June 22, 2026 12:31 pm

ਭਾਜਪਾ ਸਮਾਜ ’ਚ ਵੰਡੀਆਂ ਪਾ ਰਹੀ ਹੈ : ਮਨਮੋਹਨ ਸਿੰਘ

ਗੁਹਾਟੀ 29 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਅਸਾਮ ਵਿੱਚ ਚੋਣ ਮੁਹਿੰਮ ਸ਼ੁਰੂ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਸਮਾਜ ਨੂੰ ਵੰਡ ਰਹੀ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਵਲ ਕਾਂਗਰਸ ਹੀ ਪ੍ਰਗਤੀਸ਼ੀਲ ਸਰਕਾਰ ਦੇ ਸਕਦੀ ਹੈ। ਦਿਬਰੂਗੜ੍ਹ ਬਾਰਡਰ ’ਤੇ ਜੌਰਹਟ ਲੋਕ ਸਭਾ ਹਲਕੇ ਵਿੱਚ ਖੂਮਤਾਈ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ ਜਿਸ ਦੀ ਕੋਈ ਨੀਤੀ ਨਹੀਂ ਹੈ। ਭਾਜਪਾ ਦੇ ਧਿਆਨ ਦਾ ਕੇਂਦਰ ਬਿੰਦੂ ਕੇਵਲ ਇੱਕ ਵਿਅਕਤੀ ਹੈ ਜਦ ਕਿ ਵਿਰੋਧੀ ਧਿਰ ਵਜੋਂ ਉਸ ਨੇ ਹਮੇਸ਼ਾ ਵਿਨਾਸ਼ਕਾਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਸਵਾਲ ਕੀਤਾ ਕਿ ਇਕ ਅਜਿਹੀ ਪਾਰਟੀ ਜੋ ਸਮਾਜ ਨੂੰ ਵੰਡਦੀ ਹੈ, ਕਿਸ ਤਰ੍ਹਾਂ ਚੰਗੀ ਸਰਕਾਰ ਦੇ ਸਕਦੀ ਹੈ?