ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਬਾਬਾ ਸੋਹਨ ਸਿੰਘ ਭਕਨਾ ਵੀ ਇਸੇ ਰਾਹ ਦੇ ਪਾਂਧੀ ਸਨ। ਬਾਬਾ ਸੋਹਨ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਈ: ਵਿੱਚ ਪਿਤਾ ਸ੍ਰ. ਕਰਮ ਸਿੰਘ ਤੇ ਮਾਤਾ ਰਾਮ ਕੌਰ ਦੀ ਕੁੱਖੋਂ ਨਾਨਕੇ ਪਿੰਡ ਖਤਰਾਏਂ ਖੁਰਦ ਅੰਮ੍ਰਿਤਸਰ ਵਿੱਚ ਹੋਇਆ। ਇੱਕ ਸਾਲ ਦੀ ਉਮਰ ਵਿੱਚ ਹੀ ਪਿਤਾ ਦਾ ਦੇਹਾਂਤ ਹੋ ਗਿਆ।ਆਪ ਦੀ ਪੜ੍ਹਾਈ ਪਿੰਡ ਦੀ ਧਰਮਸ਼ਾਲਾ ਵਿੱਚ ਸ਼ੁਰੂ ਹੋਈ। ਗੁਰਮੁੱਖੀ ਉਥੋਂ ਸਿੱਖੀ। ਪੰਜਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਵਿੱਚੋਂ ਹੀ ਕੀਤੀ। ਅੱਗੋਂ ਪੜ੍ਹਨਾ ਨਸੀਬ ਨਾ ਹੋਇਆ। ਛੋਟੀ ਉਮਰ ਵਿੱਚ ਹੀ ਸ਼ਾਦੀ ਹੋ ਗਈ ਸੀ। ਸ੍ਰ. ਸੋਹਣ ਸਿੰਘ ਭਕਨਾ ਦੇ ਕੂਕਾ ਲਹਿਰ ਦੇ ਬਾਬਾ ਕੇਸਰ ਸਿੰਘ ਨਾਲ ਮੇਲ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਲੈ ਆਂਦਾ। ਇਸ ਮੇਲ ਨੇ ਸੋਹਨ ਸਿੰਘ ਭਕਨਾ ਨੂੰ ਗੁਰੂ ਘਰ ਨਾਲ ਜੋੜਿਆ ਤੇ ਭਕਨਾ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਸੰਨ 1907 ਵਿੱਚ ਖੇਤੀ ਅੰਦੋਲਨ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸ ਅੰਦੋਲਨ ਦੇ ਮੁੱਖ ਨੇਤਾ ਸ੍ਰ. ਭਗਤ ਸਿੰਘ ਦੇ ਚਾਚਾ ਸ੍ਰ. ਅਜੀਤ ਸਿੰਘ, ਲਾਲਾ ਲਾਜਪਤ ਰਾਏ, ਸੂਫੀ ਅੰਬਾ ਪ੍ਰਸਾਦ, ਸੱਯਦ ਹੈਦਰ ਰਾਜਾ ਸਨ। ਕਵੀ ਬਾਂਕੇ ਦਿਆਲ ਦੀ ਕਵਿਤਾ ‘ਪੱਗੜੀ ਸੰਭਾਲ ਜੱਟਾ’ ਲਿੱਖਣ ਕਰਕੇ ਇਸਨੂੰ ਵੀ ਅੰਗਰੇਜ਼ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਸੀ। ਇਸ ਐਜ਼ੀਟੇਸ਼ਨ ਸਬੰਧੀ ਸੋਹਨ ਸਿੰਘ ਭਕਨਾ ਵੀ ਪੂਰਾ ਚੇਤੰਨ ਸੀ। ਸੋਹਨ ਸਿੰਘ ਭਕਨਾ ਨੇ ਇਸ ਲਹਿਰ ਸਬੰਧੀ ਆਪਣਾ ਰੋਲ ਬਾਖੂਬੀ ਨਿਭਾਇਆ। ਘਰ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਸੀ। ਕਰਜ਼ਾ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਇਸ ਲਈ 3 ਫਰਵਰੀ 1909 ਈ: ਨੂੰ ਸੋਹਨ ਸਿੰਘ ਭਕਨਾ ਕਮਾਈ ਕਰਨ ਲਈ ਅਮਰੀਕਾ ਪਹੁੰਚ ਗਿਆ। ਕੋਲੰਬੀਆਂ ਵਿੱਚ ਉਸਨੂੰ ‘ਮਨਾਰਕ ਮਿੱਲ’ ਲੱਕੜੀ ਦੇ ਕਾਰਖਾਨੇ ਵਿੱਚ ਦੋ-ਢਾਈ ਡਾਲਰ ਦਿਹਾੜੀ ਤੇ ਕੰਮ ਮਿਲਿਆ। ਉਸਤੋਂ ਬਾਅਦ ਹਰ ਤਰ੍ਹਾਂ ਦੀ ਬੜੀ ਹੀ ਸਖਤ ਮਿਹਨਤ ਮਜ਼ਦੂਰੀ ਕਰਨੀ ਪਈ। ਇਸ ਦੌਰਾਨ ਸੋਹਨ ਸਿੰਘ ਭਕਨਾ ਨੇ ਦੇਖਿਆ ਕਿ ਅਮਰੀਕਾ ਵਿੱਚ ਹਿੰਦੋਸਤਾਨੀ ਮਜ਼ਦੂਰਾਂ, ਵਪਾਰੀਆਂ ਨਾਲ ਕੋਈ ਚੰਗਾ ਵਰਤਾਉ ਨਹੀ ਸੀ ਹੁੰਦਾ। ਇੱਥੇ ਹੀ ਉਹਨਾਂ ਇੱਕ ਹਿੰਦੋਸਤਾਨੀ ਸੁਸਾਇਟੀ ‘ ਹਿੰਦੋਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ’ ਬਣਾਈ। ਸੋਹਨ ਸਿੰਘ ਭਕਨਾ ਇਸ ਸੁਸਾਇਟੀ ਦੇ ਪ੍ਰਧਾਨ, ਜੀ.ਡੀ ਕੁਮਾਰ ਮੁੱਖ ਸਕੱਤਰ, ਪੰਡਿਤ ਕਾਸ਼ੀ ਰਾਮ ਖਜ਼ਾਨਚੀ ਸਨ ਤੇ ਹਰਨਾਮ ਸਿੰਘ ਟੁੰਡੀਲਾਟ, ਊਧਮ ਸਿੰਘ ਕਸੇਲ ਤੇ ਰਾਮ ਰੱਖਾ ਨੂੰ ਵੀ ਸ਼ਾਮਿਲ ਕੀਤਾ ਗਿਆ। ਬਾਅਦ ਵਿੱਚ ਇਸ ਜਥੇਬੰਦੀ ਦਾ ਨਾਮ ਬਦਲ ਕੇ ‘ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ’ ਰੱਖਿਆ ਗਿਆ ਤੇ ਕੁੱਝ ਅਹੁਦੇਦਾਰ ਚੇਂਜ਼ ਕੀਤੇ ਗਏ ਜਿਵੇਂ ਬਾਬਾ ਸੋਹਨ ਸਿੰਘ ਭਕਨਾ ਤਾਂ ਪ੍ਰਧਾਨ ਹੀ ਰਹੇ। ਭਾਈ ਕੇਸਰ ਸਿੰਘ ਠੱਠਗੜ੍ਹ ਮੀਤ ਪ੍ਰਧਾਨ, ਲਾਲਾ ਹਰਦਿਆਲ ਜਨਰਲ ਸਕੱਤਰ, ਠਾਕੁਰ ਦਾਸ ਜਾਇੰਟ ਸਕੱਤਰ ਤੇ ਪੰਡਿਤ ਕਾਸ਼ੀ ਰਾਮ ਖਜ਼ਾਨਚੀ ਸਨ। ਇਸ ਐਸੋਸੀਏਸ਼ਨ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ‘ਗਦਰ’ ਅਖਬਾਰ ਵੀ ਕੱਢਿਆ, ਜਿਸ ਦੀ ਜ਼ਿੰਮੇਵਾਰੀ ਲਾਲਾ ਹਰਦਿਆਲ ਨੂੰ ਸੋਂਪੀ। ਲਾਲਾ ਹਰਦਿਆਲ ਨੇ ਸ੍ਰ. ਕਰਤਾਰ ਸਿੰਘ ਸਰਾਭਾ ਤੇ ਰਘਬੀਰ ਦਿਆਲ ਦੀ ਮੱਦਦ ਨਾਲ ਨਵੰਬਰ 1913 ਨੂੰ ਪਹਿਲਾ ਪਰਚਾ ਕੱਢਿਆ। ਅਗਲੇ ਹੀ ਸਾਲ ਜਦੋਂ ਕਾਫੀ ਜਦੋ-ਜਹਿਦ ਤੋਂ ਬਾਅਦ 24 ਹਜ਼ਾਰ ਡਾਲਰ ਦਾ ਰਾਸ਼ਨ ਲੈ ਕੇ ਕਾਮਾਗਾਟਾਮਾਰੂ ਜ਼ਹਾਜ 23 ਜੁਲਾਈ 1914 ਨੂੰ ਵਾਪਸ ਵਤਨ ਪਰਤਿਆ ਤਾਂ ‘ਗਦਰ’ ਅਖਬਾਰ ਨੇ ‘ਕਾਮਾਗਾਟਾਮਾਰੂ’ ਜ਼ਹਾਜ ਤੇ ਸਪੈਸ਼ਲ ਅੰਕ ਕੱਢਿਆ। ਜਦ ‘ਕਾਮਾਗਾਟਾਮਾਰੂ’ ਜ਼ਹਾਜ ਨੂੰ ਭਾਰਤ ਪਰਤਨ ਦੀ ਮਨਜ਼ੂਰੀ ਮਿਲ ਗਈ ਤਾਂ ਗਦਰ ਪਾਰਟੀ ਦੇ ਗੁਪਤ ਕਮਿਸ਼ਨ ਨੇ ਬਾਬਾ ਸੋਹਨ ਸਿੰਘ ਭਕਨਾ ਨੂੰ ਯੋਕੋਹਾਮਾ ਦੇ ਰਸਤੇ ਭਾਰਤ ਭੇਜਣ ਦਾ ਪ੍ਰੋਗਰਾਮ ਬਣਾਇਆ। ਇਸ ਪ੍ਰੋਗਰਾਮ ਤਹਿਤ ਕੁਝ ਹਥਿਆਰ ਭੇਜਣੇ ਸਨ। ਇਸ ਲਈ ਪਾਰਟੀ ਨੇ 200 ਪਿਸਤੋਲ ਤੇ ਕਾਫੀ ਗੋਲੀ ਸਿੱਕਾ ਬਾਬਾ ਸੋਹਣ ਸਿੰਘ ਭਕਨਾ ਨੇ ਇਹ ਅਸਲਾ ਭਾਰਤ ਲਿਆ ਕੇ ਅਜ਼ਾਦੀ ਦੇ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਵਰਤਣੀਆਂ ਸਨ, ਪਰ ਬਦਕਿਸਮਤੀ ਨਾਲ ਬੜੀਆਂ ਮੁਸ਼ਕਿਲਾਂ ਦੇ ਬਾਵਜੂਦ ਕਲਕੱਤਾ ਪਹੁੰਚ ਕੇ 13 ਅਕਤੂਬਰ 1914 ਨੂੰ ਗ੍ਰਿਫਤਾਰ ਕਰ ਲਿਆ। ਬਾਬਾ ਸੋਹਨ ਸਿੰਘ ਭਕਨਾ ਮਜ਼ਦੂਰ ਕਿਸਾਨਾਂ ਦੇ ਹਮੇਸ਼ਾਂ ਹਮਾਇਤੀ ਰਹੇ। ਜੇਲ ਵਿੱਚ ਨਜ਼ਰਬੰਦੀ ਦੌਰਾਨ ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ। ਜਿੰਨ੍ਹਾਂ ਵਿੱਚ ‘ਜੀਵਨ ਸੰਗਰਾਮ’ ਬੇਹੱਦ ਮਕਬੂਲ ਹੋਇਆ। ‘ਜੀਵਨ ਕਰਤੱਵ’ , ‘ਇਨਕਲਾਬੀ ਲਹਿਰ’ , ‘ਭਾਰਤ ਵਿੱਚ ਇਸਤਰੀ ਜਾਤੀ’ ਤੇ ‘ਦੁੱਖ ਗਰੀਬੀ’ ਆਦਿ ਬਾਰੇ ਕਈ ਪੁਸਤਕਾਂ ਛਪੀਆਂ। ਬਾਬਾ ਸੋਹਨ ਸਿੰਘ ਭਕਨਾ ਨੇ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਸਾਲ ਅਜ਼ਾਦੀ ਪ੍ਰਾਪਤ ਕਰਨ ਲਈ ਜੇਲਾਂ ਵਿੱਚ ਕੱਟੇ।ਬਾਬਾ ਸੋਹਨ ਸਿੰਘ ਭਕਨਾ 1930 ਵਿੱਚ ਰਿਹਾ ਹੋ ਕੇ ਆਪਣੇ ਜੱਦੀ ਪਿੰਡ ਪਹੁੰਚੇ।ਪਿੰਡ ਪਹੁੰਚ ਕੇ ਉਹਨਾਂ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਕਿਸਾਨਾਂ ਤੇ ਮਜ਼ਦੂਰਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ। ਜੋ ਇਹਨਾਂ ਮਹਾਨ ਗਦਰੀਆਂ ਨੇ ਅਜ਼ਾਦੀ ਦਾ ਸੁਪਨਾ ਲਿਆ ਸੀ, ਉਹ ਪੂਰਾ ਹੋਇਆ ਤੇ 15 ਅਗਸਤ 1947 ਨੂੰ ਦੇਸ਼ ਅਜ਼ਾਦ ਹੋ ਗਿਆ, ਪਰ ਅੰਗਰੇਜ਼ ਹਕੂਮਤ ਨੇ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਹਿੰਦੋਸਤਾਨ ਦੀ ਧਰਤੀ ਤੇ ਕਦੇ ਨਾ ਮਟਾਈ ਜਾ ਸਕਣ ਵਾਲੀ ਇੱਕ ਲਕੀਰ ਖਿੱਚ ਦਿੱਤੀ ਜੋ ਸ਼ਾਇਦ ਕਦੇ ਨਾ ਮਿਟਾਈ ਜਾ ਸਕੇ। ਅੰਤ ਬਾਬਾ ਸੋਹਨ ਸਿੰਘ ਭਕਨਾ 21 ਦਸੰਬਰ 1968 ਨੂੰ ਅਕਾਲ ਚਲਾਣਾ ਕਰ ਗਏ।