ਜਥੇਦਾਰ ਹਵਾਰਾ ਦੇ ਆਦੇਸ਼ਾਂ ’ਤੇ ਮੋਰਚੇ ਨਾਲ ਸਬੰਧਿਤ ਬੈਠਕ ਹੁਣ 22 ਫਰਵਰੀ ਨੂੰ

ਬਠਿੰਡਾ, 24 ਦਸੰਬਰ (ਹਰਮਿੰਦਰ ਸਿੰਘ ਅਵਿਨਾਸ਼)- ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਿਆਨ ਕਿ ਬਰਗਾੜੀ ਮੋਰਚੇ ਦੇ ਸਬੰਧ ‘ਚ ਕੋਈ ਮੀਟਿੰਗ ਜਾਂ ਕਨਵੈਨਸ਼ਨ ਕੋਈ ਧਿਰ ਨਾ ਕਰਨ ਮੁਤਾਬਕ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ 1920 ਦੇ ਕਾਰਕੁੰਨਾਂ ਨੇ ਫੈਸਲਾ ਕਬੂਲਦਿਆਂ 8 ਜਨਵਰੀ 2019 ਦੀ ਮੀਟਿੰਗ ਨੂੰ ਰਦ ਕਰਨ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪ੍ਰੈਸ ਕਲਬ ਵਿਖੇ ਪਤਰਕਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ 1920 ਦੇ ਜਨਰਲ ਸਕਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਦਸਿਆ ਕਿ 9 ਦਸੰਬਰ ਨੂੰ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੋਰਚੇ ਦੀਆਂ ਤਿੰਨ ਮੰਗਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਚੁਕ ਲਿਆ, ਜਿਸ ਕਾਰਨ ਸਮੂਹ ਸਿਖ ਸੰਗਤਾਂ ਸਮੇਤ ਉਨ੍ਹਾਂ ਅੰਦਰ ਭਾਰੀ ਨਿਰਾਸਤਾ ਹੈ, ਜਿਸਨੂੰ ਲੈ ਕੇ ਉਨ੍ਹਾਂ ਵਲੋਂ ਬਰਗਾੜੀ ਗੁਰਦੁਆਰਾ ਸ਼੍ਰੀ ਕੌਲਸਰ ਸਾਹਿਬ ਵਿਖੇ ਮੀਟਿੰਗ ਰਖੀ ਗਈਜੋ ਕਿ ਪੁਲਿਸ ਦੀ ਸਖਤੀ ਅਤੇ ਨਾਕਾਬੰਦੀ ਕਾਰਨ ਜਿਆਦਾ ਸੰਗਤਾਂ ਨਾ ਪਹੁੰਚਣ ਕਾਰਨ ਅਸਫਲ ਰਹੀ। ਇਸ ਉਪਰੰਤ ਉਨ੍ਹਾਂ ਫੈਸਲਾ ਲਿਆ ਕਿ 8 ਜਨਵਰੀ 2019 ਨੂੰ ਦਾਣਾ ਮੰਡੀ ਰਣਸੀਂਹ ਕਲਾਂ ਵਿਖੇ ਪੰਥ ਅਤੇ ਪੰਜਾਬ ਦਰਦੀਆਂ ਦਾ ਵਡਾ ਇਕਠ ਕਰਕੇ ਰਾਇ ਮਸ਼ਵਰਾ ਕੀਤਾ ਜਾਵੇਗਾ, ਪਰ ਸਰਬਤ ਖਾਲਸਾ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਐਲਾਨ ਕਰ ਦਿਤਾ ਕਿ ਬਰਗਾੜੀ ਮੋਰਚੇ ਦੇ ਸਬੰਧ ‘ਚ ਕੋਈ ਮੀਟਿੰਗ ਜਾਂ ਕਨਵੈਨਸ਼ਨ ਕੋਈ ਵੀ ਧਿਰ ਨਾ ਕਰੇ ਅਗਲਾ ਪ੍ਰੋਗਰਾਮ ਪੰਚ ਪ੍ਰਧਾਨੀ ਮਰਿਯਾਦਾ ਅਨੁਸਾਰ ਉਹ ਖੁਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਭਾਈ ਹਵਾਰਾ ਦੇ ਇਸ ਫੈਸਲੇ ‘ਤੇ ਫੁਲ ਚੜਾਉਂਦਿਆਂ 8 ਜਨਵਰੀ ਦੀ ਮੀਟਿੰਗ ਨੂੰ ਰਦ ਕਰਦੇ ਹਨ ਅਤੇ ਅਗੇ ਤੋਂ ਵੀ ਬਰਗਾੜੀ ਮੋਰਚੇ ਬਾਰੇ ਕੋਈ ਗਤੀਵਿਧੀਆਂ ਨਹੀਂ ਕਰਨਗੇ ਅਤੇ ਕਿਹਾ ਕਿ ਜੋ ਜਥੇਦਾਰ ਭਾਈ ਹਵਾਰਾ ਪ੍ਰੋਗਰਾਮ ਉਲੀਕਣਗੇ ਉਹ ਆਪਣਾ ਬਣਦਾ ਯੋਗਦਾਨ ਪਾਉਣਗੇ, ਪਰ ਉਨ੍ਹਾਂ ਦੀ ਪਾਰਟੀ ਰਾਜਨੀਤਕ ਪਾਰਟੀ ਹੈ ਅਤੇ ਅਕਾਲੀ ਦਲ, ਜਿਸ ‘ਚ ਧਰਮ ਅਤੇ ਰਾਜਨੀਤੀ ਇਕਠੀ ਹੈ ਅਤੇ ਉਹ ਬਾਦਲ ਦਲ, ਜਿਸਨੇ ਪੰਜਾਬ ਅਤੇ ਪੰਥ ਦਾ ਭਾਰੀ ਨੁਕਸਾਨ ਕੀਤਾ ਹੈ ਦੇ ਰਹਿਮੋ ਕਰਮ ‘ਤੇ ਰਾਜਨੀਤਕ ਪਿੜ ਖਾਲੀ ਨਹੀਂ ਛਡ ਸਕਦੇ, ਜਿਸ ਕਰਕੇ ਉਹ ਅਤੇ ਉਨ੍ਹਾਂ ਦੇ ਸਾਥੀ 22 ਫਰਵਰੀ ਨੂੰ ਦਾਣਾ ਮੰਡੀ ਰਣਸੀਂਹ ਕਲਾਂ ਵਿਖੇ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਆਰਥਿਕ ਮਸਲਿਆਂ ਨੂੰ ਲੈ ਕੇ ਮੀਰੀ ਪੀਰੀ ਕਾਨਫਰੰਸ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ‘ਚ ਕਰਨਗੇ। ਜਥੇਦਾਰ ਬੂਟਾ ਸਿੰਘ ਨੇ ਕਿਹਾ ਕਿ ਜਥੇਦਾਰ ਦਾਦੂਵਾਲ ਸਾਂਝੇ ਵਿਅਕਤੀ ਹਨ ਅਤੇ ਉਨ੍ਹਾਂ ਪੰਥ ਅਤੇ ਪੰਜਾਬ ਦੇ ਮੁਦਿਆਂ ‘ਤੇ ਹਮੇਸ਼ਾਂ ਵਡਾ ਸੰਘਰਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ‘ਚ ਕਾਂਗਰਸ ਭਾਜਪਾ, ਬਾਦਲ ਦਲ ਅਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਨੂੰ ਛਡ ਕੇ ਹੋਰ ਸਭ ਪਾਰਟੀਆਂ ਜੋ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਚਹੁੰਦੀਆਂ ਹਨ ਨੂੰ ਸਦਾ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਪ੍ਰਦੀਪ ਸਿੰਘ ਚਾਂਦਪੁਰ, ਭਾਈ ਹਰਜਿੰਦਰ ਸਿੰਘ ਰੋਡੇ, ਰਮਨਦੀਪ ਸਿੰਘ ਭੰਗਚਿੜੀ, ਭਾਈ ਸੁਰਿੰਦਰ ਸਿੰਘ ਰਾਜਾ ਬਬਲੂ ਰੋਡੇ ਵੀ ਮੌਜ਼ੂਦ ਸਨ।

Send this to a friend