ਖਰੜ-ਲੁਧਿਆਣਾ ਨੈਸ਼ਨਲ ਹਾਈਵੇ ਦੇ ਨਿਰਮਾਣ ’ਚ ਆ ਰਹੀਆਂ ਮੁਸ਼ਕਿਲਾਂ ਦਾ ਛੇਤੀ ਹੋਵੇਗਾ ਹਲ : ਡੀ.ਸੀ.

ਐਸ.ਏ.ਐਸ.ਨਗਰ, 25 ਦਸੰਬਰ (ਧਾਮੀ ਸ਼ਰਮਾ)- ਖਰੜ-ਲੁਧਿਆਣਾ ਨੈਸ਼ਨਲ ਹਾਈਵੇ ਦੇ ਨਿਰਮਾਣ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹਲ ਕਰਨ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ ਦੇ ਅਧਿਕਾਰੀਆਂ ਅਤੇ ਸਬੰਧਤ ਐਸ.ਡੀ.ਐਮਜ਼ ਦੀ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਐਸ.ਡੀ.ਐਮ. ਮੋਹਾਲੀ ਸ੍ਰੀ ਜਗਦੀਪ ਸਹਿਗਲ, ਐਸ.ਡੀ.ਐਮ ਖਰੜ ਸ੍ਰੀ ਵਿਨੋਦ ਕੁਮਾਰ ਬਾਂਸਲ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਕੇ.ਐਲ. ਸਚਦੇਵਾ ਅਤੇ ਰੀਜ਼ਨਲ ਦਫਤਰ ਤੋਂ ਸ਼੍ਰੀ ਵਿਸ਼ਾਲ ਗੁਪਤਾ ਮੌਜੂਦ ਸਨ।ਮੀਟਿੰਗ ਦੌਰਾਨ (ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕੂਜ਼ੀਸ਼ਨ) ਸੀਏਐਲਏ-ਕਮ-ਐਸ.ਡੀ.ਐਮ ਮੋਹਾਲੀ ਨੇ ਦਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਵਖ-ਵਖ (ਅਕਤੂਬਰ 2015 ਤੋਂ ਜੂਨ 2018) ਸਮੇਂ ਤੇ ਕੀਤੇ ਗਏ ਅਵਾਰਡਜ਼ ਦੀ ਰਕਮ ਨੂੰ ਅਦਾ ਕੀਤਾ ਜਾ ਰਿਹਾ ਹੈ। ਇਸ ਵਿਚ ਦੇਰੀ ਹੋਣ ਬਾਰੇ ਉਨ੍ਹਾਂ ਦਸਿਆ ਕਿ ਐਨ.ਐਚ.ਆਈ ਵਲੋਂ ਫੀਲਡ ਬੁਕ ਪ੍ਰਾਪਤ ਹੋਣੀਆਂ ਬਾਕੀ ਹਨ ਅਤੇ ਕੁਝ ਥਾਵਾਂ ਤੇ ਦੋਹਰੀ ਅਦਾਇਗੀ ਹੋਣ ਦੀਆਂ ਸ਼ਿਕਾਇਤਾਂ ਨੂੰ ਵਾਚਿਆ ਜਾ ਰਿਹਾ ਹੈ। ਪੈਡਿੰਗ ਅਦਾਇਗੀਆਂ ਨੂੰ ਪੰਚਾਇਤੀ ਚੋਣਾਂ ਤੋਂ ਬਾਅਦ ਤੁਰੰਤ ਦੇ ਦਿਤਾ ਜਾਵੇਗਾ। ਡੀ.ਸੀ. ਨੇ ਮੀਟਿੰਗ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਖਰੜ-ਲੁਧਿਆਣਾ ਨੈਸ਼ਨਲ ਹਾਈਵੇ ਦੇ ਮਾਮਲੇ ‘ਚ ਸਬੰਧਤ ਐਸ.ਡੀ.ਐਮਜ਼. ਦਫਤਰਾਂ ਨਾਲ ਰਾਬਤਾ ਰਖਣ ਤਾਂ ਜੋ ਹਾਈਵੇ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਅਤੇ ਬੁਨਿਆਦੀ ਢਾਂਚੇ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਜਲਦੀ ਹੀ ਹਲ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸ.ਡੀ.ਐਮ ਖਰੜ ਨੈਸ਼ਨਲ ਹਾਈਵੇ ਅਥਾਰਟੀ ਦੀ ਮੰਗ ਅਨੁਸਾਰ 2 ਸਪੈਨਜ਼ ਦੇ ਸਟਰਕਚਰ ਲਈ ਸਬੰਧਤ ਵਿਅਕਤੀਆਂ ਨਾਲ ਗਲ ਕਰਨਗੇ ਤਾਂ ਜੋ ਵਖ ਵਖ ਥਾਵਾਂ ਤੇ 700 -700 ਮੀਟਰ ਦੇ ਸਪੈਨਜ਼ ਨੂੰ ਪਹਿਲਾਂ ਮੁਕੰਮਲ ਕੀਤਾ ਜਾਵੇ। ਉਸ ਉਪਰੰਤ ਸਰਵਿਸ ਲਾਇਨਜ਼ ਬਾਰੇ ਕਾਰਵਾਈ ਕੀਤੀ ਜਾਵੇ। ਡੀ.ਸੀ ਨੇ ਇਹ ਵੀ ਦਸਿਆ ਕਿ ਖਰੜ-ਲੁਧਿਆਣਾ ਨੈਸ਼ਨਲ ਹਾਈਵੇ ਦੇ ਸਬੰਧ ਵਿਚ ਹੁਣ ਤਕ ਦੀ ਹੋਈ ਕਾਰਵਾਈ ਦੀ ਪੂਰੀ ਸਥਿਤੀ ਅਤੇ ਧਿਆਨ ਵਿਚ ਆਈਆਂ ਨਵੀਂਆਂ ਗਲਾਂ ਬਾਰੇ ਸਕਤਰ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਨੂੰ ਵੀ ਲਿਖਤੀ ਰੂਪ ਵਿਚ ਸੂਚਿਤ ਕੀਤਾ ਜਾਵੇਗਾ।

Send this to a friend