ਪਾਕਿਸਤਾਨ ਤੋਂ ਲਿਆਂਦਾ ਤਿੱਤਰ ਕੀਤਾ ਭੇਂਟ
ਚੰਡੀਗੜ੍ਹ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਤੋਂ ਬਾਅਦ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸਿਧੂ ਨੇ ਆਖਿਆ ਕਿ ਉਨ੍ਹਾਂ ਨੂੰ ਪਤਾ ਲਗਾ ਸੀ ਕਿ ਕੈਪਟਨ ਸਾਹਬ ਦੀ ਸਿਹਤ ਠੀਕ ਨਹੀਂ ਹੈ। ਹੁਣ ਤਕ ਉਹ ਚੋਣ ਰੈਲੀਆਂ ਵਿਚ ਰੁਝੇ ਹੋਏ ਸਨ ਤੇ ਚੋਣਾਂ ਤੋਂ ਬਾਅਦ ਉਹ ਪੰਜਾਬ ਪਰਤੇ ਹਨ। ਅਜ ਮੁਖ ਮੰਤਰੀ ਦਾ ਹਾਲ ਚਾਲ ਪੁਛਣ ਆਏ ਹਨ। ਇਸ ਤੋਂ ਇਲਾਵਾ ਉਹ ਪਾਕਿਸਤਾਨ ਤੋਂ ਤਿਤਰ ਲੈ ਕੇ ਆਏ ਸਨ, ਉਹ ਵੀ ਕੈਪਟਨ ਨੂੰ ਦਿਤਾ ਹੈ। ਇਹ ਤਿਤਰ ਉਨ੍ਹਾਂ ਨੂੰ ਭੇਂਟ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਮੁਖ ਮੰਤਰੀ ਨੂੰ ਇਹ ਤਿਤਰ ਭੇਂਟ ਕਰਨ ਦੀ ਸੋਚੀ। ਜਦੋਂ ਉਨ੍ਹਾਂ ਨੂੰ ਮੁਲਾਕਾਤ ਦੌਰਾਨ ਹੋਈ ਗਲਬਾਤ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਉਹ ਇਸ ਬਾਰੇ ਬਾਹਲਾ ਕੁਝ ਨਹੀਂ ਦਸ ਸਕਦੇ। ਕਿਉਂਕਿ ਤੁਸੀਂ ਮੀਡੀਆ ਵਾਲੇ ਕੀ ਦਾ ਕੀ ਬਣਾ ਦਿੰਦੇ ਹੋ। ਉਨ੍ਹਾਂ ਕਿਹਾ ਕਿ ਐਵੇਂ ਰਾਈ ਦਾ ਪਹਾੜ ਬਣ ਗਿਆ। ਗਲ ਕੋਈ ਵੀ ਨਹੀਂ ਸੀ। ਹੁਣ ਬਾਕੀ ਤੁਸੀਂ ਕੈਪਟਨ ਸਾਹਬ ਤੋਂ ਪੁਛ ਲਵੋ। ਹੁਣ ਸਭ ਠੀਕ ਹੈ। ਕਰਤਾਰਪੁਰ ਲਾਂਘੇ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਗਲਤ ਬਿਆਨਬਾਜ਼ੀ ਕਿਸੇ ਪਖੋਂ ਵੀ ਜਾਇਜ਼ ਨਹੀਂ ਹੈ। ਇਹ ਲਾਂਘਾ ਨਹੀਂ ਖੁਲ੍ਹਿਆ, ਸਗੋਂ ਕਿਸਾਨਾਂ ਦੀ ਕਿਸਮਤ ਖੁਲੀ ਹੈ, ਲੋਕਾਂ ਦੀ ਕਿਸਮਤ ਖੁਲੀ ਹੈ। ਦੋਵਾਂ ਪਾਸਿਉਂ ਭਾਈਚਾਰਕ ਸਾਂਝ ਦਾ ਸੁਨੇਹਾ ਆਇਆ ਹੈ। ਹੁਣ ਇਸ ਬਾਰੇ ਸਭ ਚੰਗਾ ਸੋਚੋ। ਸਭ ਚੰਗਾ ਹੀ ਹੋਵੇਗਾ। ਇਹ ਗੁਰੂ ਨਾਨਕ ਦੀ ਮਿਹਰ ਹੈ। ਉਹ ਤਾਂ ਬਸ ਜਰਿਆ ਹੀ ਬਣੇ ਹਨ।