ਸੰਗਰੂਰ, 12 ਦਸੰਬਰ (ਭਗਵੰਤ ਸਿੰਘ ਚੰਦੜ੍ਹ, ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ): ਪੰਜਾਬ ਦੀਆਂ ਕੇਂਦਰੀ ਜੇਲ੍ਹਾਂ ਅੰਦਰ ਪੂਰੇ ਸ਼ਰੀਰ ਦੀ ਸਕਰੀਨਿੰਗ ਕਰਨ ਵਾਲੇ ਅਤਿ-ਆਧੁਨਿਕ ਤਕਨੀਕ ਦੇ ਸਕੈਨਰ ਲਗਾਉਣ ਲਈ ਉਪਰਾਲੇ ਜਾਰੀ ਹਨ ਤਾਂ ਕਿ ਜੇਲ੍ਹਾਂ ਅੰਦਰ ਆਉਣ ਵਾਲੇ ਹਰੇਕ ਵਿਅਕਤੀ ਦੀ ਹੋਰ ਵਧੀਆ ਢੰਗ ਨਾਲ ਜਾਂਚ ਕੀਤੀ ਜਾ ਸਕੇ। ਇਹ ਜਾਣਕਾਰੀ ਅੱਜ ਸੰਗਰੂਰ ਜੇਲ੍ਹ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਏ.ਡੀ.ਜੀ.ਪੀ. (ਜੇਲ੍ਹਾਂ) ਸ਼੍ਰੀ ਰੋਹਿਤ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਸਕੈਨਰ ਦੀ ਕੀਮਤ ਲਗਭਗ 1 ਕਰੋੜ ਰੁਪਏ ਹੈ ਅਤੇ ਪੰਜਾਬ ਦੀਆਂ 12 ਜੇਲ੍ਹਾਂ ਲਈ ਅਜਿਹੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਅੰਦਰ ਲੱਗੇ 3ਜੀ ਜੈਮਰ ਸਿਸਟਮ ਅੰਦਰ ਵਾਧਾ ਕਰਕੇ ਜਲਦੀ ਹੀ 4ਜੀ ਜੈਮਰ ਸਿਸਟਮ ਲਗਾ ਦਿੱਤੇ ਜਾਣਗੇ, ਜਿਸਦੇ ਲਈ ਪਟਿਆਲਾ ਜੇਲ੍ਹ ਵਿਖੇ ਅਗਲੇ ਹਫ਼ਤੇ ਟਰਾਇਲ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੈਨਰਾਂ ਸਬੰਧੀ ਜੇਲ੍ਹ ਮੰਤਰੀ ਵੱਲੋਂ ਛੇਤੀ ਹੀ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ। ਸ਼੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਅੰਦਰ ਵਧੀਆ ਢੰਗ ਨਾਲ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਣਦੀਆਂ ਤਰੱਕੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਜੇਲ੍ਹ ਅੰਦਰ ਕੈਦੀਆਂ, ਹਵਾਲਾਤੀਆਂ ਨਾਲ ਮੁਲਾਕਾਤ ਕਰਨ ਆਏ ਵਿਅਕਤੀ ਦੀ ਗੇਟ ’ਤੇ ਹੀ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਜੇਲ੍ਹ ਅੰਦਰ ਕਿਸੇ ਕਿਸਮ ਦਾ ਨਸ਼ਾ ਜਾਂ ਮੋਬਾਇਲ ਅੰਦਰ ਦਾਖਲ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਕੈਦੀਆਂ ਦੀ ਸਮਰੱਥਾ ਅਨੁਸਾਰ ਥਾਂ ਮੌਜੂਦ ਹੈ, ਜੇਕਰ ਕਿਸੇ ਜੇਲ੍ਹ ਅੰਦਰ ਕੈਦੀਆਂ ਦੀ ਗਿਣਤੀ ਅੰਦਰ ਵਾਧਾ ਹੋਵੇਗਾ ਤਾਂ ਅਜਿਹੇ ਕੈਦੀਆਂ ਨੂੰ ਦੂਜੀਆ ਜੇਲ੍ਹਾਂ ਅੰਦਰ ਤਬਦੀਲ ਕਰ ਦਿੱਤਾ ਜਾਵੇਗਾ। ਸ਼੍ਰੀ ਚੌਧਰੀ ਨੇ ਦੱਸਿਆ ਕਿ ਜੇਲ੍ਹਾਂ ਅੰਦਰ ਜਿਹੜੇ ਗੈਂਗਸਟਰ ਜੇਲ੍ਹ ਪ੍ਰਸ਼ਾਸ਼ਨ ਨੂੰ ਇਹ ਭਰੋਸਾ ਦਿਵਾਉਣ ਵਿਚ ਸਫ਼ਲ ਸਾਬਤ ਹੋਣਗੇ ਕਿ ਉਹ ਅਨੁਸ਼ਾਸਨ ਰੱਖਣ ਅਤੇ ਆਪਣੀ ਜਿੰਦਗੀ ਅੰਦਰ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਅਜਿਹੇ ਗੈਂਗਸਟਰਾਂ ਲਈ ਜਲਦ ਹੀ ਅਲੱਗ ਤੋਂ ਬੈਰਕ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਅਜਿਹੇ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਦੇ ਯੋਗ ਬਣਾਉਣ ਲਈ ਪੜ੍ਹਾਈ, ਯੋਗਾ, ਮੈਡੀਟੇਸ਼ਨ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ। ਇਸ ਤੋਂ ਪਹਿਲਾ ਸ਼੍ਰੀ ਰੋਹਿਤ ਚੌਧਰੀ ਨੇ ਜੇਲ੍ਹ ਅੰਦਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਬੈਰਕਾਂ ਅੰਦਰ ਪਹੁੰਚ ਕਰਕੇ ਕੈਦੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜੇਲ੍ਹ ਪ੍ਰਬੰਧਾਂ ਦੀ ਸੁਰੱਖਿਆ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਭਵਿੱਖ ਅੰਦਰ ਜੇਲ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਲਗਾਤਾਰ ਜਾਂਚ ਲਈ ਜਾਇਜ਼ਾ ਲੈਂਦੇ ਰਹਿਣਗੇ। ਉਨ੍ਹਾਂ ਮਹਿਲਾ ਬੈਰਕ ਦਾ ਜਾਇਜ਼ਾ ਲੈਣ ਵੇਲੇ ਮਹਿਲਾ ਕੈਦੀਆਂ ਦੇ ਬੱਚਿਆਂ ਲਈ ਬੂਟ ਵੀ ਮੁਹੱਈਆ ਕਰਵਾਏ। ਇਸ ਉਪਰੰਤ ਏ.ਡੀ.ਜੀ.ਪੀ ਵੱਲੋਂ ਜ਼ਿਲ੍ਹਾ ਜੇਲ੍ਹ ਸੰਗਰੂਰ ਦੇ 5 ਪਦਉਨਤ ਕੀਤੇ ਗਏ ਮੁਲਾਜਮਾਂ ਨੂੰ ਤਰੱਕੀ ਦੇ ਬੈਜ ਲਗਾਏ। ਇਨ੍ਹਾਂ ਮੁਲਾਜ਼ਮਾਂ ਵਿੱਚੋਂ ਤਿੰਨ ਹੌਲਦਾਰਾਂ ਤੋਂ ਸਹਾਇਕ ਸੁਪਰਡੈਂਟ ਅਤੇ ਦੋ ਕਾਂਸਟੇਬਲ ਤੋਂ ਹੈਡ ਕਾਂਸਟੇਬਲ ਵੱਜੋਂ ਪਦਉਨਤ ਕੀਤੇ ਗਏ। ਇਸ ਮੌਕੇ ਸ਼੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿਚ ਤਾਇਨਾਤ 300 ਦੇ ਕਰੀਬ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਡੀ.ਐਸ.ਪੀ. ਸੱਤਪਾਲ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।