ ਪੰਜ ਏਕੜ ਮਾਲਕੀ ਵਾਲੇ ਕਿਸਾਨ ਸ਼ਿੰਗਾਰਾ ਮਾਨ, ਜਰਨੈਲ ਸਿੰਘ, ਆਤਮਾ ਸਿੰਘ, ਹਰਬੰਸ ਸਿੰਘ ਢਾਈ ਏਕੜ ਤੱਕ ਮਾਲਕੀ ਵਾਲੇ ਸੁਖਰਾਜ ਸਿੰਘ, ਜਸਵੰਤ ਸਿੰਘ, ਮੰਦਰ ਸਿੰਘ, ਬਲਵਿੰਦਰ ਸਿੰਘ, ਕੋਟਸ਼ਮੀਰ ਦੇ ਤਰਸੇਮ ਸਿੰਘ, ਪ੍ਰਿਤਪਾਲ ਸਿੰਘ, ਚਿਮਨ ਲਾਲ, ਗੁਰਸੇਵਕ ਸਿੰਘ ਆਦਿ ਹਜ਼ਾਰਾਂ ਹੀ ਕਿਸਾਨ ਕਰਜਾ ਮੁਆਫੀ ਦੀ ਲਿਸਟ ‘ਚ ਆਪਣਾ ਨਾਂ ਪਵਾਉਣ ਲਈ ਦਫਤਰਾਂ ਦੇ ਗੇੜੇ ਮਾਰ ਰਹੇ ਹਨ ਅਤੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਖਜਾਨਾ ਖਾਲੀ ਹੈ ਤੇ ਅਗਲੇ ਬਜਟ ਵਿੱਚ ਦੇਖਾਂਗੇ, ਮਤਲਬ ਸਾਫ ਹੈ ਕਿ ਜਵਾਬ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਫਸਲੀ ਕਰਜ਼ੇ ਦੀ ਮੁਆਫੀ ਵਿੱਚ ਪੰਜ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਲਈ 2 ਲੱਖ ਤੱਕ ਦੀ ਲਾਈ ਸ਼ਰਤ ਖਤਮ ਕਰਾਉਣ, ਬੇਜ਼ਮੀਨੇ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵੀ ਇਹ ਰਾਹਤ ਦਿਵਾਉਣ, ਕਰਜਾ ਦੇਣ ਵੇਲੇ ਬੈਂਕ/ਆੜਤੀਆਂ ਵੱਲੋਂ ਕਿਸਾਨਾਂ ਤੋਂ ਦਸਤਖਤ ਕਰਵਾ ਕੇ ਲਏ ਖਾਲੀ ਚੈਕ/ਪ੍ਰਨੋਟ/ਅਸ਼ਟਾਮ ਲਈ ਗੈਰ ਕਾਨੂੰਨੀ ਜ਼ੁਰਮ ਦੀ ਸਜ਼ਾ ਕਰਾਉਣ ਅਤੇ ਚੱਲ ਰਹੇ ਅਦਾਲਤੀ ਕੇਸ ਵਾਪਿਸ ਕਰਾਉਣ, ਕੁਰਕੀਆਂ-ਨਿਲਾਮੀਆਂ ਅਤੇ ਗ੍ਰਿਫਤਾਰੀਆਂ ਵਿੱਚ ਪੁਲਿਸ ਦਖਲ ਬੰਦ ਕਰਾਉਣ। ਅੱਜ ਦੇ ਧਰਨੇ ਨੂੰ ਮਨਜੀਤ ਸਿੰਘ ਭੁੱਚੋ ਖੁਰਦ, ਦਰਸ਼ਨ ਸਿੰਘ ਮਾਈਸਰਖਾਨਾ, ਅਮਰੀਕ ਸਿੰਘ ਸਿਵੀਆਂ, ਸੁਖਦੇਵ ਸਿੰਘ ਰਾਮਪੁਰਾ, ਹੁਸ਼ਿਆਰ ਸਿੰਘ ਨੇ ਸੰਬੋਧਨ ਕੀਤਾ।

Send this to a friend