ਵਿਅਕਤੀ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਅਨੇਕਾਂ ਉਪਰਾਲੇ ਕਰਦਾ ਹੈ ਅਤੇ ਕਠਿਨ ਮਿਹਨਤ ਵੀ ਕਰਦਾ ਹੈ ।ਪਰ ਜੇਕਰ ਉਸ ਦੀ ਕੋਸ਼ਿਸ਼ ਵਿਚ ਸਹੀ ਵਿਉਂਤਬੰਦੀ ਦਾ ਸੁਮੇਲ ਨਾ ਹੋਵੇ ਤਾਂ ਸਫਲਤਾ ਦੂਰ ਦੀ ਕੌੜੀ ਬਣ ਕੇ ਰਹਿ ਸਕਦੀ ਹੈ । ਕਿਉਂਕਿ ਸਹੀ ਵਿਉਂਤਬੰਦੀ ਤੋਂ ਬਿਨਾਂ ਕੋਈ ਵੀ ਕੰਮਕਾਜ ਨੇਪਰੇ ਚਾੜਨਾ ਅਤੇ ਚੜ੍ਹਾਉਣਾ ਔਖਾ ਹੋ ਜਾਂਦਾ ਹੈ ।ਇਸ ਵਿਉਂਤਬੰਦੀ ਦੇ ਅਧੀਨ ਇਕ ਅਤਿ ਜ਼ਰੂਰੀ ਵਿਸ਼ਾ ਹੈ : ਕੰਮਾਂ ਦੀ ਸੂਚੀ ਬਣਾਉਣਾ । ਭਾਵੇਂ ਕਿ ਦੇਖਣ , ਸੁਣਨ ਅਤੇ ਸਮਝਣ ਨੂੰ ਸ਼ਾਇਦ ਇਹ ਕੁਝ ਅਟਪਟਾ ਲਗੇ , ਪਰ ਇਸ ਦੇ ਨਤੀਜੇ ਬਹੁਤ ਹੀ ਦੂਰਗਾਮੀ , ਸਾਰਥਕ ਅਤੇ ਉਸਾਰੂ ਨਿਕਲਦੇ ਹਨ ਅਤੇ ਵਿਅਕਤੀ ਸਫਲਤਾ ਦੇ ਸਿਖਰ ਨੂੰ ਛੋਹ ਜਾਂਦਾ ਹੈ। ਕੰਮਾਂ ਦੀ ਸੂਚੀ ਇਕ ਤਰ੍ਹਾਂ ਨਾਲ ਸਾਡੀ ਦਿਨ -ਚਰਿਆ ਦੀ ਸਮਾਂ ਸਾਰਣੀ ਹੀ ਹੁੰਦੀ ਹੈ । ਜਿਸ ਵਿਚ ਅਸੀਂ ਵਖ – ਵਖ ਕੰਮਾਂ ਨੂੰ ਉਨ੍ਹਾਂ ਦੇ ਵਖ – ਵਖ ਸਥਾਨਾਂ , ਸਮੇਂ , ਦਿਨ , ਮਿਤੀ, ਘਰ , ਬਾਹਰ, ਕੰਮਕਾਜੀ ਸਥਾਨ, ਅਤਿ ਮਹਤਵਪੂਰਨ, ਮਹਤਵਪੂਰਨ ਅਤੇ ਸਾਧਾਰਨ ਅਨੁਸਾਰ ਉਨ੍ਹਾਂ ਦਾ ਵਿਉਂਤਬੰਦੀ ਨਾਲ ਵਰਗੀਕਰਨ ਕਰ ਸਕਦੇ ਹਾਂ ਅਤੇ ਉਨ੍ਹਾਂ ‘ਤੇ ਅਮਲ ਕਰ ਸਕਦੇ ਹਾਂ । ਇਸ ਛੋਟੀ ਜਿਹੀ ਦਿਖਣ ਵਾਲੀ ਕੋਸ਼ਿਸ਼ ਨਾਲ ਸਾਨੂੰ ਕਦੇ ਵੀ ਸਮੇਂ ਦੀ ਘਾਟ ਨਜ਼ਰ ਨਹੀਂ ਆ ਸਕਦੀ ਅਤੇ ਹਰ ਛੋਟਾ – ਵਡਾ , ਸਧਾਰਨ ਅਤੇ ਮਹਤਵਪੂਰਨ ਕੰਮ ਸਾਡੇ ਚਿਤ ਚੇਤੇ ਵਿਚ ਰਹਿ ਕੇ ਅਮਲ ਵਿਚ ਸੌਖਿਆਂ ਹੀ ਲਿਆਂਦਾ ਜਾ ਸਕਦਾ ਹੈ ਅਤੇ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ । ਕੰਮਾਂ ਦੀ ਸੂਚੀ ਸਾਡੀ ਸਫਲਤਾ, ਘਰ ਦੀ ਤਰਕੀ ਅਤੇ ਵਿਅਕਤੀਗਤ ਵਿਕਾਸ ਦੇ ਲਈ ਬਹੁਤ ਹੀ ਮਹਤਵ ਰਖਦੀ ਹੈ ਅਤੇ ਇਸ ਨਾਲ ਆਪਣੇ ਦਿਮਾਗ ‘ਤੇ ਵੀ ਬੇਲੋੜਾ ਬੋਝ ਪਾਉਣ ਤੋਂ ਬਚ ਸਕਦੇ ਹਾਂ । ਜੇਕਰ ਅਸੀਂ ਭਵਿਖ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਸਹੀ ਵਿਉਂਤਬੰਦੀ ਇਕ ਦਿਨ ਪਹਿਲਾਂ ਕਰ ਲਈਏ ਅਤੇ ਉਸ ‘ਤੇ ਅਮਲ ਕਰੀਏ ਤਾਂ ਹਰ ਕੰਮ ਇਕ ਸਹੀ ਸਮੇਂ ਅਤੇ ਸਹੀ ਦਾਇਰੇ ਵਿਚ ਰਹਿ ਕੇ ਸਹੀ ਢੰਗ ਨਾਲ ਸੰਪੂਰਨ ਕੀਤਾ ਜਾ ਸਕਦਾ ਹੈ ਅਤੇ ਕਿਸੇ ਨੂੰ ਠ ਸੌਰੀਠ , ਠ ਉਹੋਠ , ਠ ਭੁਲ ਗਿਆਠ , ਠ ਯਾਦ ਨਹੀਂ ਰਿਹਾਠ , ਠਮੈਨੂੰ ਪਤਾ ਹੀ ਨਹੀਂ ਲਗਾਠ ਆਦਿ ਕਹਿਣ ਤੋਂ ਅਤੇ ਸ਼ਰਮਿੰਦਾ ਹੋਣ ਤੋਂ ਬਚਿਆ ਵੀ ਜਾ ਸਕਦਾ ਹੈ। ਇਹ ਕੰਮਾਂ ਦੀ ਸੂਚੀ ਸਾਨੂੰ ਆਪਣੀ ਜੇਬ ਵਿਚ ਰਖ ਲੈਣੀ ਚਾਹੀਦੀ ਹੈ ਅਤੇ ਜਦੋਂ ਵੀ ਕੋਈ ਨਵਾਂ ਕੰਮ ਯਾਦ ਆ ਜਾਵੇ ਤਾਂ ਵਰਗੀਕਰਨ ਦੇ ਅਨੁਸਾਰ ਲਿਖ ਲੈਣਾ ਚਾਹੀਦਾ ਹੈ । ਗਲ ਕੇਵਲ ਕੰਮਾਂ ਦੀ ਸੂਚੀ ਬਣਾਉਣ ਦੀ ਹੀ ਨਹੀਂ । ਮਹਤਵਪੂਰਨ ਗਲ ਇਹ ਵੀ ਹੈ ਕਿ ਅਸੀਂ ਇਸ ਬਣਾਈ ਗਈ ਯੋਜਨਾ ‘ਤੇ ਅਮਲ ਵੀ ਜ਼ਰੂਰ ਕਰੀਏ। ਇਸ ਨਾਲ ਵਿਦਿਆਰਥੀ , ਕੰਮਕਾਜੀ ਵਿਅਕਤੀ , ਸਧਾਰਨ ਵਿਅਕਤੀ , ਦੁਕਾਨਦਾਰ ਅਤੇ ਹਰ ਕਿਸੇ ਦੇ ਲਈ ਲਾਭ ਹੋ ਸਕਦਾ ਹੈ ਤੇ ਕੀਤੇ ਹੋਏ ਛੋਟੇ – ਛੋਟੇ ਕੰਮ ਸਾਨੂੰ ਸਫਲਤਾ, ਘਰ ਦੀ ਤਰਕੀ , ਸਮਾਜ ਦੀ ਤਰਕੀ ਅਤੇ ਆਪਣੀ ਮੰਜ਼ਿਲ ਤਕ ਲੈ ਜਾ ਸਕਦੇ ਹਨ। ਕੰਮਾਂ ਦੀ ਬਣਾਈ ਗਈ ਸੂਚੀ ਸਾਡਾ ਸਮਾਂ ਤੇ ਧਨ ਤਾਂ ਬਚਾਉਂਦੀ ਹੀ ਹੈ ਅਤੇ ਸਾਨੂੰ ਮਾਨਸਿਕ ਪ੍ਰੇਸ਼ਾਨੀ ਤੋਂ ਵੀ ਬਚਾਉਂਦੀ ਹੈ। ਕੰਮਾਂ ਦੀ ਸੂਚੀ ਨੂੰ ਕਦੇ ਵੀ ਛੋਟਾ ਕਰਕੇ ਨਹੀਂ ਆਂਕਿਆ ਜਾਣਾ ਚਾਹੀਦਾ । ਕਿਉਂਕਿ ਕਹਿੰਦੇ ਹਨ ਕਿ ਛੋਟੇ – ਛੋਟੇ ਤਿਣਕਿਆਂ ਨਾਲ ਹਾਥੀ ਨੂੰ ਵੀ ਬੰਨ੍ਹਿਆ ਜਾ ਸਕਦਾ ਹੈ । ਇਸ ਤਰ੍ਹਾਂ ਅਸੀਂ ਆਪਣੇ ਹਰ ਪ੍ਰਕਾਰ ਦੇ ਕੰਮ ਸਹੀ , ਸੁਚਾਰੂ , ਵਿਧੀਵਧ ਢੰਗ ਨਾਲ ਅਤੇ ਸਾਰਥਕਤਾ ਨਾਲ ਕਰ ਸਕਦੇ ਹਾਂ ਅਤੇ ਇਨ੍ਹਾਂ ਦੇ ਉਸਾਰੂ ਤੇ ਸਾਰਥਕ ਨਤੀਜੇ ਵੀ ਨਿਕਲਦੇ ਹਨ ਅਤੇ ਸਾਨੂੰ ਕਾਮਯਾਬੀ ਦੀਆਂ ਬੁਲੰਦੀਆਂ ਤਕ ਲੈ ਜਾਂਦੇ ਹਨ ।ਇਹ ਅਤਿ ਮਹਤਵਪੂਰਨ ਗਲ ਹੈ ਕਿ ਕੰਮਾਂ ਦੀ ਸੂਚੀ ਬਣਾ ਕੇ ਵਿਉਂਤਬੰਦੀ ਨਾਲ ਕੰਮ ਕਰਨ ਵਾਲਾ ਵਿਅਕਤੀ ਜ਼ਿੰਦਗੀ ਵਿਚ ਕਦੇ ਵੀ ਸਮੇਂ ਦੀ ਘਾਟ ਦੀ ਚਰਚਾ ਨਹੀਂ ਕਰੇਗਾ । ਕੰਮਾਂ ਦੀ ਸੂਚੀ ਬਣਾਉਣ ਦੀ ਆਦਤ ਪਾ ਕੇ ਤੁਸੀਂ ਆਪਣੇ ਆਪ ਨੂੰ ਹਲਕਾ – ਫੁਲਕਾ , ਤਰੋਤਾਜ਼ਾ ਅਤੇ ਸਕਾਰਾਤਮਕ ਸੋਚ ਦੇ ਧਾਰਨੀ ਮਹਿਸੂਸ ਕਰੋਗੇ। ਆਓ ਅਜ ਹੀ ਕੰਮਾਂ ਦੀ ਸੂਚੀ ਬਣਾਉਣ ਦੀ ਆਦਤ ਪਾਈਏ ਅਤੇ ਜ਼ਿੰਦਗੀ ਵਿਚ ਤਰਕੀ, ਖੁਸ਼ਹਾਲੀ ਅਤੇ ਕਾਮਯਾਬੀ ਪਾਈਏ।